ਪੰਜਾਬ 'ਚ ਡੇਂਗੂ ਦੇ 'ਡੰਗ' ਕਾਰਨ ਲੋਕ ਪਰੇਸ਼ਾਨ, ਸ਼ਾਹੀ ਸ਼ਹਿਰ 'ਚ ਸਭ ਤੋਂ ਵੱਧ ਕੇਸ

By  Ravinder Singh November 8th 2022 10:00 AM

ਚੰਡੀਗੜ੍ਹ : ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਡੇਂਗੂ ਦੇ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਸੋਮਵਾਰ ਨੂੰ ਹੀ ਸੂਬੇ ਦੇ 17 ਜ਼ਿਲ੍ਹਿਆਂ ਵਿੱਚ 273 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਪਿਛਲੇ 24 ਘੰਟਿਆਂ ਵਿੱਚ ਡੇਂਗੂ ਨਾਲ ਦੋ ਸ਼ੱਕੀ ਮੌਤਾਂ (ਮਾਂ-ਪੁੱਤ ) ਹੋਣ ਦਾ ਵੀ ਮਾਮਲਾ ਸਾਹਮਣੇ ਆਇਆ ਹੈ।


ਹਾਲਾਂਕਿ ਸਿਹਤ ਵਿਭਾਗ ਦੇ ਅੰਕੜੇ ਡੇਂਗੂ ਨਾਲ ਹੁਣ ਤੱਕ ਪੰਜ ਮੌਤਾਂ ਹੀ ਦੱਸਦੇ ਹਨ। ਸੋਮਵਾਰ ਨੂੰ ਸਭ ਤੋਂ ਵੱਧ 49 ਡੇਂਗੂ ਦੇ ਮਾਮਲੇ ਪਟਿਆਲਾ ਜ਼ਿਲ੍ਹੇ 'ਚੋਂ ਸਾਹਮਣੇ ਆਏ। ਇਸ ਤੋਂ ਬਾਅਦ ਮੋਹਾਲੀ ਜ਼ਿਲ੍ਹੇ 'ਚ 39 ਮਾਮਲੇ ਸਾਹਮਣੇ ਆਏ। ਪੰਜਾਬ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਕੁੱਲ ਗਿਣਤੀ 6,764 ਹੋ ਗਈ ਹੈ। ਹੁਣ ਤੱਕ 43,746 ਸੈਂਪਲ ਲਏ ਜਾ ਚੁੱਕੇ ਹਨ। ਦੂਜੇ ਪਾਸੇ 'ਚਿਕਨਗੁਨੀਆ' ਦੇ ਫੈਲਣ ਨਾਲ ਵੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪੰਜਾਬ ਵਿੱਚ ਹੁਣ ਤੱਕ ਚਿਕਨਗੁਨੀਆ ਦੇ 237 ਮਾਮਲੇ ਸਾਹਮਣੇ ਆ ਚੁੱਕੇ ਹਨ। 2 ਨਵੰਬਰ ਨੂੰ ਇਹ ਗਿਣਤੀ 199 ਸੀ ਪਰ ਪੰਜ ਦਿਨਾਂ ਵਿੱਚ 38 ਨਵੇਂ ਮਾਮਲੇ ਸਾਹਮਣੇ ਆਏ।

ਇਹ ਵੀ ਪੜ੍ਹੋ : ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਾਡੇ ਲਈ ਮਾਰਗਦਰਸ਼ਕ: ਮੋਦੀ

ਪੰਜਾਬ ਦੇ ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਟੁੱਟੇ ਭਾਂਡੇ, ਟਾਇਰ ਨਾ ਰੱਖਣ ਅਤੇ ਕੂਲਰਾਂ ਵਿੱਚ ਲਾਰਵੇ ਨੂੰ ਨਾ ਪੈਦਾ ਹੋਣ ਦੇਣ। ਉਨ੍ਹਾਂ ਨੇ ਸਿਹਤ ਵਿਭਾਗ ਨੂੰ ਵੀ ਸਮੇਂ-ਸਮੇਂ ਉਤੇ ਚੈਕਿੰਗ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਪਟਿਆਲਾ ਜ਼ਿਲ੍ਹੇ 'ਚ ਸਿਹਤ ਵਿਭਾਗ ਦੀ ਚਿੰਤਾ ਵਧਦੀ ਜਾ ਰਹੀ ਹੈ। ਸ਼ਹਿਰ ਦੇ ਨਾਲ ਨਾਲ ਜ਼ਿਲ੍ਹੇ 'ਚ ਵੱਡੇ ਪੱਧਰ 'ਤੇ ਲੋਕ ਡੇਂਗੂ ਤੇ ਚਿਕਨਗੁਨੀਆ ਦੇ ਸ਼ਿਕਾਰ ਹੋ ਰਹੇ ਹਨ। ਡਾਕਟਰਾਂ ਅਨੁਸਾਰ ਡੇਂਗੂ ਬੁਖਾਰ ਏਡੀਜ਼ ਮੱਛਰ ਕਾਰਨ ਫੈਲਦਾ ਹੈ ਤੇ ਇਸ ਦੌਰਾਨ ਸਰੀਰ ਵਿਚ ਪਲੇਟਲੈਟਸ ਦੀ ਗਿਣਤੀ ਵਿਚ ਤੇਜ਼ੀ ਨਾਲ ਕਮੀ ਆਉਂਦੀ ਹੈ। ਜੇਕਰ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਕਈ ਵਾਰ ਪਲੇਟਲੈਟਸ ਘੱਟ ਹੋਣ ਕਾਰਨ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ। ਡੇਂਗੂ ਦੇ ਲੱਛਣ ਪਾਏ ਜਾਣ ਉਤੇ ਤੁਰੰਤ ਡਾਕਟਰ ਦੀ ਸਲਾਹ ਲਵੋ।


Related Post