PTC News
Search
🔍 Search

ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਨਾਰਵੇ ਚ ਸਿੱਖਾਂ ਨੂੰ ਸਿੱਖੀ ਪਛਾਣ ਕਾਇਮ ਰੱਖਣ ਦਾ ਦਿੱਤਾ ਸੰਦੇਸ਼

Jathedar Kuldeep Singh Gargajj Norway Visit : ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖ ਬੱਚਿਆਂ ਦੇ ਅਨੰਦ ਕਾਰਜ ਅਤੇ ਰਿਸ਼ਤੇ ਸਿੱਖ ਪਰਿਵਾਰਾਂ ਵਿੱਚ ਹੀ ਹੋਣੇ ਚਾਹੀਦੇ ਹਨ। ਕਈ ਵਾਰ ਅਸੀਂ ਆਪਣੇ ਬੱਚੇ ਬੱਚੀਆਂ ਦੇ ਰਿਸ਼ਤੇ ਕਰਨ ਵੇਲੇ ਆਪਣੀ ਕੌਮ ਤੋਂ ਬਾਹਰ ਜਾ ਰਹੇ ਹਾਂ, ਜੋ ਕਿ ਠੀਕ ਵਰਤਾਰਾ ਨਹੀਂ।

By  KRISHAN KUMAR SHARMA October 26th 2026 04:24 PM -- Updated: October 26th 2026 04:26 PM

Jathedar Kuldeep Singh Gargajj Norway Visit : ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਨਾਰਵੇ ਦੇ ਓਸਲੋ ਵਿਖੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਗਤ ਦੇ ਸਹਿਯੋਗ ਨਾਲ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਅਤੇ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਬਾਬਾ ਬੁੱਢਾ ਜੀ ਦੇ ਜੀਵਨ ਇਤਿਹਾਸ ਦੇ ਨਾਲ-ਨਾਲ ਸਿੱਖੀ ਸਿਧਾਂਤਾਂ, ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਸੰਗਤ ਨੂੰ ਸਿੱਖੀ ਨਾਲ ਜੁੜਣ ਪ੍ਰੇਰਣਾ ਕੀਤੀ।

Diwali 2026 Date : ਦੀਵਾਲੀ ਕਦੋਂ ਹੈ ? ਜਾਣੋ ਤਰੀਕ ਅਤੇ ਲਕਸ਼ਮੀ ਪੂਜਾ ਦਾ ਸ਼ੁਭ ਸਮਾਂ ਤੇ ਢੰਗ

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੱਕ ਛੇ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਕੀਤੀ ਅਤੇ ਗੁਰੂ ਘਰ ਦੀ ਪੂਰਨ ਸ਼ਰਧਾ ਨਾਲ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਬਾਬਾ ਬੁੱਢਾ ਜੀ ਬ੍ਰਹਮ-ਗਿਆਨੀ ਸਨ ਅਤੇ ਉਨ੍ਹਾਂ ਛੇਵੇਂ ਪਾਤਸ਼ਾਹ ਜੀ ਨੂੰ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਵੀ ਧਾਰਨ ਕਰਵਾਈਆਂ। ਬਾਬਾ ਬੁੱਢਾ ਜੀ ਨੇ ਹੀ ਛੇਵੇਂ ਪਾਤਸ਼ਾਹ ਜੀ ਨੂੰ ਸ਼ਸਤਰ ਵਿਦਿਆ ਸਿਖਾਈ, ਭਾਵ ਉਹ ਸੰਤ ਦੇ ਨਾਲ-ਨਾਲ ਸਿਪਾਹੀ ਵੀ ਸਨ। ਉਨ੍ਹਾਂ ਕਿਹਾ ਕਿ ਅੱਜ ਵੀ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਗੁਰੂ ਸਾਹਿਬ ਅਤੇ ਸਿੱਖੀ ਨਾਲ ਜੋੜੀਏ, ਬੱਚਿਆਂ ਦੇ ਕੇਸ ਸਾਬਤ ਰੱਖੀਏ।

ਨਾਰਵੇ 'ਚ ਸਿੱਖਾਂ ਦੀਆਂ ਮੁਸ਼ਕਿਲਾਂ ਦੇ ਹੱਲ 'ਤੇ ਦਿੱਤਾ ਸੁਝਾਅ

ਜਥੇਦਾਰ ਗੜਗੱਜ ਨੇ ਕਿਹਾ ਕਿ ਉਨ੍ਹਾਂ ਦੀ ਨਾਰਵੇ ਫੇਰੀ ਦੌਰਾਨ ਸਾਹਮਣੇ ਆਇਆ ਹੈ ਕਿ ਕੁਝ ਸਿੱਖ ਪਰਿਵਾਰਾਂ ਨੂੰ ਆਪਣੇ ਬੱਚਿਆਂ ਦੇ ਕੇਸ ਸਾਬਤ ਰੱਖਣ ਵਿੱਚ ਸਕੂਲਾਂ ਅੰਦਰ ਦੂਜੇ ਭਾਈਚਾਰਿਆਂ ਦੇ ਬੱਚਿਆਂ ਵੱਲੋਂ ਤੰਗ ਪਰੇਸ਼ਾਨ ਕਰਨ ਦੇ ਕਾਰਨ ਮੁਸ਼ਕਲਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਸਿੱਖ ਮਾਪਿਆਂ ਨੂੰ ਅਜਿਹੀ ਮੁਸ਼ਕਲ ਆ ਰਹੀ ਹੈ ਤਾਂ ਇਸ ਲਈ ਸਥਾਨਕ ਗੁਰਦੁਆਰਾ ਪ੍ਰਬੰਧਕ, ਸਿੱਖ ਆਗੂ ਅਤੇ ਸੰਗਤ ਇਕਜੁੱਟਤਾ ਨਾਲ ਨਾਰਵੇ ਸਰਕਾਰ ਦੇ ਸਿੱਖਿਆ ਵਿਭਾਗ ਅਤੇ ਸਬੰਧਤ ਸਕੂਲਾਂ ਦੇ ਪ੍ਰਸ਼ਾਸਨ ਨਾਲ ਗੱਲਬਾਤ ਰਾਹੀਂ ਇਸ ਮਸਲੇ ਦੇ ਹੱਲ ਲਈ ਉਪਰਾਲੇ ਕਰਨ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਦੂਜੇ ਭਾਈਚਾਰਿਆਂ ਦੇ ਬੱਚੇ ਵੀ ਬੱਚੇ ਹੀ ਹਨ, ਜਿਨ੍ਹਾਂ ਨੂੰ ਪਿਆਰ ਤੇ ਸੂਝ-ਬੂਝ ਨਾਲ ਸਮਝਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿਖਿਆ ਵਿਭਾਗ ਤੇ ਸਕੂਲ ਪ੍ਰਸ਼ਾਸਨ ਤੇ ਸਰਕਾਰ ਨੂੰ ਸਿੱਖੀ ਪਛਾਣ ਬਾਰੇ ਜਾਣੂ ਕਰਵਾਉਣ ਲਈ ਢੁਕਵੇਂ ਉਪਰਾਲੇ ਹੋਣ ਤਾਂ ਇਸ ਸਮੱਸਿਆ ਦਾ ਹੱਲ ਸੁਖਾਲਾ ਹੈ। ਉਨ੍ਹਾਂ ਕਿਹਾ ਕਿ ਸਾਡੇ ਬੱਚਿਆਂ ਦੀ ਸਿੱਖੀ ਅਤੇ ਮਾਸੂਮੀਅਤ ਕਾਇਮ ਰਹਿਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਵੀ ਅਜਿਹੇ ਮਸਲੇ ਜਾਂ ਸਮੱਸਿਆ ਨੂੰ ਇਕ ਦੂਜੇ ਨਾਲ ਮਿਲ ਬੈਠ ਕੇ ਵਿਚਾਰਨ ਅਤੇ ਹੱਲ ਕਰਨ ਦੇ ਲਈ ਹਨ।

ਸਿੱਖਾਂ ਨੂੰ ਵਾਦ-ਵਿਵਾਦ ਤੋਂ ਉਪਰ ਉਠ ਕੇ ਵੱਡੀਆਂ ਚੁਣੌਤੀਆਂ ਖਿਲਾਫ਼ ਇਕਜੁਟ ਹੋਣ ਦਾ ਸੰਦੇਸ਼

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਉਹ ਇਹ ਸਮਝਦੇ ਹਨ ਕਿ ਸਾਡੇ ਵਿੱਚ ਕਈ ਪਾਸਿਆਂ ਤੋਂ ਦੁਵਿਧਾ ਬਣ ਰਹੀ ਹੈ ਕਿ ਅਸੀਂ ਆਪਣੀ ਨਿੱਜੀ ਮਤ ਨੂੰ ਗੁਰਦੁਆਰਾ ਸਾਹਿਬ ਤੱਕ ਲੈ ਆਉਂਦੇ ਹਾਂ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹਣ ਲਈ ਸਾਡੇ ਬਜ਼ੁਰਗਾਂ ਨੇ ਬਹੁਤ ਘਾਲਣਾ ਘਾਲ ਕੇ ਅਤੇ ਕਈ ਸਾਲਾਂ ਦੀ ਵਿਚਾਰ ਤੋਂ ਬਾਅਦ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਬਣਾਈ। ਉਨ੍ਹਾਂ ਕਿਹਾ ਕਿ ਸਿੱਖ ਰਹਿਤ ਮਰਯਾਦਾ ਦੇ ਅਧਾਰ ’ਤੇ ਹੀ ਦੁਨੀਆ ਅੰਦਰ ਗੁਰਦੁਆਰਾ ਸਾਹਿਬਾਨ ਦੀ ਮਰਯਾਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮਰਯਾਦਾ ਵਿੱਚ ਦਰਜ ਹੈ ਕਿ ਗੁਰਬਾਣੀ, ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਦਾ ਕੀਰਤਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਵਿੱਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਲੋੜ ਹੈ ਕਿ ਇਹੋ ਜਿਹੇ ਵਾਦ-ਵਿਵਾਦ ਤੋਂ ਉੱਪਰ ਉੱਠ ਕੇ ਸਾਡੇ ਸਾਹਮਣੇ ਜੋ ਵੱਡੀਆਂ ਚੁਣੌਤੀਆਂ ਹਨ ਉਨ੍ਹਾਂ ਦਾ ਏਕਤਾ ਨਾਲ ਸਾਹਮਣਾ ਕਰੀਏ। ਸਾਡੇ ਲਈ ਸਭ ਤੋਂ ਅਹਿਮ ਹਨ ਸਾਡੇ ਬੱਚੇ ਅਤੇ ਇਹ ਯਕੀਨੀ ਬਣਾਉਣਾ ਕਿ ਬੱਚੇ ਸਿੱਖੀ ਧਰਮ ਨਾਲ ਕਿਵੇਂ ਜੁੜੇ ਰਹਿਣ, ਇਸ ਵਾਸਤੇ ਸਾਨੂੰ ਪ੍ਰੋਗਰਾਮ ਉਲੀਕਣੇ ਅਤੇ ਨੀਤੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਬੱਚਿਆਂ ਨੂੰ ਇਹ ਮਹਿਸੂਸ ਨਹੀਂ ਹੋਣਾ ਚਾਹੀਦਾ ਕਿ ਜੇਕਰ ਉਹ ਕੇਸ ਰੱਖਣਗੇ ਤਾਂ ਸ਼ਾਇਦ ਉਨ੍ਹਾਂ ਨੂੰ ਕੋਈ ਮੁਸ਼ਕਲ ਆਵੇਗੀ। ਉਨ੍ਹਾਂ ਕਿਹਾ ਕਿ ਕੇਸ ਸਿੱਖੀ ਦੀ ਪਛਾਣ ਹਨ, ਇਹ ਸਿੱਖ ਪਛਾਣ ਦਾ ਬਹੁਤ ਅਹਿਮ ਹਿੱਸਾ ਹਨ ਅਤੇ ਇਹ ਸਾਡੇ ਪੰਜ ਕਕਾਰਾਂ ਵਿੱਚੋਂ ਇੱਕ ਹਨ। ਬੱਚਿਆਂ ਨੂੰ ਬਚਪਨ ਤੋਂ ਹੀ ਗੁਰੂ ਸਾਹਿਬ ਨਾਲ ਜੋੜੀਏ, ਗੁਰਦੁਆਰਾ ਸਾਹਿਬ ਲੈ ਕੇ ਆਈਏ ਅਤੇ ਉਨ੍ਹਾਂ ਨੂੰ ਗੁਰੂ ਘਰ ਦੀਆਂ ਸੇਵਾਵਾਂ ਵਿੱਚ ਹਿੱਸਾ ਪੁਆਈਏ।

ਉਨ੍ਹਾਂ ਕਿਹਾ ਕਿ ਸਿੱਖਾਂ ਦੇ ਉੱਪਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕੁੰਡਾ ਹੈ, ਇਹ ਸਦਾ ਰਹਿਣਾ ਹੈ ਕਿਉਂਕਿ ਇਹ ਤਖ਼ਤ ਗੁਰੂ ਸਾਹਿਬ ਬਣਾਇਆ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਇਹ ਗੱਲਾਂ ਸਾਹਮਣੇ ਆਉਂਦੀਆਂ ਹਨ ਕਿ ਇਹ ਕੁੰਡਾ ਨਾ ਹੋਵੇ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿੱਖ ਰਹਿਤ ਮਰਯਾਦਾ ਮਨਮਰਜ਼ੀ ਦੇ ਹਿਸਾਬ ਨਾਲ ਹੋਵੇ, ਪਰ ਅਜਿਹਾ ਕਰਨ ਨਾਲ ਖ਼ਾਲਸਾ ਪੰਥ ਵਿੱਚ ਏਕਤਾ ਨਹੀਂ ਰਹੇਗੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਸਮਰਪਣ ਭਾਵਨਾ ਹਰ ਸਿੱਖ ਦਾ ਫ਼ਰਜ਼ ਹੈ ਅਤੇ ਇਸ ਕੁੰਡੇ ਤੋਂ ਬਾਹਰ ਜਾ ਕੇ ਸਿੱਖ ਕੋਲ ਕੁਝ ਨਹੀਂ। ਉਨ੍ਹਾਂ ਕਿਹਾ ਕਿ ਸਿੱਖ ਨੇ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੰਗਾਰਨ ਵਾਲੀਆਂ ਤਾਕਤਾਂ ਤੋਂ ਸੁਚੇਤ ਰਹਿਣਾ ਹੈ ਅਤੇ ਇਸ ਸੱਚੇ ਤਖ਼ਤ ਨੂੰ ਵੰਗਾਰਨ ਵਾਲਿਆਂ ਦਾ ਹਸ਼ਰ ਇਤਿਹਾਸ ਜਾਣਦਾ ਹੈ।

ਉਨ੍ਹਾਂ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ ਬਚਪਨ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਅਤੇ ਉਨ੍ਹਾਂ ਨੇ ਛੇਵੇਂ ਪਾਤਸ਼ਾਹ ਤੱਕ ਸਾਰੀ ਉਮਰ ਗੁਰੂ ਸਾਹਿਬ ਜੀ ਨਾਲ ਪ੍ਰੇਮ ਨੂੰ ਨਿਭਾਇਆ ਹੈ।

ਸਿੱਖ ਬੱਚਿਆਂ ਦੇ ਅਨੰਦ ਕਾਰਜ ਤੇ ਰਿਸ਼ਤੇ ਸਿੱਖ ਪਰਿਵਾਰਾਂ 'ਚ ਹੀ ਹੋਣ : ਜਥੇਦਾਰ

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖ ਬੱਚਿਆਂ ਦੇ ਅਨੰਦ ਕਾਰਜ ਅਤੇ ਰਿਸ਼ਤੇ ਸਿੱਖ ਪਰਿਵਾਰਾਂ ਵਿੱਚ ਹੀ ਹੋਣੇ ਚਾਹੀਦੇ ਹਨ। ਅੱਜ ਵਿਸ਼ਵ ਦੇ ਕਈ ਦੇਸ਼ਾਂ ਵਿੱਚ ਇਹ ਸਮੱਸਿਆ ਆ ਰਹੀ ਹੈ ਕਿ ਕਈ ਵਾਰ ਅਸੀਂ ਆਪਣੇ ਬੱਚੇ ਬੱਚੀਆਂ ਦੇ ਰਿਸ਼ਤੇ ਕਰਨ ਵੇਲੇ ਆਪਣੀ ਕੌਮ ਤੋਂ ਬਾਹਰ ਜਾ ਰਹੇ ਹਾਂ, ਜੋ ਕਿ ਠੀਕ ਵਰਤਾਰਾ ਨਹੀਂ। ਉਨ੍ਹਾਂ ਕਿਹਾ ਕਿ ਅਨੰਦ ਕਾਰਜ ਸਿਰਫ਼ ਦੋ ਸਰੀਰਾਂ ਦਾ ਮੇਲ ਨਹੀਂ ਬਲਕਿ ਸੋਚ ਦਾ ਵੀ ਮੇਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਈ ਦੇਸ਼ਾਂ ਅੰਦਰ ਸਿੱਖ ਨੌਜਵਾਨ ਧੀਆਂ ਨੂੰ ਗਰੂਮਿੰਗ ਰਾਹੀਂ ਵਰਗਲਾਇਆ ਜਾਂਦਾ ਹੈ ਜਿਸ ਵਿਰੁੱਧ ਕਈ ਨੌਜਵਾਨ ਸਿੱਖ ਸੰਸਥਾਵਾਂ ਚੰਗਾ ਕੰਮ ਕਰ ਰਹੀਆਂ ਹਨ, ਪਰ ਇਸ ਸਮੱਸਿਆ ਨਾਲ ਨਜਿੱਠਣ ਲਈ ਹੋਰ ਠੋਸ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਪਣੇ ਬੱਚਿਆਂ ਦੇ ਰਿਸ਼ਤੇ ਕਰਨ ਵੇਲੇ ਅੱਜ ਸਿੱਖ ਮਾਪਿਆਂ ਨੂੰ ਗੁਰੂ ਅਮਰਦਾਸ ਜੀ ਤੋਂ ਸੇਧ ਲੈਣ ਦੀ ਲੋੜ ਹੈ ਜਿਨ੍ਹਾਂ ਨੇ ਭਾਈ ਜੇਠਾ ਜੀ (ਗੁਰੂ ਰਾਮਦਾਸ ਜੀ) ਦੇ ਗੁਣ ਦੇਖੇ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਪ੍ਰਤੀ ਸਮਰਪਣ ਤੇ ਸੇਵਾ ਭਾਵ ਦੇਖਿਆ। ਜੇਕਰ ਅਸੀਂ ਅੱਜ ਦੇਖਣਾ ਹੋਵੇ ਤਾਂ ਅਸੀਂ ਕੌਮਪ੍ਰਸਤੀ ਅਤੇ ਸਿੱਖੀ ਦੇ ਗੁਣ ਦੇਖਾਂਗੇ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਅੰਦਰ ਹਰ ਐਤਵਾਰ ਗੁਰਦੁਆਰਾ ਸਾਹਿਬ ਵਿੱਚ ਆਪਣੇ ਬੱਚਿਆਂ ਸਮੇਤ ਸੰਗਤ ਕਰਨ ਦੀ ਰਵਾਇਤ ਹਮੇਸ਼ਾ ਕਾਇਮ ਰੱਖੀ ਜਾਵੇ ਅਤੇ ਮਾਪੇ ਆਪਣੇ ਬੱਚਿਆਂ ਨਾਲ ਸਮਾਂ ਜ਼ਰੂਰ ਬਤੀਤ ਵੀ ਕਰਨ ਨਾ ਕਿ ਕੇਵਲ ਮਾਇਆ ਕਮਾਉਣ ਦੇ ਚੱਕਰਾਂ ਵਿੱਚ ਭੱਜ-ਨੱਠ ਕਰਦੇ ਰਹਿਣ।


ਉਨ੍ਹਾਂ ਕਿਹਾ ਕਿ ਸਿੱਖ ਨੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਪੂਰਨ ਵਿਸ਼ਵਾਸ ਰੱਖਣਾ ਹੈ ਅਤੇ ਕਿਸੇ ਡੇਰੇਦਾਰ ਜਾਂ ਦੇਹਧਾਰੀਆਂ ਕੋਲ ਨਹੀਂ ਜਾਣਾ। ਉਨ੍ਹਾਂ ਕਿਹਾ ਕਿ ਸਾਡੇ ਸੋਗ ਤੇ ਸੰਤਾਪ, ਸਾਡੀਆਂ ਚਿੰਤਾਵਾਂ ਤੇ ਮੁਸ਼ਕਲਾਂ ਦਾ ਹੱਲ ਗੁਰਬਾਣੀ ਵਿੱਚ ਹੈ। ਉਨ੍ਹਾਂ ਨਾਰਵੇ ਦੀ ਸਿੱਖ ਸੰਗਤ ਨੂੰ ਆਖਿਆ ਕਿ ਉਹ ਸਮੇਂ-ਸਮੇਂ ਸਾਲ ਦੋ ਸਾਲ ਬਾਅਦ ਆਪਣੇ ਬੱਚਿਆਂ ਨੂੰ ਪੰਜਾਬ ਜ਼ਰੂਰ ਲੈ ਕੇ ਜਾਣ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਤੇ ਇਸ਼ਨਾਨ ਜ਼ਰੂਰ ਕਰਵਾਉਣ ਤਾਂ ਜੋ ਉਹ ਆਪਣੇ ਧੁਰੇ ਨਾਲ ਜੁੜੇ ਰਹਿਣ ਤੇ ਉਨ੍ਹਾਂ ਨੂੰ ਪੰਜਾਬ ਬਾਰੇ ਪਤਾ ਹੋਵੇ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਕੇਂਦਰੀ ਸ਼ਹਿਰ ਅੰਮ੍ਰਿਤਸਰ ਦਾ 450 ਸਾਲਾ ਸਥਾਪਨਾ ਦਿਹਾੜਾ ਆ ਰਿਹਾ ਹੈ, ਇਸ ਲਈ ਉਨ੍ਹਾਂ ਨਾਰਵੇ ਦੀ ਸਮੂਹ ਸਿੱਖ ਸੰਗਤ ਨੂੰ ਸੱਦਾ ਦਿੱਤਾ ਕਿ ਉਹ ਇਸ ਮੌਕੇ ਅੰਮ੍ਰਿਤਸਰ ਆ ਕੇ ਜ਼ਰੂਰ ਨਤਮਸਤਕ ਹੋਣ। ਉਨ੍ਹਾਂ ਨਾਰਵੇ ਦੀ ਸਿੱਖ ਸੰਗਤ ਨੂੰ ਤਾਕੀਦ ਕੀਤੀ ਕਿ ਪੰਜਾਬ ਅੰਦਰ ਆਪਣੀਆਂ ਜ਼ਮੀਨਾਂ ਨਾ ਵੇਚਣ, ਨਵੀਆਂ ਭਾਵੇਂ ਜਿੰਨੀ ਮਰਜ਼ੀ ਲੈ ਲਈ ਜਾਵੇ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਸੰਗਤ ਨੂੰ ਸੋਸ਼ਲ ਮੀਡੀਆ ਦੀ ਸਾਰਥਕ ਅਤੇ ਸਕਾਰਾਤਮਕ ਪ੍ਰਚਾਰ ਲਈ ਵਰਤੋਂ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਅੱਜ ਸਿੱਖ ਸੋਸ਼ਲ ਮੀਡੀਆ ਦੀ ਸਾਰਥਕ ਵਰਤੋਂ ਕਰਨ ਦੀ ਬਜਾਏ ਇਸ ਦੀ ਦੁਰਵਰਤੋਂ ਇਕ ਦੂਜੇ ਵਿਰੁੱਧ ਭੰਡੀ ਪ੍ਰਚਾਰ ਕਰਨ ਲਈ ਕਰ ਰਹੇ ਹਨ ਅਤੇ ਅਜਿਹੇ ਕੇਵਲ ਆਪਣੀ ਹਉਮੈਂ ਕਾਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਵਿਚਕਾਰ ਕਿਸੇ ਕਿਸਮ ਦੀ ਧੜੇਬੰਦੀ ਨਹੀਂ ਬਲਕਿ ਅਸੀਂ ਖ਼ਾਲਸਾ ਪੰਥ ਦੇ ਰੂਪ ਵਿੱਚ ਇਕ ਪਰਿਵਾਰ ਹਾਂ, ਜੇਕਰ ਕੋਈ ਮਤਭੇਦ ਹੈ ਤਾਂ ਉਸ ਨੂੰ ਪਰਿਵਾਰ ਵਾਂਗ ਮਿਲ ਬੈਠ ਕੇ ਦੂਰ ਕਰਨਾ ਚਾਹੀਦਾ ਹੈ। 


ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਅਜਿਹੀਆਂ ਸ਼ਕਤੀਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਜੋ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਲਈ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਸਮੇਂ ਦੇ ਮੁੱਖ ਲੋੜ ਆਪਣੇ ਬੱਚਿਆਂ, ਨੌਜਵਾਨਾਂ ਤੇ ਧੀਆਂ ਲਈ ਪ੍ਰੋਗਰਾਮ ਤੇ ਨੀਤੀ ਬਣਾਈਏ ਅਤੇ ਆਪਸ ਵਿੱਚ ਪ੍ਰੇਮ ਸਤਿਕਾਰ ਨਾਲ ਰਹੀਏ। ਉਨ੍ਹਾਂ ਪੰਜਾਬ ਅੰਦਰ ਆਪਣੇ ਪਿੰਡਾਂ ਅੰਦਰ ਲੋੜਵੰਦ ਸਿੱਖ ਪਰਿਵਾਰਾਂ ਦੀ ਵੱਧ ਤੋਂ ਵੱਧ ਮਦਦ ਕਰਨ ਦੀ ਅਪੀਲ ਕੀਤੀ ਅਤੇ ਸੁਚੇਤ ਕੀਤਾ ਕਿ ਇਹ ਮਦਦ ਲੋੜਵੰਦ ਪਰਿਵਾਰ ਨੂੰ ਸਿੱਧੀ ਪਹੁੰਚਾਈ ਜਾਵੇ। 

ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਓਸਲੋ ਵੱਲੋਂ ਗੁਰੂ ਘਰ ਦੀ ਨਵੀਂ ਇਮਾਰਤ ਲਈ ਸ਼ੁਰੂ ਕੀਤੀ ਗਈ ਸੇਵਾ ਵਾਸਤੇ ਜਥੇਦਾਰ ਗੜਗੱਜ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਇਹ ਗੁਰੂ ਅਤੇ ਧਰਮ ਦਾ ਕਾਰਜ ਹੈ ਜਿਸ ਲਈ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ।

ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। 

ਇਹ ਵੀ ਪੜ੍ਹੋ...ਮੁਲਾਜ਼ਮਾਂ ਨੂੰ DA 'ਤੇ ਦੀਵਾਲੀ ਤੋਂ ਪਹਿਲਾਂ ਮਿਲ ਸਕਦੀ ਹੈ ਵੱਡੀ ਖੁਸ਼ਖਬਰੀ ! ਜਾਣੋ ਕਿੰਨੀ ਵਧੇਗੀ ਤਨਖਾਹ ?

Related Post