ਦੁਕਾਨਦਾਰ ਦੀ ਅਣਗਹਿਲੀ ਨੇ ਮਾਸੂਮਾਂ ਕੋਲੋਂ ਖੋਇਆ ਬਾਪ ਦਾ ਸਾਇਆ, ਪਰਿਵਾਰਿਕ ਮੈਂਬਰਾਂ ਵੱਲੋਂ ਲਗਾਈ ਜਾ ਰਹੀ ਇਨਸਾਫ਼ ਦੀ ਗੁਹਾਰ

By  Shameela Khan September 27th 2023 03:09 PM -- Updated: September 27th 2023 03:23 PM

ਬਟਾਲਾ: ਪੁਲਿਸ ਜ਼ਿਲ੍ਹਾ ਬਟਾਲਾ ਦੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅੰਦਰ ਪੈਂਦੇ ਪਿੰਡ ਪੱਡਾ ਦੇ 35 ਸਾਲਾਂ ਨੌਜਵਾਨ ਸ਼ੋਕਤ ਮਸੀਹ ਪੁੱਤਰ ਲੱਖਾਂ ਮਸੀਹ ਦੀ ਬਿਜਲੀ ਦੀਆਂ ਹਾਈਵੋਲਟੇਜ ਤਾਰਾਂ ਦੀ ਲਪੇਟ ਆਉਣ ਨਾਲ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ।

ਇਸ ਸਬੰਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਸੋਕਤ ਮਸੀਹ ਦੇ ਪਿਤਾ ਲੱਖਾਂ ਮਸੀਹ ਅਤੇ ਉਸ ਦੇ ਨਾਲ ਕੰਮ ਕਰਦੇ ਨੌਜਵਾਨ ਨੇ ਦੱਸਿਆ ਉਹ ਰੋਜਾਨਾ ਦੀ ਤਰ੍ਹਾਂ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਮਿਹਨਤ ਮਜਦੂਰੀ ਕਰਨ ਲਈ ਘਰੋਂ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਪਿੰਡ ਕਾਹਲਾਵਾਲੀ ਵਿੱਖੇ ਬਣ ਰਹੇ ਨੈਸ਼ਨਲ ਹਾਈਵੇਅ ਵਿੱਚ ਆਈਆਂ ਦੁਕਾਨਾਂ ਦਾ ਲੈਂਟਰ ਤੋੜ ਰਹੇ ਸਨ ਤਾਂ ਅਚਾਨਕ ਲੈਂਟਰ ਉੱਪਰੋਂ ਲੰਘ ਰਹੀਆਂ ਹਾਈਵੋਲਟੇਜ ਤਾਰਾਂ ਨਾਲ ਜਾ ਲੱਗਾ। ਜਿਸ ਨਾਲ ਉਕਤ ਨੌਜਵਾਨ ਇੰਨਾ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆਉਣ ਨਾਲ ਉਹ ਬੇਹੋਸ਼ ਹੋ ਗਿਆ।

ਉਸ ਦੇ ਨਾਲ ਕੰਮ ਕਰਦੇ ਨੌਜਵਾਨਾਂ ਨੇ ਦੱਸਿਆ ਕਿ ਉਸ ਨੂੰ ਤੁਰੰਤ ਮਿੱਟੀ ਵਿੱਚ ਦੱਬ ਕੇ ਤਲੀਆਂ ਵਗੈਰਾ ਝੱਸੀਆਂ ਗਈਆਂ ਪਰ ਉਸ ਦੀ ਹਾਲਤ ਨਾਜ਼ੁਕ ਹੁੰਦੀ ਦੇਖ ਉਸ ਨੂੰ ਡੇਰਾ ਬਾਬਾ ਨਾਨਕ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਬਿਨ੍ਹਾਂ ਦਾਖ਼ਲ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪਰਿਵਾਰ ਵੱਲੋਂ ਦੁੱਖ ਨਾਲ ਸਹਾਰਦੇ ਹੋਏ ਉਸ ਨੂੰ ਆਪਣੇ ਘਰ ਵਿੱਚ ਮਿੱਟੀ ਵਿੱਚ ਦੱਬ ਕੇ ਕਰੀਬ ਦੋ ਢਾਈ ਘੰਟੇ ਉਸ ਦੀਆਂ ਤਲੀਆਂ ਝੱਸੀਆਂ ਗਈਆਂ, ਜਿੱਥੇ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਦੁਕਾਨਾਂ ਦੇ ਮਾਲਕ ਉੱਪਰ ਸਖ਼ਤ ਕਾਰਵਾਈ ਕੀਤੀ ਜਾਵੇ ਕਿਉਂਕਿ ਉਸਦੀ ਲਾਪਰਵਾਹੀ ਦੀ ਵਜ੍ਹਾ ਨਾਲ ਇਹ ਹਾਦਸਾ ਵਾਪਰਿਆ ਹੈ ਅਗਰ ਇਹ ਦੁਕਾਨਾਂ ਢਾਉਣ ਤੋਂ ਪਹਿਲਾਂ ਦੁਕਾਨਾ ਉਪਰੋਂ ਲੰਘ ਰਹੀਆਂ ਹਾਈ ਵੋਲਟੇਜ ਤਾਰਾਂ ਦਾ ਪਰਮਿਟ ਲੈਕੇ ਬਿਜਲੀ ਦੀ ਸਪਲਾਈ ਬੰਦ ਕਰਵਾਈ ਹੁੰਦੀ ਤਾਂ ਇਹ ਹਾਦਸਾ ਨਾ ਵਾਪਰਦਾ। ਮ੍ਰਿਤਕ ਨੌਜਵਾਨ ਆਪਣੇ ਪਿੱਛੇ ਦੋ ਛੋਟੇ ਬੱਚੇ ਪਤਨੀ ਅਤੇ ਬਜ਼ੁਰਗ ਮਾਤਾ ਪਿਤਾ ਨੂੰ ਛੱਡ ਗਿਆ ਹੈ।

ਇਸ ਸਬੰਧੀ ਜਦੋਂ ਸਾਡੇ ਵੱਲੋਂ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐੱਸ.ਐੱਚ.ਓ ਬਿਕਰਮ ਸਿੰਘ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਜੋ ਵੀ ਪਰਿਵਾਰਕ ਮੈਂਬਰ ਬਿਆਨ ਦਰਜ ਕਰਾਉਣਗੇ ਉਸ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। 




 


Related Post