Sapna Choudhry News : ਸਪਨਾ ਚੌਧਰੀ 'ਤੇ ਸਹੁਰੇ ਘਰ ’ਚ ਤਸ਼ਦੱਦ ! ਪੇਕੇ ਰਹਿਣ ਲਈ ਹੋਈ ਮਜ਼ਬੂਰ, ਪਤੀ 'ਤੇ ਬੇਰਹਿਮੀ ਦੇ ਇਲਜ਼ਾਮ
Sapna Choudhry News : ਹਰਿਆਣਵੀ ਡਾਂਸਰ ਸਪਨਾ ਚੌਧਰੀ ਦੇ ਪ੍ਰਸ਼ੰਸਕਾਂ ਲਈ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਡਾਂਸਰ 'ਤੇ ਸਹੁਰੇ ਘਰ 'ਚ ਤਸ਼ੱਦਦ ਹੋਣ ਦਾ ਮਾਮਲਾ ਸਾਹਮਣੇ ਹੋਇਆ ਹੈ। ਇਸ ਮਾਮਲੇ 'ਚ ਹੁਣ ਸਪਨਾ ਚੌਧਰੀ ਨੂੰ ਮਹੱਤਵਪੂਰਨ ਕਾਨੂੰਨੀ ਰਾਹਤ ਮਿਲੀ ਹੈ। ਦਿੱਲੀ ਦੀ ਦਵਾਰਕਾ ਮਹਿਲਾ ਅਦਾਲਤ ਨੇ ਸਪਨਾ ਚੌਧਰੀ ਨੂੰ ਅੰਤਰਿਮ ਸੁਰੱਖਿਆ ਪ੍ਰਦਾਨ ਕਰਦੇ ਹੋਏ, ਉਸਦੇ ਪਤੀ ਯਸ਼ਵੀਰ ਸਾਹੂ (Yashvir Sahu) ਨੂੰ ਕਿਸੇ ਵੀ ਤਰੀਕੇ ਨਾਲ ਸੰਪਰਕ ਨਾ ਕਰਨ ਜਾਂ ਨੇੜੇ ਨਾ ਆਉਣ ਦੇ ਹੁਕਮ ਜਾਰੀ ਕੀਤੇ ਹਨ। (Bollywood)
ਸਪਨਾ ਨੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ
ਜਾਣਕਾਰੀ ਅਨੁਸਾਰ, ਸਪਨਾ ਚੌਧਰੀ ਨੇ ਪਤੀ ਵੀਰ ਸਾਹੂ 'ਤੇ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲਾਏ ਹਨ, ਜੋ ਕਿ ਇਸ ਸਮੇਂ ਆਪਣੇ ਬੱਚਿਆਂ ਨਾਲ ਪੇਕੇ ਘਰ ਵਿੱਚ ਰਹਿ ਰਹੀ ਹੈ। ਸਪਨਾ ਨੇ ਪਤੀ ਦੇ ਨਾਲ ਸਹੁਰੇ ਪਰਿਵਾਰ ਦੇ ਮੈਂਬਰਾਂ 'ਤੇ ਵੀ ਇਲਜ਼ਾਮ ਲਾਏ ਹਨ। ਮਹਿਲਾ ਅਦਾਲਤ ਵਿੱਚ ਦਾਇਰ ਆਪਣੀ ਪਟੀਸ਼ਨ ਵਿੱਚ ਸਪਨਾ ਨੇ ਦੋਸ਼ ਲਗਾਇਆ ਹੈ ਕਿ ਉਸਦੇ ਪਤੀ ਨੇ ਵਾਰ-ਵਾਰ ਉਸ 'ਤੇ ਹਮਲਾ ਕੀਤਾ ਅਤੇ ਜਨਤਕ ਤੌਰ 'ਤੇ ਹੰਗਾਮਾ ਕੀਤਾ। ਸਪਨਾ ਦਾ ਕਹਿਣਾ ਹੈ ਕਿ ਚੱਲ ਰਹੀ ਹਿੰਸਾ ਨੇ ਉਸਨੂੰ ਆਪਣੇ ਦੋ ਨਾਬਾਲਗ ਬੱਚਿਆਂ ਨਾਲ ਆਪਣੇ ਸਹੁਰੇ ਘਰ ਛੱਡਣ ਲਈ ਮਜਬੂਰ ਕੀਤਾ। ਉਸਨੇ ਘਰੇਲੂ ਹਿੰਸਾ ਦੀ ਸ਼ਿਕਾਇਤ ਵੀ ਦਰਜ ਕਰਵਾਈ ਹੈ।
ਇਹ ਹੁਕਮ ਸਪਨਾ ਦੀ ਆਉਣ ਵਾਲੀ ਫਿਲਮ, "ਮੋਮਾਕੂ" ਦੇ ਪ੍ਰੀਮੀਅਰ ਤੋਂ ਠੀਕ ਪਹਿਲਾਂ ਆਇਆ ਹੈ। ਅਦਾਲਤ ਨੇ ਯਸ਼ਵੀਰ ਸਾਹੂ ਨੂੰ ਸਪਨਾ ਦੇ ਘਰ, ਦਫਤਰ, ਜਾਂ ਇੱਥੋਂ ਤੱਕ ਕਿ ਫਿਲਮ ਦੇ ਪ੍ਰੀਮੀਅਰ ਵਾਲੀ ਥਾਂ 'ਤੇ ਜਾਣ ਤੋਂ ਵਰਜਿਆ ਹੈ। ਇਹ ਹੁਕਮ ਅਗਲੀ ਸੁਣਵਾਈ ਤੱਕ ਲਾਗੂ ਰਹੇਗਾ।
ਸਪਨਾ ਦੇ ਵਕੀਲ ਨੇ ਅਦਾਲਤ 'ਚ ਕੀ ਦਿੱਤੀ ਦਲੀਲ
ਸਪਨਾ ਦੀ ਨੁਮਾਇੰਦਗੀ ਕਰ ਰਹੇ ਵਕੀਲ ਪ੍ਰੀਤੀ ਸਿੰਘ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਦੁਬਾਰਾ ਹੋਣ ਦੀ ਸੰਭਾਵਨਾ ਹੈ। ਖਾਸ ਕਰਕੇ 10 ਜੂਨ ਨੂੰ ਹੋਣ ਵਾਲੇ ਫਿਲਮ ਪ੍ਰੀਮੀਅਰ ਦੇ ਨਾਲ, ਇਹ ਡਰ ਸੀ ਕਿ ਯਸ਼ਵੀਰ ਇਸ ਸਮਾਗਮ ਵਿੱਚ ਸ਼ਾਮਲ ਹੋ ਸਕਦਾ ਹੈ ਅਤੇ ਹੰਗਾਮਾ ਕਰ ਸਕਦਾ ਹੈ ਅਤੇ ਸਪਨਾ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਸਕਦਾ ਹੈ।
ਅਦਾਲਤ ਨੇ ਇਹ ਅੰਤਰਿਮ ਹੁਕਮ ਪੇਸ਼ ਕੀਤੇ ਗਏ ਦਸਤਾਵੇਜ਼ਾਂ 'ਤੇ ਵਿਚਾਰ ਕਰਨ ਤੋਂ ਬਾਅਦ ਜਾਰੀ ਕੀਤਾ, ਜਿਸ ਵਿੱਚ ਮੈਡੀਕਲ ਰਿਪੋਰਟਾਂ, ਸੱਟਾਂ ਦੀਆਂ ਤਸਵੀਰਾਂ ਅਤੇ ਕਥਿਤ ਧਮਕੀਆਂ ਦੀਆਂ ਰਿਕਾਰਡਿੰਗਾਂ ਸ਼ਾਮਲ ਹਨ।
ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ, ਸਪਨਾ ਦੇ ਵਿਆਹ ਵਿੱਚ ਮੁਸ਼ਕਲਾਂ ਦੀਆਂ ਰਿਪੋਰਟਾਂ ਆ ਰਹੀਆਂ ਹਨ, ਉਸਨੇ ਕਈ ਇੰਟਰਵਿਊਆਂ ਵਿੱਚ ਆਪਣੇ ਵਿਆਹ ਦੇ ਟੁੱਟਣ ਦਾ ਸੰਕੇਤ ਦਿੱਤਾ ਸੀ। ਹੁਣ, ਇਹ ਜਾਪਦਾ ਹੈ ਕਿ ਸੱਚਾਈ ਦੀ ਪੁਸ਼ਟੀ ਹੋ ਰਹੀ ਹੈ।
- PTC NEWS