ਚੰਡੀਗੜ੍ਹ: ਸੈਕਟਰ 26 ਦੇ ਨਾਈਟ ਕਲੱਬ ਨੂੰ ਮਿਲੀ ਬੰਬ ਦੀ ਧਮਕੀ, ਨਿਕਲੀ ਫਰਜ਼ੀ

ਸੋਮਵਾਰ ਨੂੰ ਸੈਕਟਰ 26 ਦੇ ਇੱਕ ਲਾਉਂਜ-ਕਮ-ਨਾਈਟ ਕਲੱਬ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਇਸ ਤੋਂ ਪਹਿਲਾਂ ਮੈਨੇਜਰ ਨੂੰ ਇੱਕ ਗੁਮਨਾਮ ਕਾਲ ਆਈ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉੱਥੇ ਬੰਬ ਰੱਖਿਆ ਗਿਆ ਹੈ।

By  Jasmeet Singh January 31st 2023 01:25 PM

ਚੰਡੀਗੜ੍ਹ, 31 ਜਨਵਰੀ: ਸੋਮਵਾਰ ਨੂੰ ਸੈਕਟਰ 26 ਦੇ ਇੱਕ ਲਾਉਂਜ-ਕਮ-ਨਾਈਟ ਕਲੱਬ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਇਸ ਤੋਂ ਪਹਿਲਾਂ ਮੈਨੇਜਰ ਨੂੰ ਇੱਕ ਗੁਮਨਾਮ ਕਾਲ ਆਈ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉੱਥੇ ਬੰਬ ਰੱਖਿਆ ਗਿਆ ਹੈ। ਮੈਨੇਜਰ ਨੇ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਆਪ੍ਰੇਸ਼ਨ ਸੈੱਲ, ਬੰਬ ਨਿਰੋਧਕ ਦਸਤਾ ਅਤੇ ਡੌਗ ਸਕੁਐਡ ਸਮੇਤ ਪੁਲਿਸ ਟੀਮਾਂ ਮੌਕੇ 'ਤੇ ਪਹੁੰਚ ਗਈਆਂ।

ਤਲਾਸ਼ੀ ਲਈ ਗਈ ਪਰ ਕਲੱਬ 'ਚੋਂ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਪੁਲਿਸ ਨੇ ਕਿਹਾ ਕਿ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਆਲੇ ਦੁਆਲੇ ਦੀ ਤਲਾਸ਼ੀ ਵੀ ਲਈ ਗਈ, ਜਿਨ੍ਹਾਂ ਵਿਚ ਹੋਰ ਨਾਈਟ ਕਲੱਬ ਅਤੇ ਰੈਸਟੋਰੈਂਟਾਂ ਵਿਚ ਵੀ ਕੁਝ ਹਾਸਿਲ ਨਹੀਂ ਹੋਇਆ ਹੈ। 

ਸੈਕਟਰ 26 ਪੁਲਿਸ ਸਟੇਸ਼ਨ ਦੇ ਐਸਐਚਓ ਮਨਿੰਦਰ ਮੁਤਾਬਕ ਨਾਈਟ ਕਲੱਬ ਦੇ ਮੈਨੇਜਰ ਨੂੰ ਉੱਥੇ ਕੁਝ ਵਿਸਫੋਟਕ ਹੋਣ ਬਾਰੇ ਇੱਕ ਗੁਮਨਾਮ ਕਾਲ ਆਈ ਸੀ। ਉਨ੍ਹਾਂ ਦੱਸੀ ਕਿ ਜਾਂਚ ਮੁਕੰਮਲ ਹੋਣ ਮਗਰੋਂ ਕੋਈ ਸ਼ੱਕੀ ਚੀਜ਼ ਨਹੀਂ ਪ੍ਰਾਪਤ ਹੋਈ ਹੈ। ਇਹ ਇੱਕ ਫਰਜ਼ੀ ਕਾਲ ਸੀ ਅਤੇ ਕਾਲਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਨੇ ਸੈਕਟਰ 26 ਥਾਣੇ ਵਿੱਚ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਚੰਡੀਗੜ੍ਹ ਵਿੱਚ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਇਹ ਦੂਜੀ ਫਰਜ਼ੀ ਬੰਬ ਕਾੱਲ ਹੈ। ਪਿਛਲੇ ਹਫ਼ਤੇ ਚੰਡੀਗੜ੍ਹ ਪੁਲਿਸ ਨੂੰ ਇੱਥੋਂ ਦੇ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਬੰਬ ਦੀ ਧਮਕੀ ਦੀ ਸੂਚਨਾ ਮਿਲੀ ਸੀ, ਜਿਸ ਕਾਰਨ ਇੱਕ ਵਿਸ਼ਾਲ ਤਲਾਸ਼ੀ ਮੁਹਿੰਮ ਚਲਾਈ ਗਈ, ਜੋ ਕਰੀਬ ਪੰਜ ਘੰਟੇ ਚੱਲੀ। ਹਾਲਾਂਕਿ ਬਾਅਦ ਵਿੱਚ ਇਹ ਇੱਕ ਫਰਜ਼ੀ ਕਾਲ ਦੱਸੀ ਗਈ।

Related Post