ਮਾਲੇਰਕੋਟਲਾ ਜਿਲ੍ਹੇ ਦੇ ਟੈਂਪੂ ਡਰਾਇਵਰ ਦੀ ਧੀ ਗੁਲਫਾਮ ਬਣੀ ਜੱਜ, ਪਰਿਵਾਰ ਚ ਖੁਸ਼ੀ ਦਾ ਮਾਹੌਲ

By  Shameela Khan October 13th 2023 06:33 PM -- Updated: October 13th 2023 07:32 PM

ਮਾਲੇਰਕੋਟਲਾ : ਹੌਸਲੇ ਬੁਲੰਦ ਹੋਣ ਤਾਂ ਦੁਨੀਆਂ 'ਚ ਹਰ ਚੀਜ਼ ਹਾਸਲ ਹੋ ਜਾਂਦੀ ਹੈ। ਅਜਿਹਾ ਹੀ ਕੁੱਝ ਮਾਲੇਰਕੋਟਲਾ ਵਿਖੇ ਪੰਜਾਬ ਵਕਫ ਬੋਰਡ ਦੇ ਪ੍ਰਬੰਧਾਂ ਅਧੀਨ ਚੱਲਣ ਵਾਲੇ ਇਸਲਾਮੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ 'ਚ ਪੜ੍ਹੀ ਘੱਟ ਗਿਣਤੀ ਮੁਸਲਿਮ ਭਾਈਚਾਰੇ ਨਾਲ ਸਬੰਧਤ ਟੈਂਪੂ ਡਰਾਈਵਰ ਦੀ ਧੀ ਗੁਲਫਾਮ ਨੇ ਕਰ ਦਿਖਾਇਆ ਹੈ। ਉਸ ਨੇ ਪੰਜਾਬ ਸਿਵਲ ਸਰਵਿਸਿਜ ਜੁਡੀਸ਼ੀਅਲ ਪੇਪਰ (ਪੀ.ਸੀ.ਐਸ) 2022-23 'ਚ ਜੱਜ ਬਣਨ 'ਚ ਸਫ਼ਲਤਾ ਹਾਸਲ ਕੀਤੀ ਹੈ।

ਜਿਸ ਤੋਂ ਬਾਅਦ ਪਰਿਵਾਰ 'ਚ ਖ਼ੁਸ਼ੀ ਦਾ ਮਾਹੌਲ ਹੈ ਤੇ ਇਲਾਕਾ ਨਿਵਾਸੀਆਂ ਵੱਲੋਂ ਵਧਾਈਆਂ ਦੇਣ ਦਾ ਉਸਦੇ ਘਰ ਤਾਂਤਾ ਲੱਗਿਆ ਹੋਇਆ ਹੈ। ਵਰਣਨਯੋਗ ਹੈ ਕਿ 1947 ਤੋਂ ਬਾਅਦ ਜਿਲ੍ਹਾ ਮਾਲੇਰਕੋਟਲਾ ਦੀ ਜੰਮਪਲ ਗੁਲਫਾਮ ਪਹਿਲੀ ਮੁਸਲਿਮ ਲੜਕੀ ਹੈ, ਜਿਸ ਨੇ ਬਤੌਰ ਜੱਜ ਬਣ ਕੇ ਜਿਲ੍ਹੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।

ਜਾਣਕਾਰੀ ਅਨੁਸਾਰ ਮਾਲੇਰਕੋਟਲਾ ਦੇ ਮੁਹੱਲਾ ਬਾਰਾਂਦਰੀ ਦੀ ਨਿਵਾਸੀ ਗੁਲਫਾਮ ਪੁੱਤਰੀ ਤਾਲਿਬ ਹੁਸੈਨ ਵੱਲੋਂ 2022-23 ਸਾਲ 'ਚ ਪੀ.ਸੀ.ਐਸ.ਜ਼ੁਡੀਸ਼ੀਅਲ ਦੀ ਤਿਆਰੀ ਕਰਦੇ ਹੋਏ ਤਿੰਨ ਇਮਤਿਹਾਨ ਦਿੱਤੇ ਗਏ ਸਨ, ਜਿਸ ਦੌਰਾਨ ਗੁਲਫਾਮ ਵੱਲੋਂ ਸੂਬੇ ਭਰ ਵਿਚੋਂ ਅਪਣੀ ਕੈਟਾਗਿਰੀ ਈ.ਡਬਲਯੂ.ਐਸ 'ਚ 05ਵਾਂ ਸਥਾਨ ਹਾਸਲ ਕੀਤਾ ਗਿਆ ਹੈ। ਇਸ ਦੌਰਾਨ 08 ਅਕਤੂਬਰ ਨੂੰ ਲਈ ਗਈ ਇੰਟਰਵਿਊ ਤੋਂ ਬਾਅਦ ਗੁਲਫਾਮ ਨੂੰ ਜੱਜ ਚੁਣ ਲਿਆ ਗਿਆ ਹੈ।

ਇਸ ਮੌਕੇ ਗੁਲਫਾਮ ਨੇ  ਗੱਲਬਾਤ ਕਰਦਿਆਂ ਕਿਹਾ ਕਿ ਇਨਸਾਨ ਨੂੰ ਕਦੇ ਹਿੰਮਤ ਨਹੀਂ ਹਾਰਨੀ ਚਾਹੀਦੀ ਅਤੇ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੋ ਇਨਸਾਨ ਸਖ਼ਤ ਮਿਹਨਤ ਕਰਦੇ ਹਨ, ਆਖਿਰ ਉਨ੍ਹਾਂ ਨੂੰ ਅਸਲ ਮੰਜ਼ਿਲ ਪ੍ਰਾਪਤ ਹੋ ਹੀ ਜਾਂਦੀ ਹੈ। ਇਸ ਮੌਕੇ ਗੁਲਫਾਮ ਨੇ ਕਿਹਾ ਕਿ ਉਸ ਦੀ ਕਾਮਯਾਬੀ ਦੇ ਪਿੱਛੇ ਸਭ ਤੋਂ ਵੱਡਾ ਹੱਥ ਰੱਬ (ਅੱਲ੍ਹਾ ਤਾਅਲਾ) ਅਤੇ ਉਸ ਤੋਂ ਬਾਅਦ ਮਾਪਿਆਂ ਦਾ ਹੈ, ਪਿਤਾ ਤਾਲਿਬ ਹੁਸੈਨ ਨੇ ਟੈਂਪੂ ਡਰਾਇਵਰੀ ਕਰਕੇ ਉਸ ਦੀ ਪੜ੍ਹਾਈ ਨੂੰ ਸਫ਼ਲ ਬਣਾਉਣ ਲਈ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ।

ਗੁਲਫਾਮ ਨੇ ਦੱਸਿਆ ਕਿ ਸੂਬੇ ਵਿੱਚ ਉਸ ਨੂੰ ਕਿਹੜੀ ਜਗ੍ਹਾ ਉੱਪਰ ਤਾਇਨਾਤ ਕੀਤਾ ਜਾਂਦਾ ਹੈ, ਉਸ ਦੇ ਹੁਕਮ ਆਉਣੇ ਬਾਕੀ ਹਨ। ਗੁਲਫਾਮ ਨੇ ਦੱਸਿਆ ਮਿਹਨਤ ਕਰਨ ਉਪਰੰਤ ਹਾਸਿਲ ਕੀਤੀ ਗਈ ਇਸ ਅਹੁਦੇ ਦੀ ਉਹ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਵਰਤੋਂ ਕਰਦੇ ਹੋਏ ਲੋਕਾਂ ਨੂੰ ਸਹੀ ਇਨਸਾਫ਼ ਦਵਾਇਆ ਜਾਵੇਗਾ। ਗੁਲਫਾਮ ਨੇ ਕਿਹਾ ਕਿ ਸ਼ਾਇਦ ਮੇਰੇ ਮਾਤਾ-ਪਿਤਾ ਦੇ ਇਸ ਜਨੂੰਨ ਨੇ ਮੈਨੂੰ ਬਚਪਨ ਤੋਂ ਹੀ ਆਪਣੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਪ੍ਰੇਰਿਤ ਕੀਤਾ। ਹੁਣ ਉਹ ਆਪਣੇ ਸੁਪਨੇ ਨੂੰ ਸਾਕਾਰ ਕਰਨ ਤੋਂ ਬਾਅਦ ਬਹੁਤ ਖੁਸ਼ ਮਹਿਸੂਸ ਕਰ ਰਹੀ ਹੈ ਜਿਸ ਨੂੰ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ। ਇਸ ਮੌਕੇ ਪਰਿਵਾਰ ਵੱਲੋਂ ਗੁਲਫਾਮ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਭੰਗੜਾ ਪਾਇਆ।

ਗੁਲਫਾਮ ਨੇ ਦੱਸਿਆ ਕਿ ਉਸਨੇ 12ਵੀਂ ਜਮਾਤ ਤੱਕ ਦੀ ਪੜ੍ਹਾਈ ਇਸਲਾਮੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਹਾਸਿਲ ਕੀਤੀ ਤੇ ਗ੍ਰੈਜੂਏਸ਼ਨ ਦੀ ਪੜ੍ਹਾਈ ਇਸਲਾਮੀਆ ਗਰਲਜ਼ ਕਾਲਜ ਚੋਂ ਕੀਤੀ, ਜਦਕਿ ਉਸਨੇ ਐਲ.ਐਲ.ਬੀ ਦੀ ਡਿਗਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਮਾਲੇਰਕੋਟਲਾ ਵਿਖੇ ਇੱਕ ਸਾਲ ਪ੍ਰੈਕਟਿਸ ਕੀਤੀ। ਹੁਣ ਪਿਛਲੇ ਕੁੱਝ ਸਾਲਾਂ ਤੋਂ ਪੀਸੀਐਸ ਜੁਡੀਸ਼ੀਅਲੀ ਦੀ ਤਿਆਰੀ ਕਰ ਰਹੀ ਸੀ।

ਗੁਲਫਾਮ ਦੇ ਚਾਚਾ ਦਾ ਗੁਲਾਬ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਭਤੀਜੀ ਗੁਲਫਾਮ ਮਾਲੇਰਕੋਟਲਾ ਸ਼ਹਿਰ ਦੇ ਇੱਕ ਸਧਾਰਨ ਪਰਿਵਾਰ ਵਿੱਚੋਂ ਉੱਠ ਕੇ ਆਪਣੀ ਮਿਹਨਤ ਸਦਕਾ ਜੱਜ ਵਰਗੇ ਵਕਾਰੀ ਅਹੁੱਦੇ 'ਤੇ ਪੁੱਜਣ 'ਚ ਸਫਲ ਹੋਈ ਹੈ। ਉਨਾਂ ਆਖਿਆ ਕਿ ਉਨਾਂ ਨੂੰ ਪੂਰਨ ਆਸ ਹੈ ਕਿ ਉਨਾਂ ਦੀ ਭਤੀਜੀ ਆਮ ਲੋਕਾਂ ਨੂੰ ਨਿਆਂ ਪ੍ਰਦਾਨ ਕਰੇਗੀ।

Related Post