ਸਰਕਾਰ ਬਾਕੀ ਕੰਮ ਛੱਡ ਕੇ ਜਲਦੀ ਤੋਂ ਜਲਦੀ ਕਣਕ ਦੀ ਖਰੀਦ ਦਾ ਪ੍ਰਬੰਧ ਕਰੇ: ਚੰਦੂਮਾਜਰਾ

Punjab News: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਹਲਕਾ ਸਨੌਰ ਦੇ ਇੰਚਾਰਜ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਅੱਜ ਹਲਕਾ ਸਨੌਰ ਦੀਆਂ ਮੰਡੀਆਂ ਵਿਚ ਕਣਕ ਦੀ ਖਰੀਦ ਦਾ ਜਾਇਜ਼ਾ ਲਿਆ

By  Amritpal Singh April 10th 2023 08:24 PM

Punjab News: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਹਲਕਾ ਸਨੌਰ ਦੇ ਇੰਚਾਰਜ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਅੱਜ ਹਲਕਾ ਸਨੌਰ ਦੀਆਂ ਮੰਡੀਆਂ ਵਿਚ ਕਣਕ ਦੀ ਖਰੀਦ ਦਾ ਜਾਇਜ਼ਾ ਲਿਆ ਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਇਥੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਕਣਕ ਦੀ ਖਰੀਦ ਸ਼ੁਰੂ ਕਰਨ ਦੀ 1 ਅਪ੍ਰੈਲ ਮਿਤੀ ਨਿਰਧਾਰਤ ਕੀਤੀ ਗਈ ਸੀ ਅਤੇ ਅੱਜ 10 ਅਪ੍ਰੈਲ ਹੋਣ ਦੇ ਬਾਵਜੂਦ ਖਰੀਦ ਸ਼ੁਰੂ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਪਹਿਲਾਂ ਮੀਂਹ ਨਾਲ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਤੇ ਹੁਣ ਮੰਡੀਆਂ ਵਿਚ ਰੁਲਣ ਲਈ ਮਜ਼ਬੂਰ ਹਨ, ਜਿਸ ਕਾਰਨ ਅੱਜ ਕਿਸਾਨਾਂ ਨੂੰ ਮਾਨਸਿਕ ਪ੍ਰੇਸ਼ਾਨੀ ’ਚੋਂ ਲੰਘਣਾ ਪੈ ਰਿਹਾ ਹੈ ਕਿਉਕਿ ਸਰਕਾਰ ਨੇ ਭਰੋਸਾ ਦੇਣ ਦੇ ਬਾਵਜੂਦ ਵੀ ਅਜੇ ਤੱਕ ਗਿਰਦਾਵਰੀਆਂ ਨਹੀਂ ਕਰਵਾਈਆਂ ਤੇ ਕਿਸਾਨਾਂ ਨੇ ਆਪਣੀਆਂ ਫਸਲਾਂ ਵੱਢ ਵੀ ਲਈਆਂ ਹਨ। ਅਜਿਹੇ ’ਚ ਕਿਸ ਤਰ੍ਹਾਂ ਸਰਕਾਰ ਮੁਆਵਜ਼ਾ ਦੇਣ ਦੇ ਦਾਅਵੇ ਕਰ ਰਹੀ ਹੈ। ਸਾਬਕਾ ਵਿਧਾਇਕ ਨੇ ਦੱਸਿਆ ਕਿ ਉਨ੍ਹਾਂ ਵਲੋਂ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਦੇਵੀਗੜ੍ਹ ਮੰਡੀ ਦਾ ਦੌਰਾ ਕੀਤਾ ਗਿਆ ਸੀ ਅਤੇ ਸਰਕਾਰੀ ਅਧਿਕਾਰੀ ਨਾਲ ਗੱਲਬਾਤ ਵੀ ਕੀਤੀ ਗਈ ਉਸ ਨਾਲ ਘੱਟੋ-ਘੱਟ ਇਹ ਲਾਭ ਜ਼ਰੂਰ ਹੋਇਆ ਕਿ ਭਾਵੇਂ ਖਰੀਦ ਸ਼ੁਰੂ ਨਹੀਂ ਹੋ ਸਕੀ ਪਰ ਬਾਰਦਾਨਾ ਪਹੁੰਚਣਾ ਸ਼ੁਰੂ ਹੋ ਗਿਆ। ਸਾਬਕਾ ਵਿਧਾਇਕ ਨੇ ਇਸ ਗੱਲ ’ਤੇ ਵੀ ਹੈਰਾਨੀ ਪ੍ਰਗਟ ਕੀਤੀ ਕਿ ਕਈ ਖਰੀਦ ਏਜੰਸੀਆਂ ਨੇ ਤਾਂ ਆਪਣੇ ਸਟਾਫ਼ ਨੂੰ ਮੰਡੀਆਂ ਤੱਕ ਅਲਾਟ ਹੀ ਨਹੀਂ ਕੀਤੀਆਂ ਤਾਂ ਖਰੀਦ ਕਿਸ ਤਰ੍ਹਾਂ ਸ਼ੁਰੂ ਹੋ ਸਕਦੀ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਨੂੰ ਖਰੀਦਣ ਵਿਚ ਗੰਭੀਰਤਾ ਨਾਲ ਕੰਮ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਥੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਵਿਦੇਸ਼ਾਂ ਵਿਚ ਘੁੰਮ ਰਹੇ ਹਨ ਨਾ ਤਾਂ ਇਹ ਸਮਾਂ ਵਿਦੇਸ਼ਾਂ ਵਿਚ ਘੁੰਮਣ ਦਾ ਹੈ ਕਿਉਕਿ ਕਿਸਾਨਾਂ ਦੀਆਂ ਪਿਛਲੀਆਂ ਤਿੰਨ ਫਸਲਾਂ ਲਗਾਤਾਰ ਨੁਕਸਾਨੀਆਂ ਜਾ ਚੁੱਕੀਆਂ ਹਨ ਤੇ ਸਰਕਾਰ ਹੁਣ ਵੀ ਇਸਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਸਾਬਕਾ ਵਿਧਾਇਕ ਕਣਕ ਦੀ ਗਿਰਦਾਵਰੀ ਦਾ ਤਰੀਕਾ ਬਦਲਣ ਦਾ ਵੀ ਸੁਝਾਓ ਦਿੰਦਿਆਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੀ ਫਸਲ ਜਦੋਂ ਸਭ ਤੋਂ ਵਧ ਝਾੜ ਹੋਇਆ ਹੋਵੇ ਨੂੰ ਇਕਾਈ ਮੰਨ ਕੇ ਹੁਣ ਜਿਹੜਾ ਝਾੜ ਘਟਿਆ ਹੈ ਦੇ ਫਰਕ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਕਿਸਾਨ ਮੁਆਵਜ਼ੇ ਤੋਂ ਵਾਂਝੇ ਨਾ ਰਹਿਣ ਜਾਣ। 

Related Post