ਗੁਰਦੁਆਰਾ ਸਾਹਿਬਾਨ ਚ ਬਿਜਲੀ ਨਾਲ ਹੋਣ ਵਾਲੀਆਂ ਘਟਨਾਵਾਂ ਨੂੰ ਲੈ ਕੇ ਜਥੇਦਾਰ ਗਿਆਨ ਟੇਕ ਸਿੰਘ ਧਨੌਲਾ ਵੱਲੋਂ ਵਿਸ਼ੇਸ਼ ਹਦਾਇਤਾਂ
Jathedar Baba Tek Singh Dhanaula : ਬਾਬਾ ਟੇਕ ਸਿੰਘ ਜੀ ਨੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਗ੍ਰੰਥੀ ਸਿੰਘਾਂ ਅਤੇ ਸੰਗਤ ਨੂੰ ਆਦੇਸ਼ ਜਾਰੀ ਕਰਦਿਆਂ ਗੁਰਦੁਆਰਾ ਸਾਹਿਬਾਨ ਦੇ ਅੰਦਰ ਅਤੇ ਖ਼ਾਸਕਰ 'ਸੱਚਖੰਡ' ਵਿਖੇ ਬਿਜਲੀ ਦੀ ਫਿਟਿੰਗ ਨੂੰ ਤੁਰੰਤ ਚੈੱਕ ਕਰਵਾ ਕੇ ਮੁਕੰਮਲ ਤੌਰ 'ਤੇ ਦਰੁਸਤ ਕੀਤੇ ਜਾਣ ਦੀ ਹਦਾਇਤ ਕੀਤੀ ਹੈ।
Jathedar Baba Tek Singh Dhanaula : ਗਰਮੀ ਦੇ ਮੌਸਮ ਦੌਰਾਨ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਸ਼ਾਰਟ ਸਰਕਟ ਕਾਰਨ ਵਾਪਰ ਰਹੀਆਂ ਅੱਗ ਲੱਗਣ ਦੀਆਂ ਮੰਦਭਾਗੀਆਂ ਘਟਨਾਵਾਂ ਨੂੰ ਮੁੱਖ ਰੱਖਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ (Takht Sri Damdama Sahib) ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਨੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਗ੍ਰੰਥੀ ਸਿੰਘਾਂ ਅਤੇ ਸੰਗਤ ਨੂੰ ਆਦੇਸ਼ ਜਾਰੀ ਕਰਦਿਆਂ ਗੁਰਦੁਆਰਾ ਸਾਹਿਬਾਨ ਦੇ ਅੰਦਰ ਅਤੇ ਖ਼ਾਸਕਰ 'ਸੱਚਖੰਡ' ਵਿਖੇ ਬਿਜਲੀ ਦੀ ਫਿਟਿੰਗ ਨੂੰ ਤੁਰੰਤ ਚੈੱਕ ਕਰਵਾ ਕੇ ਮੁਕੰਮਲ ਤੌਰ 'ਤੇ ਦਰੁਸਤ ਕੀਤੇ ਜਾਣ ਦੀ ਹਦਾਇਤ ਕੀਤੀ ਹੈ।
ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਨੇ ਅੱਜ ਜ਼ਿਲ੍ਹਾ ਬਰਨਾਲਾ ਦੇ ਪਿੰਡ ਮੂੰਮ ਵਿਖੇ ਸਥਿਤ ਗੁਰਦੁਆਰਾ ਆਕੀਗੜ੍ਹ ਸਾਹਿਬ ਵਿੱਚ ਸ਼ਾਰਟ ਸਰਕਟ (Short Circuit) ਕਾਰਨ ਵਾਪਰੀ ਅੱਗ ਲੱਗਣ ਦੀ ਘਟਨਾ 'ਤੇ ਡੂੰਘੇ ਦੁੱਖ ਅਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਦੁਰਘਟਨਾਵਾਂ ਲਾਪਰਵਾਹੀ ਅਤੇ ਬਿਜਲੀ ਦੇ ਉਪਕਰਨਾਂ ਦੇ ਓਵਰਹੀਟ (ਗਰਮ) ਹੋਣ ਕਾਰਨ ਵਾਪਰ ਰਹੀਆਂ ਹਨ, ਜਿਨ੍ਹਾਂ ਨੂੰ ਜੁੰਮੇਵਾਰੀ ਨਾਲ ਨਿਗਰਾਨੀ ਕਰਕੇ ਰੋਕਿਆ ਜਾ ਸਕਦਾ ਹੈ।
ਸਿੰਘ ਸਾਹਿਬ ਵੱਲੋਂ ਵਿਸ਼ੇਸ਼ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਤੋਂ ਬਿਜਲਈ ਪੱਖਿਆਂ ਨੂੰ ਉਚਿਤ ਦੂਰੀ 'ਤੇ ਰੱਖਿਆ ਜਾਵੇ। ਲਗਾਤਾਰ ਚੱਲਣ ਕਾਰਨ ਇਹ ਪੱਖੇ ਗਰਮ ਹੋ ਕੇ ਅੱਗ ਲੱਗਣ ਦਾ ਕਾਰਨ ਬਣਦੇ ਹਨ, ਜਿਸ ਨਾਲ ਦੁਖਦਾਈ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਾਵਨ ਸਰੂਪ ਦੇ ਬਿਲਕੁਲ ਨਜ਼ਦੀਕ ਤੇਜ਼ ਰੋਸ਼ਨੀ ਵਾਲੇ ਬਲਬ ਵੀ ਨਾ ਲਗਾਏ ਜਾਣ, ਕਿਉਂਕਿ ਬਲਬਾਂ ਦੀ ਗਰਮੀ ਅਤੇ ਸ਼ਾਰਟ ਸਰਕਟ ਕਾਰਨ ਪਹਿਲਾਂ ਵੀ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ।
ਉਨ੍ਹਾਂ ਕਿਹਾ ਕਿ ਸਮੂਹ ਪ੍ਰਬੰਧਕ ਤੁਰੰਤ ਗੁਰਦੁਆਰਾ ਸਾਹਿਬ ਦੀ ਬਿਜਲੀ ਫਿਟਿੰਗ ਦੀ ਜਾਂਚ ਕਰਵਾਉਣ ਅਤੇ ਕਮਜ਼ੋਰ ਜਾਂ ਨੰਗੀਆਂ ਤਾਰਾਂ ਨੂੰ ਤੁਰੰਤ ਬਦਲਣ। ਇਸ ਤੋਂ ਇਲਾਵਾ ਸੱਚਖੰਡ ਸਾਹਿਬ ਅੰਦਰ ਬਿਜਲੀ ਉਪਕਰਨਾਂ ਦੀ ਨਿਰੰਤਰ ਨਿਗਰਾਨੀ ਰੱਖੀ ਜਾਵੇ ਅਤੇ ਸੇਵਾਦਾਰ ਚੌਕਸ ਰਹਿਣ।

ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਨੇ ਜਾਰੀ ਆਦੇਸ਼ ਵਿੱਚ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸੁਰੱਖਿਆ ਅਤੇ ਸਤਿਕਾਰ ਸਾਡਾ ਸਭ ਤੋਂ ਪਹਿਲਾ ਫ਼ਰਜ਼ ਹੈ। ਗਰਮੀ ਦੇ ਦਿਨਾਂ ਵਿੱਚ ਮਾਮੂਲੀ ਲਾਪਰਵਾਹੀ ਵੀ ਵੱਡਾ ਨੁਕਸਾਨ ਕਰ ਸਕਦੀ ਹੈ। ਇਸ ਲਈ ਹਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਇਸ ਆਦੇਸ਼ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਮੁਕੰਮਲ ਪ੍ਰਬੰਧ ਯਕੀਨੀ ਬਣਾਉਣ।"
ਸਿੰਘ ਸਾਹਿਬ ਨੇ ਸਮੂਹ ਸੰਗਤ ਅਤੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਵਿੱਖ ਵਿੱਚ ਅਜਿਹੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਬਿਜਲੀ ਵਿਭਾਗ ਦੇ ਸਹਿਯੋਗ ਨਾਲ ਸੁਰੱਖਿਆ ਦੇ ਸਾਰੇ ਪੁਖ਼ਤਾ ਇੰਤਜ਼ਾਮ ਕਰਨ।