New Cricket Stadium in Punjab : ਪੰਜਾਬ ’ਚ ਕ੍ਰਿਕਟ ਪ੍ਰੇਮੀਆਂ ਲਈ ਵੱਡੀ ਖ਼ਬਰ; ਜਲਦ ਹੀ ਇਨ੍ਹਾਂ ਦੋ ਜ਼ਿਲ੍ਹਿਆਂ ’ਚ ਬਣਨਗੇ ਕ੍ਰਿਕਟ ਸਟੇਡੀਅਮ , ਇੱਥੇ ਪੜ੍ਹੋ ਪੂਰੀ ਜਾਣਕਾਰੀ
ਪੀਸੀਏ ਨੇ ਜ਼ਮੀਨ ਦਾ ਕਬਜ਼ਾ ਵੀ ਲੈ ਲਿਆ ਹੈ। ਹੁਣ ਮੌਕੇ ’ਤੇ ਸ਼ੁਰੂਆਤੀ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਸਭ ਤੋਂ ਪਹਿਲਾਂ ਬਾਊਂਡਰੀ ਵਾਲ ਅਤੇ ਸਾਈਟ ਡਿਵੈਲਪਮੈਂਟ ਦਾ ਕੰਮ ਹੋਵੇਗਾ।
New Cricket Stadium in Punjab : ਪੰਜਾਬ ਦਾ ਅੰਮ੍ਰਿਤਸਰ ਨਾਮ ਲੈਂਦੇ ਹੀ ਸ੍ਰੀ ਦਰਬਾਰ ਸਾਹਿਬ, ਅਟਾਰੀ ਬਾਰਡਰ, ਕੁਲਚੇ ਅਤੇ ਭਟੂਰੇ ਜ਼ਹਿਨ ਵਿੱਚ ਆਉਂਦੇ ਹਨ। ਹੁਣ ਇਸ ਸ਼ਹਿਰ ਦੀ ਪਛਾਣ ਕ੍ਰਿਕਟ ਦੇ ਵੱਡੇ ਕੇਂਦਰ ਵਜੋਂ ਵੀ ਬਣਨ ਜਾ ਰਹੀ ਹੈ। ਅੰਮ੍ਰਿਤਸਰ ਦੇ ਭੱਲਾ ਪਿੰਡ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਇੰਟਰਨੈਸ਼ਨਲ ਪੱਧਰ ਦਾ ਕ੍ਰਿਕਟ ਸਟੇਡੀਅਮ ਤਿਆਰ ਕਰਨ ਜਾ ਰਹੀ ਹੈ। ਸਟੇਡੀਅਮ ਲਈ 20 ਤੋਂ 22 ਏਕੜ ਜ਼ਮੀਨ ਖਰੀਦਣ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਪੀਸੀਏ ਨੇ ਜ਼ਮੀਨ ਦਾ ਕਬਜ਼ਾ ਵੀ ਲੈ ਲਿਆ ਹੈ। ਹੁਣ ਮੌਕੇ ’ਤੇ ਸ਼ੁਰੂਆਤੀ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਸਭ ਤੋਂ ਪਹਿਲਾਂ ਬਾਊਂਡਰੀ ਵਾਲ ਅਤੇ ਸਾਈਟ ਡਿਵੈਲਪਮੈਂਟ ਦਾ ਕੰਮ ਹੋਵੇਗਾ।
ਸਟੇਡੀਅਮ ਦੇ 2030 ਤੱਕ ਤਿਆਰ ਹੋਣ ਦੀ ਉਮੀਦ
ਟੀਚੇ ਮੁਤਾਬਕ ਸਟੇਡੀਅਮ ਦੇ 2030 ਤੱਕ ਤਿਆਰ ਹੋਣ ਦੀ ਉਮੀਦ ਹੈ। ਗਰਾਊਂਡ ’ਤੇ ਫਿਲਹਾਲ ਖਾਲੀ ਅਤੇ ਸਮਤਲ ਜ਼ਮੀਨ ਦਿਖਾਈ ਦੇ ਰਹੀ ਹੈ। ਅਜਨਾਲਾ ਰੋਡ ਦੇ ਨੇੜੇ ਸਥਿਤ ਇਹ ਜਗ੍ਹਾ ਅੰਮ੍ਰਿਤਸਰ ਏਅਰਪੋਰਟ ਤੋਂ ਕਰੀਬ 10 ਕਿਲੋਮੀਟਰ ਦੂਰ ਹੈ। ਜ਼ਮੀਨ ਦਾ ਕਬਜ਼ਾ ਮਿਲਣ ਤੋਂ ਬਾਅਦ ਹੁਣ ਸਾਈਟ ਨੂੰ ਸਟੇਡੀਅਮ ਦੇ ਨਿਰਮਾਣ ਲਈ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਜਾਣਕਾਰਾਂ ਮੁਤਾਬਕ ਇੰਨੇ ਵੱਡੇ ਪ੍ਰੋਜੈਕਟ ਵਿੱਚ ਡਿਜ਼ਾਈਨ, ਤਕਨੀਕੀ ਜਾਂਚ, ਮਨਜ਼ੂਰੀਆਂ ਅਤੇ ਨਿਰਮਾਣ ਦੇ ਕਈ ਪੜਾਅ ਹੁੰਦੇ ਹਨ।
ਬਠਿੰਡਾ ’ਚ ਵੀ ਬਣਾਇਆ ਜਾਵੇਗਾ ਸਟੇਡੀਅਮ
ਦੱਸ ਦਈਏ ਕਿ ਬਠਿੰਡਾ ਦੇ ਸ੍ਰੀ ਮੁਕਤਸਰ ਰੋਡ ’ਤੇ ਸਟੇਡੀਅਮ ਬਣਾਇਆ ਜਾਵੇਗਾ। ਕ੍ਰਿਕਟ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਦੱਸਿਆ ਪੰਜਾਬ ਦੇ ਨੌਜਵਾਨ ਕ੍ਰਿਕਟ ਮੁਕਾਬਲੇ ਵਿੱਚ ਨਜ਼ਰ ਆਉਂਦੇ ਹਨ, ਸਟੇਡੀਅਮ ਬਣਨਾ ਨੌਜਵਾਨਾਂ ਵਿੱਚ ਕ੍ਰਿਕਟ ਪ੍ਰਤੀ ਹੋਰ ਉਤਸਾਹ ਵਧੇਗੀ।
30 ਤੋਂ 35 ਹਜ਼ਾਰ ਦਰਸ਼ਕਾਂ ਦੇ ਬੈਠਣ ਦੀ ਹੋਵੇਗੀ ਸਮਰੱਥਾ
ਸਟੇਡੀਅਮ ਵਿੱਚ ਸ਼ੁਰੂਆਤੀ ਤੌਰ ’ਤੇ ਕਰੀਬ 30 ਤੋਂ 35 ਹਜ਼ਾਰ ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਰੱਖੀ ਜਾਵੇਗੀ। ਭਵਿੱਖ ਵਿੱਚ ਇਸ ਨੂੰ 40 ਹਜ਼ਾਰ ਤੋਂ ਵੱਧ ਤੱਕ ਵਧਾਇਆ ਜਾ ਸਕੇਗਾ। ਇੱਥੇ ਵੀਆਈਪੀ ਬਾਕਸ, ਕਾਰਪੋਰੇਟ ਲਾਊਂਜ ਅਤੇ ਕਲੱਬ ਹਾਊਸ ਦੇ ਨਾਲ ਖਿਡਾਰੀਆਂ ਲਈ ਇੰਟਰਨੈਸ਼ਨਲ ਪੱਧਰ ਦੇ ਡ੍ਰੈਸਿੰਗ ਰੂਮ, ਫਿਜ਼ਿਓ ਅਤੇ ਰਿਕਵਰੀ ਸਹੂਲਤਾਂ ਹੋਣਗੀਆਂ। ਹਾਈਟੈਕ ਮੀਡੀਆ ਸੈਂਟਰ, ਪਾਰਕਿੰਗ ਅਤੇ ਆਧੁਨਿਕ ਫਲੱਡਲਾਈਟਸ ਵੀ ਤਿਆਰ ਕੀਤੀਆਂ ਜਾਣਗੀਆਂ।
ਆਧੁਨਿਕ ਡਰੇਨੇਜ਼ ਸਿਸਟਮ ਦੀ ਹੋਵੇਗੀ ਵਿਵਸਥਾ
ਮੀਂਹ ਦੌਰਾਨ ਮੈਚ ਪ੍ਰਭਾਵਿਤ ਨਾ ਹੋਣ, ਇਸ ਲਈ ਮੈਦਾਨ ਵਿੱਚ ਆਧੁਨਿਕ ਡਰੇਨੇਜ਼ ਸਿਸਟਮ ਲਗਾਇਆ ਜਾਵੇਗਾ। ਮੁੱਖ ਮੈਦਾਨ ਤੋਂ ਇਲਾਵਾ ਖਿਡਾਰੀਆਂ ਦੀ ਪ੍ਰੈਕਟਿਸ ਲਈ 10 ਤੋਂ 12 ਪ੍ਰੈਕਟਿਸ ਪਿੱਚਾਂ ਬਣਾਉਣ ਦੀ ਯੋਜਨਾ ਹੈ। ਏਅਰਪੋਰਟ ਦੀ ਨੇੜਤਾ ਨੂੰ ਦੇਖਦੇ ਹੋਏ ਫਲੱਡਲਾਈਟਸ ਦੀ ਡਿਜ਼ਾਈਨ ਵੀ ਹਵਾਈ ਜਹਾਜ਼ਾਂ ਦੇ ਸੰਚਾਲਨ ਨਾਲ ਜੁੜੇ ਸੁਰੱਖਿਆ ਮਾਪਦੰਡਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਜਾਵੇਗੀ।
ਖਰੀਦੀ ਗਈ ਜ਼ਮੀਨ ਦਾ ਕੀਤਾ ਜਾ ਰਿਹਾ ਨਿਰੱਖਣ
ਕਈ ਵੱਡੇ ਪ੍ਰੋਜੈਕਟਾਂ ਵਿੱਚ ਕੰਮ ਕਰ ਚੁੱਕੇ ਜਗਦੀਪ ਮੁਤਾਬਕ ਜ਼ਮੀਨ ਮਿਲਣ ਤੋਂ ਬਾਅਦ ਸਭ ਤੋਂ ਪਹਿਲਾਂ ਸਾਈਟ ਸਰਵੇ, ਜਿਓਟੈਕਨੀਕਲ ਜਾਂਚ, ਮਾਸਟਰ ਪਲਾਨ, ਆਰਕੀਟੈਕਚਰਲ ਡਿਜ਼ਾਈਨ ਅਤੇ ਜ਼ਰੂਰੀ ਅਪ੍ਰੂਵਲ ਪੂਰੇ ਕੀਤੇ ਜਾਂਦੇ ਹਨ। ਇਸ ਤੋਂ ਬਾਅਦ ਬਾਊਂਡਰੀ ਵਾਲ, ਜ਼ਮੀਨ ਦੀ ਲੈਵਲਿੰਗ ਅਤੇ ਸਾਈਟ ਡਿਵੈਲਪਮੈਂਟ ਹੋਵੇਗਾ। ਅਗਲੇ ਪੜਾਅ ਵਿੱਚ ਦਰਸ਼ਕ ਸਟੈਂਡ, ਪੈਵਿਲੀਅਨ, ਡ੍ਰੈਸਿੰਗ ਰੂਮ, ਕਾਰਪੋਰੇਟ ਬਾਕਸ ਅਤੇ ਮੀਡੀਆ ਸੈਂਟਰ ਦਾ ਸਿਵਲ ਕਨਸਟਰਕਸ਼ਨ ਹੋਵੇਗਾ।
ਸੀਸੀਟੀਵੀ ਅਤੇ ਫਾਇਰ ਸੇਫਟੀ ਸਿਸਟਮ ਲਗਾਏ ਜਾਣਗੇ
ਮੈਦਾਨ ਦਾ ਡਰੇਨੇਜ਼ ਸਿਸਟਮ, ਆਊਟਫੀਲਡ, ਸਿੰਚਾਈ ਵਿਵਸਥਾ ਅਤੇ ਕ੍ਰਿਕਟ ਪਿੱਚ ਤਿਆਰ ਕੀਤੀ ਜਾਵੇਗੀ। ਅੰਤਿਮ ਪੜਾਅ ਵਿੱਚ ਫਲੱਡਲਾਈਟਸ, ਇਲੈਕਟ੍ਰਿਕਲ ਸਿਸਟਮ, ਸਕੋਰਬੋਰਡ, ਬ੍ਰਾਡਕਾਸਟਿੰਗ, CCTV ਅਤੇ ਫਾਇਰ ਸੇਫਟੀ ਸਿਸਟਮ ਲਗਾਏ ਜਾਣਗੇ। ਇਸ ਤੋਂ ਬਾਅਦ ਸਾਰੀਆਂ ਸਹੂਲਤਾਂ ਦੀ ਟੈਸਟਿੰਗ ਅਤੇ ਕਮਿਸ਼ਨਿੰਗ ਹੋਵੇਗੀ। ਜਗਦੀਪ ਮੁਤਾਬਕ ਇੰਨੇ ਵੱਡੇ ਇੰਟਰਨੈਸ਼ਨਲ ਸਟੇਡੀਅਮ ਵਿੱਚ ਤਕਨੀਕੀ ਅਤੇ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕਰਨ ਕਾਰਨ ਨਿਰਮਾਣ ਵਿੱਚ ਕਰੀਬ 3 ਤੋਂ 4 ਸਾਲ ਲੱਗ ਸਕਦੇ ਹਨ।
ਸਟੇਡੀਅਮ ਆਵੇਗਾ ਤਾਂ ਅੰਮ੍ਰਿਤਸਰ ਦੀ ਇਕਾਨਮੀ ਨੂੰ ਵੀ ਮਿਲੇਗਾ ਬੂਸਟ
ਇਸ ਸਟੇਡੀਅਮ ਦਾ ਅਸਰ ਸਿਰਫ਼ ਕ੍ਰਿਕਟ ਤੱਕ ਸੀਮਿਤ ਨਹੀਂ ਰਹੇਗਾ। ਵੱਡੇ ਇੰਟਰਨੈਸ਼ਨਲ ਅਤੇ ਘਰੇਲੂ ਮੈਚਾਂ ਦੌਰਾਨ ਦੂਜੇ ਸ਼ਹਿਰਾਂ ਅਤੇ ਸੂਬਿਆਂ ਤੋਂ ਦਰਸ਼ਕ, ਖਿਡਾਰੀ, ਮੀਡੀਆ ਅਤੇ ਕ੍ਰਿਕਟ ਨਾਲ ਜੁੜੇ ਲੋਕ ਅੰਮ੍ਰਿਤਸਰ ਪਹੁੰਚਣਗੇ। ਇਸ ਨਾਲ ਹੋਟਲ, ਟੈਕਸੀ, ਰੈਸਟੋਰੈਂਟ ਅਤੇ ਸਥਾਨਕ ਕਾਰੋਬਾਰ ਨੂੰ ਸਿੱਧਾ ਫਾਇਦਾ ਮਿਲਣ ਦੀ ਉਮੀਦ ਹੈ। ਏਅਰਪੋਰਟ ਤੋਂ ਕਰੀਬ 10 ਕਿਲੋਮੀਟਰ ਦੀ ਦੂਰੀ ਹੋਣ ਕਾਰਨ ਬਾਹਰੋਂ ਆਉਣ ਵਾਲੇ ਦਰਸ਼ਕਾਂ ਲਈ ਇੱਥੇ ਪਹੁੰਚਣਾ ਵੀ ਆਸਾਨ ਹੋਵੇਗਾ।
ਛੋਟੇ ਕਾਰੋਬਾਰ ਨੂੰ ਵੀ ਮਿਲ ਸਕਦਾ ਹੈ ਫਾਇਦਾ
ਸ੍ਰੀ ਦਰਬਾਰ ਸਾਹਿਬ ਅਤੇ ਅਟਾਰੀ ਬਾਰਡਰ ਆਉਣ ਵਾਲੇ ਸੈਲਾਨੀਆਂ ਦੇ ਨਾਲ ਕ੍ਰਿਕਟ ਟੂਰਿਜ਼ਮ ਜੁੜਨ ’ਤੇ ਸਥਾਨਕ ਦੁਕਾਨਦਾਰਾਂ ਅਤੇ ਛੋਟੇ ਕਾਰੋਬਾਰ ਨੂੰ ਵੀ ਫਾਇਦਾ ਮਿਲ ਸਕਦਾ ਹੈ। PCA ਨੂੰ ਸਟੇਡੀਅਮ ਤੋਂ ਕਰੀਬ 10 ਤੋਂ 15 ਕਰੋੜ ਰੁਪਏ ਸਾਲਾਨਾ ਰੈਵੇਨਿਊ ਮਿਲਣ ਦੀ ਉਮੀਦ ਦੱਸੀ ਜਾ ਰਹੀ ਹੈ।
ਸਿਰਫ਼ ਇੰਟਰਨੈਸ਼ਨਲ ਮੈਚ ਨਹੀਂ, IPL ਅਤੇ ਘਰੇਲੂ ਮੈਚ ਵੀ ਹੋਣਗੇ
ਸਟੇਡੀਅਮ ਤਿਆਰ ਹੋਣ ਤੋਂ ਬਾਅਦ ਇੱਥੇ ਵਨਡੇ ਅਤੇ ਟੀ-20 ਇੰਟਰਨੈਸ਼ਨਲ ਮੁਕਾਬਲਿਆਂ ਤੋਂ ਇਲਾਵਾ ਆਈਪੀਐਲ ਵਰਗੇ ਵੱਡੇ ਟੂਰਨਾਮੈਂਟ ਕਰਵਾਉਣ ਦੀ ਸੰਭਾਵਨਾ ਹੋਵੇਗੀ। ਪੰਜਾਬ ਦੇ ਘਰੇਲੂ ਮੁਕਾਬਲੇ ਵੀ ਇੱਥੇ ਖੇਡੇ ਜਾ ਸਕਣਗੇ। ਰਣਜੀ ਟਰਾਫੀ, ਵਿਜੈ ਹਜ਼ਾਰੇ ਟਰਾਫੀ ਅਤੇ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਮੈਚਾਂ ਦੇ ਨਾਲ ਖਿਡਾਰੀਆਂ ਦੇ ਪ੍ਰੈਕਟਿਸ ਕੈਂਪ ਅਤੇ ਟ੍ਰੇਨਿੰਗ ਵੀ ਕਰਵਾਈ ਜਾ ਸਕੇਗੀ। ਭਵਿੱਖ ਵਿੱਚ ਮਹਿਲਾ ਕ੍ਰਿਕਟ ਅਤੇ ਹੋਰ ਵੱਡੇ ਕ੍ਰਿਕਟ ਸਮਾਗਮਾਂ ਦੀ ਮੇਜ਼ਬਾਨੀ ਵੀ ਸੰਭਵ ਹੋਵੇਗੀ।
ਲੋਕਾਂ ਲਈ ਰੁਜ਼ਗਾਰ ਦੇ ਮੌਕੇ ਹੋਣਗੇ
ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਪਿੰਡ ਵਿੱਚ ਅੰਤਰਰਾਸ਼ਟਰੀ ਪੱਧਰ ਦਾ ਕ੍ਰਿਕਟ ਸਟੇਡੀਅਮ ਬਣਨਾ ਪੂਰੇ ਇਲਾਕੇ ਲਈ ਖੁਸ਼ੀ ਅਤੇ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਭੱਲਾ ਅਤੇ ਆਸ-ਪਾਸ ਦਾ ਖੇਤਰ ਪਹਿਲਾਂ ਵਿਕਾਸ ਦੇ ਮਾਮਲੇ ਵਿੱਚ ਪਿੱਛੜਿਆ ਹੋਇਆ ਸੀ, ਪਰ ਸਟੇਡੀਅਮ ਬਣਨ ਨਾਲ ਇਲਾਕੇ ਨੂੰ ਨਵੀਂ ਪਛਾਣ ਮਿਲਣ ਦੇ ਨਾਲ ਵਿਕਾਸ ਨੂੰ ਵੀ ਗਤੀ ਮਿਲੇਗੀ।
ਏਅਰਪੋਰਟ ਕਰੀਬ 8 ਕਿਲੋਮੀਟਰ ਦੂਰ ਹੋਵੇਗਾ ਸਟੇਡੀਅਮ
ਨੌਜਵਾਨਾਂ ਨੂੰ ਆਪਣੇ ਖੇਤਰ ਵਿੱਚ ਹੀ ਬਿਹਤਰ ਖੇਡ ਸਹੂਲਤਾਂ ਮਿਲਣ ਨਾਲ ਉਨ੍ਹਾਂ ਦਾ ਰੁਝਾਨ ਖੇਡਾਂ ਵੱਲ ਵਧੇਗਾ ਅਤੇ ਉਹ ਨਸ਼ੇ ਤੋਂ ਦੂਰ ਰਹਿਣਗੇ। ਪਹਿਲਾਂ ਬੱਚਿਆਂ ਨੂੰ ਖੇਡਣ ਲਈ ਦੂਜੇ ਇਲਾਕਿਆਂ ਵਿੱਚ ਜਾਣਾ ਪੈਂਦਾ ਸੀ। ਸਰਪੰਚ ਨੇ ਦੱਸਿਆ ਕਿ ਸਟੇਡੀਅਮ ਵਿੱਚ ਕਰੀਬ 30 ਹਜ਼ਾਰ ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਹੋ ਸਕਦੀ ਹੈ। ਏਅਰਪੋਰਟ ਕਰੀਬ 8 ਕਿਲੋਮੀਟਰ ਦੂਰ ਹੈ, ਜਦਕਿ ਹਾਈਵੇ ਅਤੇ ਅਜਨਾਲਾ ਵੀ ਨੇੜੇ ਹਨ। ਇਸ ਨਾਲ ਇਲਾਕੇ ਵਿੱਚ ਲੋਕਾਂ ਦੀ ਆਵਾਜਾਈ ਵਧੇਗੀ ਅਤੇ ਰੋਜ਼ਗਾਰ ਤੇ ਕਾਰੋਬਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਨਸ਼ੇ ਦੇ ਕੇਸ ਘੱਟ ਹੋਣਗੇ, ਰੋਜ਼ਗਾਰ ਮਿਲੇਗਾ।
ਇਹ ਵੀ ਪੜ੍ਹੋ : Farmer Delhi Chalo March : ਕਿਸਾਨਾਂ ਨੇ ਖਨੌਰੀ ਬਾਰਡਰ 'ਤੇ ਲਾਇਆ ਪੱਕਾ ਮੋਰਚਾ, SKM ਨੇ 23 ਨੂੰ ਸੱਦੀ ਹੰਗਾਮੀ ਮੀਟਿੰਗ