ਗੁਰਦੁਆਰਾ ਸਾਹਿਬ 'ਚ ਦੋ ਧਿਰਾਂ ਵਿਚਾਲੇ ਝੜਪ, ਪ੍ਰਧਾਨ ਤੇ ਇਕ ਵਿਅਕਤੀ ਜ਼ਖ਼ਮੀ
Punjab News: ਮੰਡੌਲੀ ਪਿੰਡ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਸੰਗਰਾਂਦ ਮੌਕੇ ਉਸ ਸਮੇਂ ਤਣਾਅਪੂਰਨ ਸਥਿਤੀ ਪੈਦਾ ਹੋ ਗਈ, ਜਦੋਂ ਇੱਕ ਨੌਜਵਾਨ ਵੱਲੋਂ ਕਥਿਤ ਤੌਰ ’ਤੇ ਗੁਰਦੁਆਰਾ ਸਾਹਿਬ ਵਿੱਚ ਬੇਅਦਬੀ ਦੀ ਕੋਸ਼ਿਸ਼ ਕਰਨ ਦੇ ਦੋਸ਼ ਲੱਗੇ। ਪਿੰਡ ਵਾਸੀਆਂ ਮੁਤਾਬਕ ਨੌਜਵਾਨ ਦੇ ਹੱਥ ਵਿੱਚ ਕਿਰਪਾਨ ਸੀ ਅਤੇ ਉਸ ਨੇ ਨਿਸ਼ਾਨ ਸਾਹਿਬ ਨਾਲ ਵੀ ਬਦਸਲੂਕੀ ਕਰਨ ਦੀ ਕੋਸ਼ਿਸ਼ ਕੀਤੀ।
ਜਾਣਕਾਰੀ ਅਨੁਸਾਰ ਸਵੇਰੇ ਕਰੀਬ 7 ਵਜੇ ਭੋਗ ਉਪਰੰਤ ਜਦੋਂ ਗੁਰਦੁਆਰਾ ਕਮੇਟੀ ਦੇ ਮੈਂਬਰ ਅਤੇ ਸੰਗਤ ਮੌਜੂਦ ਸੀ, ਉਸ ਸਮੇਂ ਇਹ ਘਟਨਾ ਵਾਪਰੀ। ਨੌਜਵਾਨ ਨੂੰ ਰੋਕਣ ਲਈ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਹੋਰ ਮੈਂਬਰ ਅੱਗੇ ਆਏ। ਦੋਸ਼ ਹੈ ਕਿ ਇਸ ਦੌਰਾਨ ਨੌਜਵਾਨ ਨੇ ਕਿਰਪਾਨ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਮੇਤ ਕੁਝ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਗੱਲ ਸਾਹਮਣੇ ਆਈ ਹੈ।
ਪਿੰਡ ਵਾਸੀਆਂ ਵੱਲੋਂ ਨੌਜਵਾਨ ਕੋਲ ਨਜਾਇਜ਼ ਅਸਲਾ ਹੋਣ ਦਾ ਸ਼ੱਕ ਵੀ ਜ਼ਾਹਰ ਕੀਤਾ ਗਿਆ ਹੈ। ਹਾਲਾਂਕਿ ਘਟਨਾ ਦੌਰਾਨ ਗੋਲੀ ਚੱਲਣ ਦਾ ਕੋਈ ਦਾਅਵਾ ਨਹੀਂ ਕੀਤਾ ਗਿਆ ਹੈ। ਅਸਲੇ ਸਬੰਧੀ ਤੱਥ ਪੁਲਿਸ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਣਗੇ।
ਪਿੰਡ ਵਾਸੀਆਂ ਮੁਤਾਬਕ ਨੌਜਵਾਨ ਦੀ ਮਾਨਸਿਕ ਸਥਿਤੀ ਨੂੰ ਲੈ ਕੇ ਪਹਿਲਾਂ ਵੀ ਚਰਚਾ ਹੁੰਦੀ ਰਹੀ ਹੈ। ਪਰਿਵਾਰ ਵੱਲੋਂ ਉਸ ਦਾ ਇਲਾਜ ਕਰਵਾਏ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਪਰਿਵਾਰ ਨੂੰ ਨੌਜਵਾਨ ਦੀ ਸੰਭਾਲ ਕਰਨ ਲਈ ਕਿਹਾ ਗਿਆ ਸੀ।
ਘਟਨਾ ਵਿੱਚ ਜ਼ਖ਼ਮੀ ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪਿੰਡ ਵਾਸੀਆਂ ਮੁਤਾਬਕ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਮਰ ਸਿੰਘ ਪਿਛਲੇ ਕਰੀਬ 35 ਸਾਲਾਂ ਤੋਂ ਸੇਵਾ ਨਿਭਾਅ ਰਹੇ ਹਨ ਅਤੇ ਉਨ੍ਹਾਂ ਸਮੇਤ ਹੋਰ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਗੱਲ ਸਾਹਮਣੇ ਆਈ ਹੈ।
ਹੋਰ ਪੜ੍ਹੋ- ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿਖੇ 80ਵਾਂ ਆਜ਼ਾਦੀ ਦਿਵਸ ਦੇਸ਼ਭਗਤੀ ਅਤੇ ਮਾਣ ਨਾਲ ਮਨਾਇਆ ਗਿਆ
ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਜੇਕਰ ਬੇਅਦਬੀ ਦੀ ਕੋਸ਼ਿਸ਼ ਦੇ ਦੋਸ਼ ਜਾਂਚ ਵਿੱਚ ਸਹੀ ਪਾਏ ਜਾਂਦੇ ਹਨ ਤਾਂ ਸਬੰਧਤ ਕਾਨੂੰਨ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਕਿਰਪਾਨ ਨਾਲ ਕਥਿਤ ਹਮਲੇ ਅਤੇ ਨਜਾਇਜ਼ ਅਸਲੇ ਦੇ ਸ਼ੱਕ ਦੀ ਵੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ।
- PTC NEWS