ਜਾਣੋ ਉੱਤਰੀ ਕੋਰੀਆ ਦਾ ਤਾਨਾਸ਼ਾਹ ਕਿਮ ਜੋਂਗ ਉਨ ਹਵਾਈ ਉਡਾਣ ਦੀ ਥਾਂ ਕਿਉਂ ਕਰਦਾ ਬੁਲੇਟਪਰੂਫ ਰੇਲਗੱਡੀ 'ਚ ਸਫ਼ਰ

By  Jasmeet Singh September 13th 2023 08:02 PM

Kim Jong Un Bulletproof Train Features Explained: ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਮੰਗਲਵਾਰ ਨੂੰ ਰੂਸ ਪਹੁੰਚ ਗਏ। ਇਸ ਦੌਰੇ ਕਾਰਨ ਉਸ ਦੀ ਨਿੱਜੀ ਰੇਲਗੱਡੀ ਇੱਕ ਵਾਰ ਫਿਰ ਸੁਰਖੀਆਂ 'ਚ ਹੈ। ਉਸ ਨੇ ਇਸ ਰੇਲਗੱਡੀ ਰਾਹੀਂ ਪਿਓਂਗਯਾਂਗ ਤੋਂ ਰੂਸ ਦੇ ਵਲਾਦੀਵੋਸਤੋਕ ਸ਼ਹਿਰ ਦੀ ਯਾਤਰਾ ਕੀਤੀ। 1180 ਕਿਲੋਮੀਟਰ ਦੇ ਇਸ ਸਫ਼ਰ ਵਿੱਚ ਉਸ ਨੂੰ 20 ਘੰਟੇ ਲੱਗੇ।

ਕਿਮ ਜੋਂਗ ਉਨ ਫਲਾਈਟ ਦੀ ਬਜਾਏ ਰੇਲਗੱਡੀ 'ਚ ਕਿਉਂ ਕਰਦਾ ਸਫ਼ਰ?
ਉੱਤਰੀ ਕੋਰੀਆ ਦੇ ਆਵਾਜਾਈ ਮਾਹਿਰ ਆਹਨ ਬਯੁੰਗ-ਮਿਨ ਦੇ ਮੁਤਾਬਕ ਕਿਮ ਜੋਂਗ ਉਨ ਅਤੇ ਉਸ ਦੇ ਪਰਿਵਾਰ ਨੇ ਰੇਲਗੱਡੀ ਰਾਹੀਂ ਯਾਤਰਾ ਕਰਨ ਲਈ ਅਜੇ ਤੱਕ ਕੋਈ ਸਪੱਸ਼ਟ ਕਾਰਨ ਨਹੀਂ ਦੱਸਿਆ ਹੈ। ਕਿਮ ਜੋਂਗ ਉਨ ਦੇ ਦਾਦਾ ਅਤੇ ਪਿਤਾ ਨੇ ਵੀ ਰੇਲਗੱਡੀ ਰਾਹੀਂ ਵਿਦੇਸ਼ ਯਾਤਰਾ ਕੀਤੀ ਸੀ। ਹਾਲਾਂਕਿ ਇਹ ਹੋ ਸਕਦਾ ਹੈ ਕਿ ਕਿਮ ਜੋਂਗ ਉਨ ਨੇ ਇਸ ਪਰੰਪਰਾ ਦਾ ਪਾਲਣ ਕਰਨ ਲਈ ਰੇਲਗੱਡੀ ਦੀ ਯਾਤਰਾ ਕੀਤੀ ਹੋਵੇ।



ਕਿਮ ਜੋਂਗ ਦੇ ਦਾਦਾ ਅਤੇ ਪਿਤਾ ਦੀ ਰੇਲਗੱਡੀ ਯਾਤਰਾ
ਰੇਲਗੱਡੀ ਰਾਹੀਂ ਯਾਤਰਾ ਕਰਨ ਦੀ ਪਰੰਪਰਾ ਕਿਮ ਜੋਂਗ- ਉਨ ਦੇ ਦਾਦਾ ਕਿਮ ਇਲ ਸੁੰਗ ਦੁਆਰਾ ਸ਼ੁਰੂ ਕੀਤੀ ਗਈ ਸੀ। ਉਸ ਨੇ ਵੀਅਤਨਾਮ ਅਤੇ ਪੂਰਬੀ ਯੂਰਪ ਦੀਆਂ ਯਾਤਰਾਵਾਂ ਲਈ ਆਪਣੀ ਰੇਲਗੱਡੀ ਦੀ ਵਰਤੋਂ ਕੀਤੀ। ਪ੍ਰੈਸ ਦੇ ਮੁਤਾਬਕ ਕਿਮ ਜੋਂਗ ਉਨ ਦੇ ਦਾਦਾ ਹਵਾਈ ਸਫਰ ਕਰਨ ਤੋਂ ਡਰਦਾ ਸੀ। ਹਾਲਾਂਕਿ ਇਹ ਹੋ ਸਕਦਾ ਹੈ ਕਿ ਇਹ ਡਰ ਉਸਦੇ ਅੰਦਰ ਉਦੋਂ ਪੈਦਾ ਹੋਇਆ ਸੀ ਜਦੋਂ ਉਸਦਾ ਜੈੱਟ ਇੱਕ ਵਾਰ ਕਰੈਸ਼ ਕਰ ਗਿਆ ਸੀ। ਕਿਮ ਜੋਂਗ ਉਨ ਦੇ ਪਿਤਾ ਕਿਮ ਜੋਂਗ ਇਲ ਨੇ 1994 ਤੋਂ 2011 ਤੱਕ ਉੱਤਰੀ ਕੋਰੀਆ 'ਤੇ ਰਾਜ ਕੀਤਾ। ਇਸ ਦੌਰਾਨ 2001 ਵਿੱਚ ਉਹ 10 ਦਿਨ ਰੇਲਗੱਡੀ ਰਾਹੀਂ ਮਾਸਕੋ ਪਹੁੰਚਿਆ ਸੀ।

ਸੋਵੀਅਤ ਯੂਨੀਅਨ ਨੇ ਤੋਹਫ਼ੇ 'ਚ ਦਿੱਤੀ ਸੀ ਇਹ ਰੇਲਗੱਡੀ 
ਦੱਖਣੀ ਅਤੇ ਉੱਤਰੀ ਕੋਰੀਆ ਵਿਚਕਾਰ 1950 ਤੋਂ 1953 ਤੱਕ ਯੁੱਧ ਸ਼ੁਰੂ ਹੋਇਆ ਸੀ। ਇਸ ਦੌਰਾਨ ਹੀ ਸੋਵੀਅਤ ਯੂਨੀਅਨ ਨੇ ਉੱਤਰੀ ਕੋਰੀਆ ਦੇ ਸ਼ਾਸਕ ਨੂੰ ਇੱਕ ਰੇਲਗੱਡੀ ਤੋਹਫੇ ਵਜੋਂ ਦਿੱਤੀ ਸੀ। ਉਸ ਨੇ ਇਸ ਰੇਲਗੱਡੀ ਨੂੰ ਯੁੱਧ ਦੇ ਮੁੱਖ ਦਫ਼ਤਰ ਵਜੋਂ ਵਰਤਿਆ। ਇਸ ਟਰੇਨ ਰਾਹੀਂ ਜੰਗ ਸਬੰਧੀ ਰਣਨੀਤੀ ਬਣਾਈ ਜਾਣ ਲੱਗੀ ਬਾਅਦ ਵਿੱਚ ਇਹ ਰੇਲਗੱਡੀ ਦਾ ਨਾ ਸ਼ਾਹੀ ਰੇਲਗੱਡੀ ਰੱਖਿਆ ਗਿਆ।



ਸਿਰਫ਼ ਰੇਲਗੱਡੀ ਨਹੀਂ ਸਗੋਂ ਇੱਕ ਚਲਦਾ ਫ਼ਿਰਦਾ ਕਿਲ੍ਹਾ
ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਕਿਮ ਜੋਂਗ ਉਨ ਦੀ ਰੇਲਗੱਡੀ ਨੂੰ ਚਲਣ ਦਰਮਿਆਨ ਜ਼ਮੀਨ ਅਤੇ ਅਸਮਾਨ ਤੋਂ ਸੁਰੱਖਿਆ ਦਿੱਤੀ ਜਾਂਦੀ ਹੈ। 100 ਤੋਂ ਵੱਧ ਸ਼ਾਰਪ-ਸ਼ੂਟਰ ਸੁਰੱਖਿਆ ਬਲ ਦਾ ਇੱਕ ਕਾਫ਼ਿਲਾ ਰੇਲਗੱਡੀ ਦੇ ਅੱਗੇ ਚੱਲਦਾ ਹੈ। ਇਹ ਸੁਰੱਖਿਆ ਬਲ ਹਰ ਸਟੇਸ਼ਨ ਦੀ ਬਰੀਕੀ ਨਾਲ ਜਾਂਚ ਕਰਦੇ ਹਨ ਅਤੇ ਉਸ ਰੂਟ 'ਤੇ ਆਉਣ ਅਤੇ ਜਾਣ ਵਾਲੀਆਂ ਗੱਡੀਆਂ ਦਾ ਰੂਟ ਬਦਲ ਦਿੱਤਾ ਜਾਂਦਾ ਹੈ ਕਿਸੇ ਵੀ ਤਰ੍ਹਾਂ ਦੇ ਹਵਾਈ ਹਮਲੇ ਨੂੰ ਰੋਕਣ ਲਈ ਸੋਵੀਅਤ ਨੇ ਇਸ ਰੇਲਗੱਡੀ ਦੇ ਨਾਲ ਉੱਤਰੀ ਕੋਰੀਆ ਦੇ ਸ਼ਾਸਕ ਲਈ ਹਵਾਈ ਸੈਨਾ ਦੇ ਖ਼ਾਸ IL-76 ਏਅਰਕ੍ਰਾਫਟ ਅਤੇ Mi-17 ਹੈਲੀਕਾਪਟਰ ਬਣਾਏ ਹਨ। 

ਕਿਮ ਜੋਂਗ ਉਨ ਦੀ ਰੇਲਗੱਡੀ ਤੋਂ ਅੱਗੇ ਇੱਕ ਰੇਲਗੱਡੀ ਹੋਰ ਚਲਦੀ ਹੈ, ਜੋ ਟਰੈਕ ਅਤੇ ਹੋਰ ਖ਼ਤਰਿਆਂ ਦੀ ਜਾਂਚ ਕਰਨ ਤੋਂ ਬਾਅਦ ਅੱਗੇ ਵਧਦੀ ਹੈ। ਇਨ੍ਹਾਂ ਟਰੇਨਾਂ ਦੀ ਸੁਰੱਖਿਆ ਏਜੰਟਾਂ ਦੁਆਰਾ ਨੇੜਿਓਂ ਬਾਰੀਕੀ ਨਾਲ ਕੀਤੀ ਜਾਂਦੀ ਹੈ, ਜੋ ਰੂਟਾਂ ਅਤੇ ਆਉਣ ਵਾਲੇ ਸਟੇਸ਼ਨਾਂ ਨੂੰ ਬੰਬਾਂ ਅਤੇ ਹੋਰ ਖਤਰਿਆਂ ਲਈ ਸਕੈਨ ਕਰਦੇ ਹਨ। ਕਿਮ ਜੋਂਗ ਉਨ ਦੀ ਰੇਲਗੱਡੀ ਤੋਂ ਬਾਅਦ ਵੀ ਇੱਕ ਰੇਲਗੱਡੀ ਚਲਦੀ ਹੈ ਜੋ ਸੁਰੱਖਿਆ ਕਰਮਚਾਰੀਆਂ ਅਤੇ ਬਾਡੀਗਾਰਡਾਂ ਨੂੰ ਲੈ ਕੇ ਆਉਂਦੀ ਹੈ। 


ਬੁਲੇਟਪਰੂਫ ਦੇ ਭਾਰ ਕਾਰਨ ਹੌਲੀ-ਹੌਲੀ ਚਲਦੀ ਰੇਲਗੱਡੀ 
ਕਿਮ ਜੋਂਗ ਉਨ ਦੀ ਰੇਲਗੱਡੀ ਹੋਲੀ ਚਲਣ ਦਾ ਕਾਰਨ ਹੈ ਕਿ ਇਹ ਬੁਲੇਟਪਰੂਫ ਹੋਣ ਕਾਰਨ ਬਹੁਤ ਭਾਰੀ ਹੈ ਅਤੇ ਇਸਨੂੰ 4 ਜਾਂ ਇਸਤੋਂ ਵੱਧ ਇੰਜਣਾਂ ਦੀ ਮਦਦ ਨਾਲ ਖਿੱਚਣਾ ਪੈਂਦਾ ਹੈ। ਇਹ ਰੇਲਗੱਡੀ ਇੱਕ ਘੰਟੇ ਵਿੱਚ ਵੱਧ ਤੋਂ ਵੱਧ 59 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ। ਜਦਕਿ ਭਾਰਤ 'ਚ ਆਮ ਰੇਲਾਂ ਦੀ ਰਫਤਾਰ 100-120 ਕਿਲੋਮੀਟਰ ਹੁੰਦੀ ਹੈ। 



ਵਿਦੇਸ਼ੀ ਭੋਜਨ ਅਤੇ ਮਨੋਰੰਜਨ ਦਾ ਵੀ ਪ੍ਰਬੰਧ
ਕਿਮ ਜੋਂਗ ਇਲ ਨਾਲ ਇਸ ਰੇਲਗੱਡੀ 'ਚ ਰੂਸੀ ਫੌਜ ਦੇ ਅਧਿਕਾਰੀ ਕੋਨਸਟੈਂਟਿਨ ਪੁਲੀਕੋਵਸਕੀ ਨੇ ਸਫਰ ਕੀਤਾ ਅਤੇ ਉਨ੍ਹਾਂ ਨੇ ਆਪਣੀ ਕਿਤਾਬ 'ਓਰੀਐਂਟ ਐਕਸਪ੍ਰੈਸ' 'ਚ ਦੱਸਿਆ ਹੈ ਕਿ ਇਹ ਰੇਲਗੱਡੀ ਪੁਤਿਨ ਦੀ ਰੇਲਗੱਡੀ ਨਾਲੋਂ ਜ਼ਿਆਦਾ ਆਰਾਮਦਾਇਕ ਹੈ। ਰੂਸੀ, ਚੀਨੀ, ਕੋਰੀਅਨ, ਜਾਪਾਨੀ… ਹਰ ਤਰ੍ਹਾਂ ਦੇ ਵਿਦੇਸ਼ੀ ਖਾਣੇ ਦਾ ਇੱਥੇ ਪ੍ਰਬੰਧ ਕੀਤਾ ਗਿਆ ਹੈ। ਪੀਲੀ ਧਾਰੀਦਾਰ ਅਤੇ ਹਰੇ ਰੰਗ ਦੀ ਇਸ ਰੇਲਗੱਡੀ 'ਚ ਮੌਜੂਦ ਕਾਨਫਰੰਸ ਰੂਮ ਅਤੇ ਬੈੱਡਰੂਮ ਕਿਸੇ ਪੰਜ ਤਾਰਾ ਹੋਟਲ ਤੋਂ ਘੱਟ ਨਹੀਂ ਹਨ। ਇਨ੍ਹਾਂ ਹੀ ਨਹੀਂ ਸਫ਼ਰ ਦੌਰਾਨ ਉੱਤਰੀ ਕੋਰੀਆ ਦੇ ਤਾਨਾਸ਼ਾਹ ਹਮੇਸ਼ਾ ਸੈਟੇਲਾਈਟ ਟੀ.ਵੀ. ਅਤੇ ਫ਼ੋਨ ਰਾਹੀਂ ਆਪਣੇ ਦੇਸ਼ ਦੇ ਸੀਨੀਅਰ ਅਧਿਕਾਰੀਆਂ ਨਾਲ ਸੰਪਰਕ ਵਿੱਚ ਰਹਿੰਦੇ ਹਨ।

- ਸਚਿਨ ਜਿੰਦਲ ਦੇ ਸਹਿਯੋਗ ਨਾਲ 

ਇਹ ਵੀ ਪੜ੍ਹੋ: ਭਾਰਤੀ ਏਅਰਫੋਰਸ ਦੀ ਵਧੀ ਤਾਕਤ, ਏਅਰਬੱਸ ਨੇ ਭਾਰਤ ਨੂੰ ਸੌਂਪਿਆ ਪਹਿਲਾ C-295 ਜਹਾਜ਼

Related Post