ਰਾਹੁਲ ਗਾਂਧੀ ਹੀ ਨਹੀਂ ਇਨ੍ਹਾਂ ਨੇਤਾਵਾਂ ਦੀ ਵੀ ਲੋਕ ਸਭਾ ਮੈਂਬਰਸ਼ਿਪ ਹੋ ਚੁਕੀ ਰੱਦ

ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਸੂਰਤ ਦੀ ਇੱਕ ਅਦਾਲਤ ਵੱਲੋਂ ਮਾਣਹਾਨੀ ਦੇ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਲੋਕ ਸਭਾ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ।

By  Jasmeet Singh March 24th 2023 07:40 PM -- Updated: March 24th 2023 07:43 PM

ਪੀਟੀਸੀ ਡੈਸਕ: ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਸੂਰਤ ਦੀ ਇੱਕ ਅਦਾਲਤ ਵੱਲੋਂ ਮਾਣਹਾਨੀ ਦੇ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਲੋਕ ਸਭਾ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ।

ਲੋਕ ਪ੍ਰਤੀਨਿਧਤਾ ਐਕਟ ਦੇ ਅਨੁਸਾਰ ਜੇਕਰ ਕਿਸੇ ਵਿਅਕਤੀ ਨੂੰ ਕਿਸੇ ਕੇਸ ਵਿੱਚ ਦੋ ਸਾਲ ਜਾਂ ਇਸ ਤੋਂ ਵੱਧ ਦੀ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ, ਤਾਂ ਉਹ ਦੋਸ਼ੀ ਠਹਿਰਾਏ ਜਾਣ ਦੀ ਮਿਤੀ ਤੋਂ ਅਯੋਗ ਹੋ ਹੋਵੇਗਾ ਅਤੇ ਸਜ਼ਾ ਭੁਗਤਣ ਤੋਂ ਛੇ ਸਾਲ ਬਾਅਦ ਤੱਕ ਸਦਨ ਦੀ ਮੈਂਬਰੀ ਤੋਂ ਅਯੋਗ ਠਹਿਰਾਇਆ ਜਾਵੇਗਾ।

ਇੱਥੇ ਕੁਝ ਲੋਕ ਨੁਮਾਇੰਦਿਆਂ ਦੀ ਸੂਚੀ ਹੈ ਜਿਨ੍ਹਾਂ ਨੂੰ ਅਪਰਾਧਿਕ ਮਾਮਲਿਆਂ ਵਿੱਚ ਦੋਸ਼ੀ ਠਹਿਰਾਏ ਜਾਣ ਅਤੇ ਸਜ਼ਾ ਸੁਣਾਏ ਜਾਣ ਤੋਂ ਬਾਅਦ ਸੰਸਦ ਅਤੇ ਵਿਧਾਨ ਸਭਾ ਦੀ ਮੈਂਬਰੀ ਛੱਡਣੀ ਪਈ ਸੀ।


ਲਾਲੂ ਪ੍ਰਸਾਦ: ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਪ੍ਰਧਾਨ ਨੂੰ ਚਾਰਾ ਘੁਟਾਲੇ ਦੇ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਸਤੰਬਰ 2013 ਵਿੱਚ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਯੋਗ ਕਰ ਦਿੱਤਾ ਗਿਆ ਸੀ। ਉਸ ਸਮੇਂ ਉਹ ਬਿਹਾਰ ਦੇ ਸਾਰਨ ਤੋਂ ਸੰਸਦ ਮੈਂਬਰ ਸਨ।

ਜੇ. ਜੈਲਲਿਤਾ: ਏ.ਆਈ.ਏ.ਡੀ.ਐੱਮ.ਕੇ. ਦੀ ਤਤਕਾਲੀ ਮੁਖੀ ਜੈਲਲਿਤਾ ਨੂੰ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਦੋਸ਼ ਵਿੱਚ ਚਾਰ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਸਤੰਬਰ 2014 ਵਿੱਚ ਤਾਮਿਲਨਾਡੂ ਵਿਧਾਨ ਸਭਾ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ।

ਆਜ਼ਮ ਖਾਨ: ਸਮਾਜਵਾਦੀ ਪਾਰਟੀ (ਐਸਪੀ) ਦੇ ਨੇਤਾ ਆਜ਼ਮ ਖਾਨ ਨੂੰ ਅਕਤੂਬਰ 2022 ਵਿੱਚ ਉੱਤਰ ਪ੍ਰਦੇਸ਼ ਵਿਧਾਨ ਸਭਾ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ ਜਦੋਂ ਉਨ੍ਹਾਂ ਨੂੰ ਇੱਕ ਅਦਾਲਤ ਦੁਆਰਾ 2019 ਦੇ ਨਫ਼ਰਤ ਭਰੇ ਭਾਸ਼ਣ ਦੇ ਮਾਮਲੇ ਵਿੱਚ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਹ ਰਾਮਪੁਰ ਸਦਰ ਵਿਧਾਨ ਸਭਾ ਦੀ ਨੁਮਾਇੰਦਗੀ ਕਰ ਰਹੇ ਸਨ।

ਵਿਕਰਮ ਸਿੰਘ ਸੈਣੀ: ਭਾਜਪਾ ਵਿਧਾਇਕ ਸੈਣੀ ਨੂੰ ਅਕਤੂਬਰ 2022 ਤੋਂ ਉੱਤਰ ਪ੍ਰਦੇਸ਼ ਵਿਧਾਨ ਸਭਾ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ। ਉਨ੍ਹਾਂ ਨੂੰ 2013 ਦੇ ਮੁਜ਼ੱਫਰਨਗਰ ਦੰਗਿਆਂ ਦੇ ਇੱਕ ਕੇਸ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ ਗਈ ਸੀ। ਸੈਣੀ ਖਤੌਲੀ ਸੀਟ ਤੋਂ ਵਿਧਾਇਕ ਸਨ।

ਪ੍ਰਦੀਪ ਚੌਧਰੀ: ਕਾਂਗਰਸੀ ਵਿਧਾਇਕ ਚੌਧਰੀ ਨੂੰ ਜਨਵਰੀ 2021 ਵਿੱਚ ਹਰਿਆਣਾ ਵਿਧਾਨ ਸਭਾ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ। ਉਸ ਨੂੰ ਹਮਲੇ ਦੇ ਇੱਕ ਮਾਮਲੇ ਵਿੱਚ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਹ ਕਾਲਕਾ ਤੋਂ ਵਿਧਾਇਕ ਸਨ।

ਅਬਦੁੱਲਾ ਆਜ਼ਮ ਖਾਨ: ਸਪਾ ਵਿਧਾਇਕ ਅਬਦੁੱਲਾ ਆਜ਼ਮ ਖਾਨ ਨੂੰ ਫਰਵਰੀ 2023 ਵਿੱਚ ਉੱਤਰ ਪ੍ਰਦੇਸ਼ ਵਿਧਾਨ ਸਭਾ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ। ਕੁਝ ਦਿਨ ਪਹਿਲਾਂ ਇੱਕ ਅਦਾਲਤ ਨੇ 15 ਸਾਲ ਪੁਰਾਣੇ ਇੱਕ ਮਾਮਲੇ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ ਸੀ। ਆਜ਼ਮ ਖਾਨ ਦਾ ਪੁੱਤਰ ਅਬਦੁੱਲਾ ਰਾਮਪੁਰ ਦੀ ਸਵਰ ਵਿਧਾਨ ਸਭਾ ਦਾ ਮੈਂਬਰ ਸੀ।

Related Post