ਲੁਧਿਆਣਾ ਚ ਪੁਲਿਸ ਦੀ ਵੱਡੀ ਕਾਰਵਾਈ, ਗੁ: ਰੇਰੂ ਸਾਹਿਬ ਤੋਂ ਗੁਰੂ ਦੋਖੀ ਤੇ ਪੰਥ ਵਿਰੋਧੀ ਫਲੈਕਸ ਬੋਰਡ ਉਤਾਰੇ !
Gurdwara Reru Sahib : ਪੁਲਿਸ ਪ੍ਰਸ਼ਾਸਨ ਨਾਲ ਫੋਨ ਉੱਪਰ ਗੱਲ ਕੀਤੀ ਗਈ ਤਾਂ ਪੁਲਿਸ ਜ਼ਿਲ੍ਹਾ ਖੰਨਾ ਦੇ ਅਧੀਨ ਆਉਂਦੇ ਥਾਣਾ ਦੋਰਾਹਾ ਤੋਂ ਐਸਐਚਓ ਆਕਾਸ਼ ਦੱਤ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਇਹ ਪੋਸਟਰ ਉਤਰਵਾਏ ਗਏ ਹਨ, ਪਰ ਗੁਰਦੁਆਰਾ ਕਮੇਟੀ ਦਾ ਪੱਖ ਇਸਦੇ ਉਲਟ ਰਿਹਾ।
Ludhiana : ਪੰਜਾਬ ਦੀ 'ਆਪ' ਸਰਕਾਰ ਮੁੱਖ ਮੰਤਰੀ ਭਗਵੰਤ ਮਾਨ (CM Mann Viral Video Case) ਦੇ ਵਿਰੋਧ ਤੋਂ ਘਬਰਾਈ ਜਾਪਦੀ ਹੈ, ਜਿਸ ਦੀ ਤਸਵੀਰ ਲੁਧਿਆਣਾ ਦੇ ਪਾਇਲ(Payal) ਹਲਕੇ ਤੋਂ ਵਿਖਾਈ ਦਿੱਤੀ ਹੈ। ਇਥੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਪੰਜਾਬ ਪੁਲਿਸ (Punjab Police) ਦੇ ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਮਾਨ ਦੇ ਵਿਰੋਧ ਦਰਸਾਉਂਦੇ ਪੋਸਟਰਾਂ ਨੂੰ ਉਤਾਰਿਆ ਗਿਆ ਹੈ।
ਦੱਸ ਦਈਏ ਕਿ ਸ੍ਰੀ ਅਕਾਲ ਤਖਤ ਸਾਹਿਬ (Sri Akal Takht Sahib) ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਾਇਰਲ ਵੀਡੀਓ ਮਾਮਲੇ ਵਿੱਚ 'ਗੁਰੂ ਦੋਖੀ ਤੇ ਪੰਥ ਵਿਰੋਧੀ' ਐਲਾਨਿਆ ਗਿਆ ਹੈ ਅਤੇ ਸਿੱਖ ਸੰਗਤ ਨੂੰ ਹੁਕਮ ਕੀਤਾ ਗਿਆ ਹੈ ਕਿ ਕੋਈ ਵੀ ਮੁੱਖ ਮੰਤਰੀ ਮਾਨ ਨੂੰ ਮੂੰਹ ਨਾ ਲਾਉਣ। ਇਸੇ ਕੜੀ ਤਹਿਤ ਪੰਜਾਬ ਵਿੱਚ ਗੁਰਦੁਆਰਾ ਸਾਹਿਬਾਨ ਦੇ ਬਾਹਰ ਰੋਸ ਵੱਜੋਂ ਸੀਐਮ ਮਾਨ ਦੇ 'ਗੁਰੂ ਦੋਖੀ ਤੇ ਪੰਥ ਵਿਰੋਧੀ' ਫਲੈਕਸ ਬੋਰਡ ਬਣਾ ਗੁਰਦੁਆਰਾ ਸ੍ਰੀ ਰੇਰੂ ਸਾਹਿਬ (Gurdwara Reru Sahib) ਵਿਖੇ ਵੀ ਲਾਏ ਗਏ ਸਨ।
ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਪੋਸਟਰ ਉਤਰਵਾਏ : ਪੁਲਿਸ
ਇਸ ਬਾਰੇ, ਜਦੋਂ ਪੁਲਿਸ ਪ੍ਰਸ਼ਾਸਨ ਨਾਲ ਫੋਨ ਉੱਪਰ ਗੱਲ ਕੀਤੀ ਗਈ ਤਾਂ ਪੁਲਿਸ ਜ਼ਿਲ੍ਹਾ ਖੰਨਾ ਦੇ ਅਧੀਨ ਆਉਂਦੇ ਥਾਣਾ ਦੋਰਾਹਾ ਤੋਂ ਐਸਐਚਓ ਆਕਾਸ਼ ਦੱਤ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਇਹ ਪੋਸਟਰ ਉਤਰਵਾਏ ਗਏ ਹਨ, ਪੰਜਾਬ ਪੁਲਿਸ ਨੇ ਸਿਰਫ ਉਥੋਂ ਫਲੈਕਸ ਬੋਰਡ ਚੱਕ ਕੇ ਹਨ ਤਾਂ ਜੋ ਕਿਸੇ ਪ੍ਰਕਾਰ ਦਾ ਵਿਵਾਦ ਨਾ ਬਣੇ।
ਪੁਲਿਸ ਮੁਲਾਜ਼ਮਾਂ ਨੇ ਉਤਾਰੇ ਪੋਸਟਰ : ਗੁਰਦੁਆਰਾ ਰੇਰੂ ਸਾਹਿਬ ਮੈਨੇਜਰ
ਇਸ ਸਬੰਧੀ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਗੁਰਦੁਆਰਾ ਰੇਰੂ ਸਾਹਿਬ ਪਾਤਸ਼ਾਹੀ ਦਸਵੀਂ ਦੇ ਮੈਨੇਜਰ ਭਾਈ ਸਾਹਿਬ ਚੰਚਲਪ੍ਰੀਤ ਸਿੰਘ ਜੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅੱਜ ਸਵੇਰੇ 06:00 ਵਜੇ ਦੇ ਕਰੀਬ ਪੰਜਾਬ ਪੁਲਿਸ ਦੇ ਦੋ ਦੇ ਕਰੀਬ ਜਵਾਨਾਂ ਵੱਲੋਂ ਇਹ ਫਲੈਕਸ ਬੋਰਡ ਉਤਾਰੇ ਗਏ। ਉਨ੍ਹਾਂ ਨੇ ਕਿਹਾ ਕਿ ਇਹ ਕੁੱਲ ਚਾਰ ਵਿਅਕਤੀ ਗੱਡੀ ਵਿੱਚ ਆਏ ਸਨ, ਜਿਨ੍ਹਾਂ ਵਿੱਚੋਂ ਦੋ ਵਿਅਕਤੀਆਂ ਦੇ ਪੁਲਿਸ ਦੀ ਵਰਦੀ ਪਾਈ ਹੋਈ ਸੀ ਅਤੇ ਦੋ ਸਿਵਿਲ ਵਿੱਚ ਸਨ। ਨਾਲ ਹੀ, ਉਨ੍ਹਾਂ ਇਹ ਵੀ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣਾ ਸਿੱਖਾਂ ਦਾ ਫਰਜ਼ ਹੈ।
'ਆਪ' ਦਾ ਆਇਆ ਬਿਆਨ, ਸ਼੍ਰੋਮਣੀ ਅਕਾਲੀ ਦਲ ਨੇ ਕਿਹਾ - ਜੰਗਲ ਰਾਜ
ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਇਹ ਬੋਰਡ ਉਤਰਵਾਏ ਗਏ ਹਨ ਕਿਉਂਕਿ ਅੱਜ ਗੁਰਦੁਆਰਾ ਸਾਹਿਬ ਵਿਖੇ ਦੋ ਨੌਜਵਾਨਾਂ ਦੀ ਅੰਤਿਮ ਅਰਦਾਸ ਹੋਣੀ ਸੀ, ਜੋ ਬੀਤੇ ਦਿਨੀ ਇੱਕ ਐਕਸੀਡੈਂਟ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ।
ਹਲਕਾ ਪਾਇਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਨੇ ਕਿਹਾ ਕਿ ਪੰਜਾਬ ਵਿੱਚ ਪੁਲਿਸ ਰਾਜ ਹੈ। ਮਦਨੀਪੁਰ ਨੇ ਕਿਹਾ ਕਿ ਇਹ ਸਾਰਾ ਕੁਝ ਹਲਕਾ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਕਹਿਣ ਉੱਤੇ ਹੀ ਪੁਲਿਸ ਨੇ ਕੀਤਾ ਹੈ।