Water Level Rises in Bhakra Dam : ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਚੜ੍ਹਿਆ, ਸੂਬਿਆਂ ਨੂੰ ਵੱਧ ਪਾਣੀ ਵਰਤਣ ਦੀ ਸਲਾਹ
Water Level Increase in Bhakra Dam : ਭਾਖੜਾ ਬਿਆਸ ਪ੍ਰਬੰਧਕੀ ਬੋਰਡ (ਬੀਬੀਐੱਮਬੀ) ਨੇ ਪੰਜਾਬ, ਹਰਿਆਣਾ ਅਤੇ ਹੋਰ ਭਾਈਵਾਲ ਰਾਜਾਂ ਨੂੰ ਝੋਨੇ ਦੀ ਲਵਾਈ ਦੇ ਮੌਜੂਦਾ ਸੀਜ਼ਨ ਦੌਰਾਨ ਸਿੰਚਾਈ ਲਈ ਭਾਖੜਾ ਡੈਮ ਤੋਂ ਪਾਣੀ ਦੀ ਵਰਤੋਂ ਵਧਾਉਣ ਦੀ ਅਪੀਲ ਕੀਤੀ ਹੈ। ਸੂਤਰਾਂ ਅਨੁਸਾਰ ਇਹ ਫ਼ੈਸਲਾ ਬੋਰਡ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿੱਚ ਹੋਈ ਤਕਨੀਕੀ ਕਮੇਟੀ ਦੀ ਮੀਟਿੰਗ ਦੌਰਾਨ ਲਿਆ ਗਿਆ।
ਮੀਟਿੰਗ ਵਿੱਚ ਭਾਖੜਾ ਜਲ ਭੰਡਾਰ ਵਿੱਚ ਪਾਣੀ ਦੇ ਵਧੇ ਹੋਏ ਪੱਧਰ ਅਤੇ ਆਉਣ ਵਾਲੇ ਦਿਨਾਂ ਵਿੱਚ ਹਿਮਾਲਈ ਖੇਤਰਾਂ ਵਿੱਚ ਬਰਫ਼ ਪਿਘਲਣ ਅਤੇ ਮਾਨਸੂਨ ਦੀ ਆਮਦ ਕਾਰਨ ਪਾਣੀ ਦੇ ਹੋਰ ਵਾਧੇ ਦੀ ਸੰਭਾਵਨਾ ’ਤੇ ਵਿਚਾਰ ਕੀਤਾ ਗਿਆ। ਬੋਰਡ ਨੇ ਰਾਜਾਂ ਨੂੰ ਉਪਲਬਧ ਜਲ ਸਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਯਕੀਨੀ ਬਣਾਉਣ ਲਈ ਕਿਹਾ ਹੈ।
ਅੰਕੜਿਆਂ ਅਨੁਸਾਰ 9 ਜੂਨ ਨੂੰ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1578.07 ਫੁੱਟ ਦਰਜ ਕੀਤਾ ਗਿਆ, ਜੋ ਪਿਛਲੇ ਸਾਲ ਇਸੇ ਮਿਆਦ ਦੌਰਾਨ ਦਰਜ 1556.60 ਫੁੱਟ ਨਾਲੋਂ 21.47 ਫੁੱਟ ਵੱਧ ਹੈ। ਇਹ ਪੱਧਰ ਇਸ ਸਮੇਂ ਦੀ ਲੰਬੇ ਅਰਸੇ ਦੀ ਔਸਤ 1543.72 ਫੁੱਟ ਨਾਲੋਂ ਵੀ ਕਾਫ਼ੀ ਉੱਚਾ ਹੈ।
ਬੀਬੀਐੱਮਬੀ ਦੇ ਅਨੁਸਾਰ ਭਾਖੜਾ ਜਲ ਭੰਡਾਰ ਦੀ ਲਾਈਵ ਸਟੋਰੇਜ ਇਸ ਵੇਲੇ 31 ਫ਼ੀਸਦੀ ਤੱਕ ਭਰ ਚੁੱਕੀ ਹੈ, ਜਦਕਿ ਪਿਛਲੇ ਸਾਲ ਇਸੇ ਸਮੇਂ ਇਹ 22 ਫ਼ੀਸਦੀ ਅਤੇ ਲੰਬੇ ਸਮੇਂ ਦੀ ਔਸਤ 18 ਫ਼ੀਸਦੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਡੈਮ ਇਸ ਵੇਲੇ ਆਪਣੇ ਪੂਰੇ ਜਲ ਪੱਧਰ ਤੋਂ ਕਰੀਬ 102 ਫੁੱਟ ਹੇਠਾਂ ਹੈ। ਮਾਨਸੂਨ ਦੌਰਾਨ ਸੰਭਾਵੀ ਵੱਧ ਪਾਣੀ ਦੀ ਆਮਦ ਨੂੰ ਧਿਆਨ ਵਿੱਚ ਰੱਖਦਿਆਂ ਜਲ ਭੰਡਾਰ ਵਿੱਚ ਖਾਲੀ ਸਮਰੱਥਾ ਬਣਾਈ ਰੱਖਣ ਲਈ ਰਾਜਾਂ ਨੂੰ ਪਾਣੀ ਦੀ ਨਿਕਾਸੀ ਅਤੇ ਵਰਤੋਂ ਵਧਾਉਣ ਦੀ ਸਲਾਹ ਦਿੱਤੀ ਗਈ ਹੈ।
ਬੋਰਡ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਮੌਜੂਦਾ ਸਥਿਤੀ ਖੇਤੀਬਾੜੀ ਲਈ ਲਾਹੇਵੰਦ ਹੈ ਅਤੇ ਝੋਨੇ ਦੀ ਲਵਾਈ ਦੌਰਾਨ ਕਿਸਾਨਾਂ ਨੂੰ ਸਿੰਚਾਈ ਲਈ ਲੋੜੀਂਦਾ ਪਾਣੀ ਉਪਲਬਧ ਕਰਵਾਉਣ ਵਿੱਚ ਮਦਦਗਾਰ ਸਾਬਤ ਹੋਵੇਗੀ।
ਇਹ ਵੀ ਪੜ੍ਹੋ : Chandigarh News : ਨਿਊ ਚੰਡੀਗੜ੍ਹ ਸਟੇਡੀਅਮ ਵਿਖੇ ਪੰਜਾਬ ਦੇ ਮਹਾਨ ਕ੍ਰਿਕਟਰਾਂ ਦੀ ਬਣਾਈ ਗਈ “ਵਾਲ ਆਫ ਫੇਮ”
- PTC NEWS