National Human Rights Commission ਕੋਲ ਪਹੁੰਚਿਆ ਮੋਹਨਜੀਤ ਸਿੰਘ ਸ਼ੇਰੋ ਕੁੱਟਮਾਰ ਮਾਮਲਾ; ਕਮਿਸ਼ਨ ਨੇ ਮਾਮਲੇ ’ਚ ਪੰਜਾਬ ਸਰਕਾਰ ਤੋਂ ਮੰਗੀ ATR

ਸ਼ਿਕਾਇਤ ਮੁਤਾਬਕ 2 ਸਤੰਬਰ ਨੂੰ ਸੁਨਾਮ ਦੇ ਪਿੰਡ ਸ਼ੇਰੋਂ ਵਿੱਚ ਹੋਏ ‘ਲੋਕ ਮਿਲਣੀ’ ਪ੍ਰੋਗਰਾਮ ਦੌਰਾਨ ਮੋਹਨਜੀਤ ਸਿੰਘ ਨੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਕਥਿਤ ਤੌਰ ’ਤੇ ਕਾਲਾ ਝੰਡਾ ਦਿਖਾਇਆ।

By  Aarti September 7th 2026 09:34 AM

ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ (NHRC) ਨੇ ਮੋਹਨਜੀਤ ਸਿੰਘ ਅਤੇ ਉਸ ਦੇ ਪਰਿਵਾਰ ਨਾਲ ਪੰਜਾਬ ਪੁਲਿਸ ਵੱਲੋਂ ਕਥਿਤ ਹਿਰਾਸਤੀ ਤਸ਼ੱਦਦ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲੇ ’ਚ ਪੰਜਾਬ ਸਰਕਾਰ ਤੋਂ ਐਕਸ਼ਨ ਟੇਕਨ ਰਿਪੋਰਟ (ATR) ਤਲਬ ਕੀਤੀ ਹੈ। ਇਹ ਸ਼ਿਕਾਇਤ ਰਾਜ ਸਭਾ ਮੈਂਬਰ ਤਰੁਣ ਚੁੱਘ ਵੱਲੋਂ 4 ਸਤੰਬਰ 2026 ਨੂੰ ਕੀਤੀ ਗਈ ਸੀ।

ਰਾਜ ਸਭਾ ਮੈਂਬਰ ਤਰੁਣ ਚੁੱਘ ਵੱਲੋਂ ਸ਼ਿਕਾਇਤ

ਸ਼ਿਕਾਇਤ ਮੁਤਾਬਕ 2 ਸਤੰਬਰ ਨੂੰ ਸੁਨਾਮ ਦੇ ਪਿੰਡ ਸ਼ੇਰੋਂ ਵਿੱਚ ਹੋਏ ‘ਲੋਕ ਮਿਲਣੀ’ ਪ੍ਰੋਗਰਾਮ ਦੌਰਾਨ ਮੋਹਨਜੀਤ ਸਿੰਘ ਨੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਕਥਿਤ ਤੌਰ ’ਤੇ ਕਾਲਾ ਝੰਡਾ ਦਿਖਾਇਆ। ਇਸ ਤੋਂ ਬਾਅਦ ਉਸ ਨੂੰ ਪੁਲਿਸ ਹਿਰਾਸਤ ਵਿੱਚ ਲੈ ਕੇ ਕਥਿਤ ਤੌਰ ’ਤੇ ਕੁੱਟਮਾਰ, ਤਸ਼ੱਦਦ ਅਤੇ ਬਿਜਲੀ ਦੇ ਝਟਕੇ ਦੇਣ ਦੇ ਦੋਸ਼ ਲਗਾਏ ਗਏ ਹਨ। ਸ਼ਿਕਾਇਤ ਵਿੱਚ ਉਸ ਦੀ ਧਾਰਮਿਕ ਪਛਾਣ ਨਾਲ ਕਥਿਤ ਛੇੜਛਾੜ ਅਤੇ ਉਸ ਦੀ ਮਾਤਾ ਤੇ ਭੈਣ ਨਾਲ ਵੀ ਬਦਸਲੂਕੀ ਦੇ ਦੋਸ਼ ਲਗਾਏ ਗਏ ਹਨ।

ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਲਿਆ ਮਾਮਲੇ ਦਾ ਨੋਟਿਸ

ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਮਾਮਲੇ ਨੂੰ ਗੰਭੀਰ ਮੰਨਦਿਆਂ ਪ੍ਰੋਟੈਕਸ਼ਨ ਆਫ ਹਿਊਮਨ ਰਾਈਟਸ ਐਕਟ, 1993 ਦੀ ਧਾਰਾ 12 ਤਹਿਤ ਨੋਟਿਸ ਲਿਆ ਹੈ। ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ, DGP, SSP/ SP ਸੰਗਰੂਰ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਾਮਲੇ ਦੀ ਤੁਰੰਤ ਜਾਂਚ ਕਰਕੇ ਦੋ ਹਫ਼ਤਿਆਂ ਦੇ ਅੰਦਰ ਪੁਆਇੰਟ-ਵਾਈਜ਼ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।

ਕਮਿਸ਼ਨ ਨੇ ਮੰਗੇ ਪੂਰੇ ਵੇਰਵੇ

ਕਮਿਸ਼ਨ ਨੇ ਪੁਲਿਸ ਹਿਰਾਸਤ ਦੇ ਪੂਰੇ ਵੇਰਵੇ, DDR/GD ਐਂਟਰੀਆਂ, ਗ੍ਰਿਫ਼ਤਾਰੀ ਜਾਂ ਹਿਰਾਸਤ ਦੇ ਰਿਕਾਰਡ, ਮੈਡੀਕਲ ਜਾਂਚ ਅਤੇ MLC ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਸਬੰਧਤ ਥਾਣੇ ਅਤੇ ਪੁਲਿਸ ਕੰਪਲੈਕਸ ਦੀ ਸੀਸੀਟੀਵੀ ਫੁਟੇਜ ਸੁਰੱਖਿਅਤ ਰੱਖਣ ਅਤੇ ਕਥਿਤ ਵੀਡੀਓ ਕਾਲ ਨਾਲ ਸਬੰਧਤ ਇਲੈਕਟ੍ਰਾਨਿਕ ਸਬੂਤ ਵੀ ਸੰਭਾਲਣ ਦੇ ਹੁਕਮ ਦਿੱਤੇ ਗਏ ਹਨ।

ਉਕਤ ਪੁਲਿਸ ਮੁਲਾਜ਼ਮਾਂ ਦੀ ਵੀ ਮੰਗੀ ਜਾਣਕਾਰੀ 

ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਕਥਿਤ ਘਟਨਾ ਨਾਲ ਜੁੜੇ ਪੁਲਿਸ ਮੁਲਾਜ਼ਮਾਂ ਦੇ ਨਾਮ, ਰੈਂਕ ਅਤੇ ਮੌਜੂਦਾ ਤਾਇਨਾਤੀ ਦੇ ਵੇਰਵੇ ਵੀ ਮੰਗੇ ਹਨ। ਨਾਲ ਹੀ ਮੋਹਨਜੀਤ ਸਿੰਘ ਦੀ ਮਾਤਾ ਅਤੇ ਭੈਣ ਨਾਲ ਕਥਿਤ ਬਦਸਲੂਕੀ ਦੇ ਦੋਸ਼ਾਂ ਦੀ ਵੱਖਰੇ ਤੌਰ ’ਤੇ ਜਾਂਚ ਕਰਨ ਲਈ ਕਿਹਾ ਗਿਆ ਹੈ।

ਕਮਿਸ਼ਨ ਨੇ ਸਾਰੇ ਮੈਡੀਕਲ ਰਿਕਾਰਡ, ਸੀਸੀਟੀਵੀ ਫੁਟੇਜ, ਪੁਲਿਸ ਸਟੇਸ਼ਨ ਦੇ ਰਿਕਾਰਡ ਅਤੇ ਹੋਰ ਇਲੈਕਟ੍ਰਾਨਿਕ ਸਬੂਤ ਤੁਰੰਤ ਸੁਰੱਖਿਅਤ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਮਾਮਲੇ ਦੀ ਅਗਲੀ ਸੁਣਵਾਈ/ਵਿਚਾਰ ਲਈ ਏਟੀਆਰ ਮਿਲਣ ਤੋਂ ਬਾਅਦ ਇਸ ਨੂੰ ਮੁੜ ਕਮਿਸ਼ਨ ਅੱਗੇ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ  : Mansa Bar Association ਨੇ 'No Work Day' ਦੀ ਦਿੱਤੀ ਕਾਲ ; ਸਮੂਹ ਜ਼ਿਲ੍ਹਾ ਤੇ ਤਹਿਸੀਲ ਬਾਰ ਐਸੋਸੀਏਸ਼ਨਾਂ ਨੂੰ ਕੰਮ ਠੱਪ ਰੱਖਣ ਦੀ ਕੀਤੀ ਅਪੀਲ

Related Post