ਲਤੀਫਪੁਰਾ ਮੁੜ ਵਸੇਬਾ ਮੋਰਚੇ ਦੇ ਸੱਦੇ 'ਤੇ ਹਾਈਵੇ ਤੇ ਰੇਲਵੇ ਟਰੈਕ ਜਾਮ, ਕੈਬਨਿਟ ਮੰਤਰੀ ਬੈਂਸ ਜਾਮ 'ਚ ਫਸੇ

By  Ravinder Singh January 16th 2023 12:01 PM -- Updated: January 16th 2023 02:07 PM

ਜਲੰਧਰ : ਲਤੀਫਪੁਰਾ ਮੁੜ ਵਸੇਬਾ ਮੋਰਚੇ ਦੇ ਸੱਦੇ ’ਤੇ ਅੱਜ ਵੱਖ-ਵੱਖ ਜਥੇਬੰਦੀਆਂ ਨੇ ਦਿੱਲੀ-ਜੰਮੂ ਹਾਈਵੇ ਉਤੇ ਧਰਨਾ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ਼ ਭੜਾਸ ਕੱਢੀ। ਲਤੀਫਪੁਰਾ ਮੁੜ ਵਸੇਬਾ ਮੋਰਚੇ ਨੇ 11.30 ਵਜੇ ਤੋਂ 3.30 ਵਜੇ ਤੱਕ ਹਾਈਵੇ ਅਤੇ ਰੇਲਵੇ ਟਰੈਕ ਬੰਦ ਕਰਨ ਦਾ ਐਲਾਨ ਕੀਤਾ ਹੋਇਆ ਹੈ। 


ਸਿਰਾਂ 'ਤੇ ਦੀ ਛੱਤ ਲਈ ਲੜਾਈ ਲੜ ਰਹੇ ਲਤੀਫਪੁਰਾ ਮੁੜ ਵਸੇਬਾ ਮੋਰਚਾ ਜਲੰਧਰ ਵਲੋਂ 32 ਕਿਸਾਨ ਜੱਥੇਬੰਦੀਆਂ (ਸੰਯੁਕਤ ਮੋਰਚਾ) ਦੇ ਸਹਿਯੋਗ ਨਾਲ ਜਲੰਧਰ ਨੈਸ਼ਨਲ ਹਾਈਵੇਅ ਧੰਨੋਵਾਲੀ ਵਿਖੇ ਧਰਨਾ ਲਗਾਇਆ ਗਿਆ ਹੈ। ਇਸ ਧਰਨੇ ਵਿਚ ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਦੁਆਬਾ ਕਿਸਾਨ ਸੰਘਰਸ਼ ਕਮੇਟੀ, ਪੰਜਾਬ ਕਿਸਾਨ ਯੂਨੀਅਨ ਬਾਗੀ, ਕਿਸਾਨ ਯੂਨੀਅਨ ਅੰਮ੍ਰਿਤਸਰ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਕੁੱਲ ਹੈੱਡ ਪੰਜਾਬ ਸਭਾ ਵਲੋਂ ਆਪਣੀ ਲਈ ਲੜਾਈ ਲੜ ਰਹੇ ਲਤੀਫਪੁਰਾ ਵਾਸੀਆਂ ਦੀ ਹਮਾਇਤ ਦਿੰਦੇ ਹੋਏ ਵੱਡੀ ਗਿਣਤੀ 'ਚ ਸਮਰਥਕਾਂ ਸਮੇਤ ਧਰਨੇ ਵਿੱਚ ਸ਼ਮੂਲੀਅਤ ਕੀਤੀ ਗਈ।


ਪੁਲਿਸ ਨੇ ਟ੍ਰੈਫਿਕ ਦੇ ਬਦਲਵੇਂ ਪ੍ਰਬੰਧ ਕੀਤੇ ਹੋਏ ਸਨ ਪਰ ਟ੍ਰੈਫਿਕ ਜ਼ਿਆਦਾ ਹੋਣ ਕਾਰਨ ਜਾਮ ਵਧਦਾ ਹੀ ਜਾ ਰਿਹਾ ਹੈ। ਮੋਰਚੇ ਵੱਲੋਂ ਸਲਿਪਰ ਰੋਡ ਵੀ ਬੰਦ ਕਰਕੇ ਟ੍ਰੈਫਿਕ ਬਿਲਕੁਲ ਬੰਦ ਕਰ ਦਿੱਤੀ ਹੈ। ਆਵਾਜਾਈ ਬਿਲਕੁਲ ਠੱਪ ਹੋਣ ਕਾਰਨ ਲੋਕ ਪਰੇਸ਼ਾਨੀ ਦੇ ਆਲਮ ਵਿਚ ਨਜ਼ਰ ਆਏ।


ਇਸ ਮੌਕੇ ਵੱਡੀ ਗਿਣਤੀ ਵਿਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਵਰਕਰ ਪੁੱਜੇ ਜਿਨ੍ਹਾਂ ਨੇ ਲਤੀਫਪੁਰਾ ਦੇ ਲੋਕਾਂ ਨੂੰ ਉਜਾੜੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਉਨ੍ਹਾਂ ਦੇ ਘਰ ਉਸੇ ਥਾਂ ਉਤੇ ਮੁੜ ਬਣਾਉਣ ਤੇ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ। ਦੂਜੇ ਪਾਸੇ ਮੋਰਚੇ ਵੱਲੋਂ ਰੇਲਵੇ ਪਟੜੀਆਂ ਉਤੇ ਧਰਨਾ ਲਗਾਉਣਾ ਕਾਰਨ ਰੇਲ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ।

ਇਹ ਵੀ ਪੜ੍ਹੋ : ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਡੀਸੀ ਦਫ਼ਤਰਾਂ ਤੇ ਟੋਲ ਪਲਾਜ਼ਿਆਂ ਤੋਂ ਧਰਨੇ ਸਮਾਪਤ

ਇਸ ਮੌਕੇ ਮੁਜ਼ਾਹਰੇ 'ਚ ਵੱਡੀ ਗਿਣਤੀ ਕਿਸਾਨ, ਮਜ਼ਦੂਰ ਤੇ ਹੋਰ ਇਨਸਾਫ਼ ਪਸੰਦ ਲੋਕਾਂ ਨੇ ਸ਼ਮੂਲੀਅਤ ਕਰ ਕੇ ਪੀੜਤ ਲੋਕਾਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਿਆ ਅਤੇ ਸੂਬਾ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਪੀੜਤਾਂ ਵਿਚ ਬਜ਼ੁਰਗ ਤੇ ਛੋਟੇ-ਛੋਟੇ ਬੱਚੇ ਕੜਾਕੇ ਦੀ ਠੰਢ ਵਿਚ ਰੋਸ ਮੁਜ਼ਾਹਰਾ ਕੀਤਾ ਗਿਆ। ਪੀੜਤ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਪੋਹ ਮਹੀਨੇ ਦੀ ਕੜਾਕੇ ਦੀ ਠੰਢ ਵਿਚ ਬਾਹਰ ਕੱਢਿਆ ਤੇ ਲੋਕਾਂ ਦੇ ਕਾਰੋਬਾਰ ਬਿਲਕੁਲ ਠੱਪ ਹੋ ਚੁੱਕੇ ਹਨ।  ਪੀੜਤ ਲੋਕਾਂ ਨੇ ਇਸ ਹਾਲਾਤ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। 



ਹਰ ਪਾਸੇ ਤੋਂ ਜਲੰਧਰ ਆਉਣ ਅਤੇ ਜਲੰਧਰ ਤੋਂ ਹੁਸ਼ਿਆਰਪੁਰ, ਪਠਾਨਕੋਟ, ਅੰਮ੍ਰਿਤਸਰ ਤੇ ਦਿੱਲੀ ਰੋਡ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ। ਇੰਨਾ ਹੀ ਨਹੀਂ ਸੂਬੇ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਖਿਲਾਫ ਲਗਾਏ ਗਏ ਇਸ ਧਰਨੇ ਦਾ ਅਸਰ ਸਰਕਾਰ ਦੇ ਮੰਤਰੀਆਂ 'ਤੇ ਵੀ ਪਿਆ।


ਧਰਨੇ ਪ੍ਰਦਰਸ਼ਨ ਕਾਰਨ ਜਾਮ ਹੋਈਆਂ ਸੜਕਾਂ ਕਾਰਨ ਜਲੰਧਰ ਆਏ ਮੰਤਰੀ ਹਰਜੋਤ ਸਿੰਘ ਬੈਂਸ ਦਾ ਕਾਫਲਾ ਵੀ ਹਵੇਲੀ ਤੋਂ ਜਲੰਧਰ ਕੈਂਟ ਵੱਲ ਨੂੰ ਆਉਂਦਿਆਂ ਦੀਪ ਨਗਰ ਕੋਲ ਫਸ ਗਿਆ। ਇਸ ਦੌਰਾਨ ਮੰਤਰੀ ਸਾਹਿਬ ਦਾ ਕਾਫਿਲਾ ਆਉਂਦਾ ਵੇਖ ਡਿਊਟੀ 'ਤੇ ਤਾਇਨਾਤ ਮੁਲਾਜ਼ਮਾਂ ਨੂੰ ਟ੍ਰੈਫਿਕ ਜਾਮ ਖੁੱਲ੍ਹਵਾ ਕੇ ਮੰਤਰੀ ਸਾਹਿਬ ਨੂੰ ਲੰਘਾਉਣ ਲਈ ਖਾਸੀ ਮੁਸ਼ੱਕਤ ਕਰਨੀ ਪਈ।

ਕਾਬਿਲੇਗੌਰ ਹੈ ਕਿ ਪੰਜਾਬ ਸਰਕਾਰ ਨੇ ਪੀੜਤ ਲੋਕਾਂ ਨੂੰ ਫਲੈਟ ਦੇਣ ਦੀ ਪੇਸ਼ਕਸ਼ ਦਿੱਤੀ ਸੀ ਪਰ ਲੋਕਾਂ ਨੇ ਸਰਕਾਰ ਦੀ ਪੇਸ਼ਕਸ਼ ਠੁਕਰਾ ਦਿੱਤੀ  ਤੇ ਉਸੇ ਥਾਂ ਮੁੜ ਵਸੇਬਾ ਕਰਨ ਦੀ ਮੰਗ ਕੀਤੀ।

Related Post