ਸੁਪਰੀਮ ਕੋਰਟ ਦੀ ਸਖ਼ਤੀ ਤੋਂ ਬਾਅਦ ਬੈਕ ਫੁੱਟ 'ਤੇ ਆਈ ਪਤੰਜਲੀ, ਮੰਗੀ ਮੁਆਫ਼ੀ

By  Jasmeet Singh March 21st 2024 12:08 PM

Patanjali Ayurved - Supreme Court: ਪਤੰਜਲੀ ਆਯੁਰਵੇਦ ਉਤਪਾਦਾਂ ਨਾਲ ਸਬੰਧਤ ਗੁੰਮਰਾਹਕੁੰਨ ਇਸ਼ਤਿਹਾਰਾਂ ਅਤੇ ਉਨ੍ਹਾਂ ਦੇ ਮੈਡੀਕਲ ਪ੍ਰਭਾਵਾਂ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਸਖ਼ਤ ਕਾਰਵਾਈ ਕਰਨ ਦੇ ਅਗਲੇ ਹੀ ਦਿਨ ਪਤੰਜਲੀ ਨੇ ਬਿਨਾਂ ਸ਼ਰਤ ਮੁਆਫ਼ੀ ਮੰਗ ਲਈ ਹੈ। 

ਪਤੰਜਲੀ ਦੇ ਐਮ.ਡੀ. ਆਚਾਰੀਆ ਬਾਲਕ੍ਰਿਸ਼ਨ ਨੇ ਗੁੰਮਰਾਹਕੁੰਨ ਇਸ਼ਤਿਹਾਰਾਂ ਨੂੰ ਲੈ ਕੇ ਚੱਲ ਰਹੀ ਸੁਣਵਾਈ ਵਿੱਚ ਹਲਫਨਾਮਾ ਦਾਖਲ ਕੀਤਾ ਹੈ। ਉਸ ਨੇ ਇਸ ਮਾਮਲੇ 'ਤੇ ਅਫਸੋਸ ਪ੍ਰਗਟ ਕੀਤਾ ਅਤੇ ਮੁਆਫੀ ਮੰਗੀ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ 'ਚ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ 2 ਅਪ੍ਰੈਲ ਤੱਕ ਅਦਾਲਤ 'ਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ।

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਬਾਬਾ ਰਾਮਦੇਵ ਅਤੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਆਚਾਰੀਆ ਬਾਲਕ੍ਰਿਸ਼ਨ ਨੂੰ ਪਤੰਜਲੀ ਦੇ ਖਿਲਾਫ ਗੁੰਮਰਾਹਕੁੰਨ ਇਸ਼ਤਿਹਾਰਾਂ ਨੂੰ ਲੈ ਕੇ ਮਾਣਹਾਨੀ ਦੀ ਕਾਰਵਾਈ ਲਈ 2 ਅਪ੍ਰੈਲ ਤੱਕ ਅਦਾਲਤ 'ਚ ਪੇਸ਼ ਹੋਣ ਦਾ ਹੁਕਮ ਦਿੱਤਾ ਸੀ। ਸੁਪਰੀਮ ਕੋਰਟ ਦੀ ਸਖ਼ਤੀ ਤੋਂ ਬਾਅਦ ਪਤੰਜਲੀ ਵੱਲੋਂ ਸੁਪਰੀਮ ਕੋਰਟ ਵਿੱਚ ਹਲਫ਼ਨਾਮਾ ਪੇਸ਼ ਕੀਤਾ ਗਿਆ ਹੈ।

ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਹਿਸਾਨੁਦੀਨ ਅਮਾਨਉੱਲ੍ਹਾ ਦੀ ਬੈਂਚ ਨੇ ਪਤੰਜਲੀ ਅਤੇ ਕੰਪਨੀ ਦੇ ਐਮ.ਡੀ. ਅਚਾਰੀਆ ਬਾਲਕ੍ਰਿਸ਼ਨ ਵੱਲੋਂ ਪਹਿਲਾਂ ਜਾਰੀ ਕੀਤੇ ਗਏ ਅਦਾਲਤੀ ਨੋਟਿਸਾਂ ਦਾ ਜਵਾਬ ਦਾਖ਼ਲ ਨਾ ਕਰਨ 'ਤੇ ਸਖ਼ਤ ਨੋਟਿਸ ਲਿਆ। ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ ਕਰ ਕੇ ਪੁੱਛਿਆ ਗਿਆ ਸੀ ਕਿ ਅਦਾਲਤ ਨੂੰ ਦਿੱਤੇ ਵਚਨ ਦੀ ਉਲੰਘਣਾ ਕਰਨ ਲਈ ਉਸ ਵਿਰੁੱਧ ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇ।

ਹੁਣ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਆਪਣੇ ਹਲਫਨਾਮੇ 'ਚ ਅਚਾਰੀਆ ਬਾਲਕ੍ਰਿਸ਼ਨ ਨੇ ਕਿਹਾ ਕਿ ਉਨ੍ਹਾਂ ਨੂੰ ਉਸ ਇਸ਼ਤਿਹਾਰ 'ਤੇ ਅਫਸੋਸ ਹੈ, ਜਿਸ 'ਚ ਕੁਝ ਪੰਗਤੀਆਂ ਨੂੰ ਸ਼ੱਕੀ ਪਾਇਆ ਗਿਆ। ਕੰਪਨੀ ਵੱਲੋਂ ਜਾਰੀ ਇਸ਼ਤਿਹਾਰਾਂ ਵਿੱਚ ਬੀ.ਪੀ., ਸ਼ੂਗਰ, ਅਸਥਮਾ ਅਤੇ ਹੋਰ ਬਿਮਾਰੀਆਂ ਨੂੰ ਪੂਰੀ ਤਰ੍ਹਾਂ ਠੀਕ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਦੱਸ ਦੇਈਏ ਕਿ ਸਿਖਰਲੀ ਅਦਾਲਤ 'ਇੰਡੀਅਨ ਮੈਡੀਕਲ ਐਸੋਸੀਏਸ਼ਨ' (IMA) ਦੀ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਹੈ, ਜਿਸ 'ਚ ਬਾਬਾ ਰਾਮਦੇਵ 'ਤੇ ਕੋਵਿਡ ਵਿਰੋਧੀ ਟੀਕਾਕਰਨ ਮੁਹਿੰਮ ਅਤੇ ਐਲੋਪੈਥਿਕ ਦਵਾਈਆਂ ਵਿਰੁੱਧ ਮੁਹਿੰਮ ਚਲਾਉਣ ਦਾ ਦੋਸ਼ ਲਗਾਇਆ ਗਿਆ ਹੈ।

ਅਦਾਲਤ ਨੇ ਕਿਹਾ ਕਿ ਉਹ ਬਾਬਾ ਰਾਮਦੇਵ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨਾ ਉਚਿਤ ਸਮਝਦਾ ਹੈ ਕਿਉਂਕਿ ਪਤੰਜਲੀ ਦੁਆਰਾ ਜਾਰੀ ਕੀਤੇ ਗਏ ਇਸ਼ਤਿਹਾਰ 21 ਨਵੰਬਰ 2023 ਨੂੰ ਅਦਾਲਤ ਵਿੱਚ ਦਿੱਤੇ ਗਏ ਹਲਫ਼ਨਾਮੇ ਦਾ ਵਿਸ਼ਾ ਹਨ। ਇਸ ਗੱਲ ਦੀ ਪੁਸ਼ਟੀ ਬਾਬਾ ਰਾਮਦੇਵ ਨੇ ਕੀਤੀ ਜਾਪਦੀ ਹੈ।

ਇਹ ਖਰਬਾਂ ਵੀ ਪੜ੍ਹੋ: 

Related Post