ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਣ ਲਈ ਖੇਤੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਨਰਮਾ ਪੱਟੀ ‘ਚ ਰਹਿਣ ਦੇ ਆਦੇਸ਼; ਛੁੱਟੀਆਂ ਕੀਤੀਆਂ ਰੱਦ

ਸੂਬੇ ਦੀ ਨਰਮਾ ਪੱਟੀ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਨਾਲ ਨਜਿੱਠਣ ਲਈ ਕਿਸਾਨਾਂ ਦੀ ਮਦਦ ਵਾਸਤੇ ਪੰਜਾਬ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਫਾਜ਼ਿਲਕਾ, ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਚਾਰ ਸੀਨੀਅਰ ਅਧਿਕਾਰੀ ਤਾਇਨਾਤ ਕੀਤੇ ਗਏ ਹਨ।

By  Amritpal Singh August 20th 2023 06:19 PM -- Updated: August 20th 2023 06:32 PM

Punjab News: ਸੂਬੇ ਦੀ ਨਰਮਾ ਪੱਟੀ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਨਾਲ ਨਜਿੱਠਣ ਲਈ ਕਿਸਾਨਾਂ ਦੀ ਮਦਦ ਵਾਸਤੇ ਪੰਜਾਬ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਫਾਜ਼ਿਲਕਾ, ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਚਾਰ ਸੀਨੀਅਰ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ ਇਨ੍ਹਾਂ ਚਾਰ ਜ਼ਿਲ੍ਹਿਆਂ ਵਿੱਚ ਤਾਇਨਾਤ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ  ਕਰਮਚਾਰੀਆਂ ਦੀਆਂ ਸ਼ਨਿੱਚਰਵਾਰ ਤੇ ਐਤਵਾਰ ਸਮੇਤ ਛੁੱਟੀਆਂ ਇਸ ਮਹੀਨੇ ਦੇ ਅੰਤ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ।

ਬਠਿੰਡਾ ਜ਼ਿਲ੍ਹੇ ਦੇ ਕੁੱਝ ਪਿੰਡਾਂ ਵਿੱਚ ਨਰਮੇ ਦੀ ਫ਼ਸਲ 'ਤੇ ਗੁਲਾਬੀ ਸੁੰਡੀ ਦੇ ਹਮਲੇ ਸਬੰਧੀ ਰਿਪੋਰਟਾਂ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਚਾਰ ਸੀਨੀਅਰ ਅਧਿਕਾਰੀਆਂ ਨੂੰ 31 ਅਗਸਤ, 2023 ਤੱਕ ਕਪਾਹ ਪੱਟੀ ਵਿੱਚ ਰਹਿਣ ਦੇ ਹੁਕਮ ਦਿੱਤੇ ਹਨ ਕਿਉਂਕਿ ਅਗਲੇ 15 ਦਿਨ ਕਪਾਹ ਦੀ ਫ਼ਸਲ ਲਈ ਬਹੁਤ ਅਹਿਮ ਹਨ। ਇਹ ਅਧਿਕਾਰੀ ਨਰਮੇ ਦੀ ਫ਼ਸਲ ਦਾ ਨਿਰੀਖਣ ਕਰਨ ਲਈ ਖੇਤਾਂ ਦਾ ਦੌਰਾ ਕਰਨਗੇ ਅਤੇ ਗੁਲਾਬੀ ਸੁੰਡੀ ਦੇ ਹਮਲੇ ਦੀ ਰੋਕਥਾਮ ਲਈ ਕਿਸਾਨਾਂ ਨੂੰ ਸਲਾਹ ਦੇਣ ਦੇ ਨਾਲ-ਨਾਲ ਫੀਲਡ ਵਿੱਚ ਤਾਇਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਕੰਮਕਾਜ ਦੀ ਨਿਗਰਾਨੀ ਵੀ ਕਰਨਗੇ।

ਗੁਰਮੀਤ ਸਿੰਘ ਖੁੱਡੀਆਂ ਨੇ ਇਸ ਔਖੀ ਘੜੀ ਵਿੱਚ ਕਿਸਾਨਾਂ ਦੀ ਮਦਦ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਰੋਜ਼ਾਨਾ ਖੇਤਾਂ ਦਾ ਦੌਰਾ ਕਰਨ ਅਤੇ ਹੈੱਡਕੁਆਰਟਰ ਨੂੰ ਸਥਿਤੀ ਰਿਪੋਰਟ ਭੇਜਣ ਦੇ ਨਿਰਦੇਸ਼ ਵੀ ਦਿੱਤੇ ਹਨ। ਉਹਨਾਂ ਕਿਹਾ ਕਿ ਡਿਊਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਢਿੱਲ-ਮੱਠ ਕਰਨ ਵਾਲੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਇਹ ਸਮਾਂ ਨਰਮੇ ਦੀ ਫ਼ਸਲ ਨੂੰ ਬਚਾਉਣ ਲਈ ਕਿਸਾਨਾਂ ਦੇ ਨਾਲ ਖੜ੍ਹੇ ਹੋਣ ਦਾ ਹੈ।

ਖੇਤੀਬਾੜੀ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕੀਟਨਾਸ਼ਕਾਂ ਦੀਆਂ ਦੁਕਾਨਾਂ ਅਤੇ ਨਿਰਮਾਣ ਯੂਨਿਟਾਂ ਦਾ ਦੌਰਾ ਕਰਨ। ਇਸ ਦੇ ਨਾਲ ਹੀ ਗੁਣਵੱਤਾ ਲਈ ਨਿਯਮਤ ਸੈਂਪਲ ਲੈਣ ਤੋਂ ਇਲਾਵਾ ਕਿਸਾਨਾਂ ਨੂੰ ਵੇਚੇ ਜਾ ਰਹੇ ਕੀਟਨਾਸ਼ਕਾਂ ਦੀ ਕੀਮਤ ਦੀ ਨਿਗਰਾਨੀ ਕਰਨ ਲਈ ਵੀ ਕਿਹਾ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਨਕਲੀ ਕੀਟਨਾਸ਼ਕ ਵੇਚਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। 


ਉਨ੍ਹਾਂ ਨੇ ਕੰਪਨੀਆਂ ਅਤੇ ਵਿਕਰੇਤਾਵਾਂ ਨੂੰ ਕਿਸਾਨਾਂ ਨੂੰ ਕੀਟਨਾਸ਼ਕਾਂ ਅਤੇ ਖਾਦਾਂ ਨਾਲ ਹੋਰ ਗ਼ੈਰ-ਜ਼ਰੂਰੀ ਖੇਤੀ ਸਾਮਾਨ ਵੇਚਣ ਖ਼ਿਲਾਫ਼ ਵੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

Related Post