ਸ਼੍ਰੋਮਣੀ ਅਕਾਲੀ ਦਲ ਵੱਲੋਂ ਲੌਂਗੋਵਾਲ ਵਿਚ ਕਾਨਫਰੰਸ ਲਈ ਰਾਖਵੀਂ ਥਾਂ ਪੁਨਰ ਸੁਰਜੀਤ ਦਲ ਨੂੰ ਅਲਾਟ ਕਰਨ ਦੀ ਨਿਖੇਧੀ
Punjab News: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਪਾਰਟੀ ਵੱਲੋਂ ਹਰ ਸਾਲ ਕਰਵਾਈ ਜਾਂਦੀ ਕਾਨਫਰੰਸ ਦੇ ਰਾਹ ਵਿਚ ਅੜਿਕੇ ਖੜ੍ਹੇ ਕਰਨ ਦੀ ਨਿਖੇਧੀ ਕੀਤੀ ਹੈ ਤੇ ਕਿਹਾ ਹੈ ਕਿ ਸਰਕਾਰ ਇਸ ਵਾਸਤੇ ਉਹ ਪੁਨਰ ਸੁਰਜੀਤ ਦਲ ਨਾਲ ਰਲ ਕੇ ਕੰਮ ਕਰ ਰਹੀ ਹੈ ਜਦੋਂ ਕਿ ਅਕਾਲੀ ਦਲ ਨੇ ਪਹਿਲਾਂ ਹੀ ਕਾਨਫਰੰਸ ਵਾਲੀ ਥਾਂ ਦੀ ਬੁਕਿੰਗ ਕਰਵਾਈ ਹੈ ਤੇ ਇਸ ਵਾਸਤੇ ਲੋੜੀਂਦੀ ਫੀਸ ਵੀ ਜਮ੍ਹਾਂ ਕਰਵਾ ਦਿੱਤੀ ਹੋਈ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਨੇ 20 ਅਗਸਤ ਨੂੰ ਲੌਂਗੋਵਾਲ ਦੀ ਅਨਾਜ ਮੰਡੀ ਵਿਚ ਹੋਣ ਵਾਲੀ ਕਾਨਫਰੰਸ ਲਈ ਪ੍ਰਵਾਨਗੀ ਵਾਸਤੇ ਅਪ੍ਰੈਲ ਮਹੀਨੇ ਵਿਚ ਹੀ ਅਪਲਾਈ ਕਰ ਦਿੱਤਾ ਸੀ।
ਉਹਨਾਂ ਕਿਹਾ ਕਿ ਭਾਵੇਂ ਅਨਾਜ ਮੰਡੀ ਸ਼ੈਡ ਹੇਠਾਂ ਹੋਣ ਵਾਲੀ ਕਾਨਫਰੰਸ ਲਈ ਫੀਸ ਵੀ ਜਮ੍ਹਾਂ ਕਰਵਾ ਦਿੱਤੀ ਗਈ ਪਰ ਹੁਣ ਆਪ ਦੇ ਮੰਤਰੀ ਅਮਨ ਅਰੋੜਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ’ਤੇ ਪੁਨਰ ਸੁਰਜੀਤ ਦਲ ਤੋਂ ਤਾਜ਼ਾ ਅਰਜ਼ੀ ਲੈ ਲਈ ਗਈ ਤੇ ਅਕਾਲੀ ਦਲ ਦੀ ਕਾਨਫਰੰਸ ਲਈ ਰਾਖਵੀਂ ਥਾਂ ਪੁਨਰ ਸੁਰਜੀਤ ਦਲ ਨੂੰ ਅਲਾਟ ਕਰ ਦਿੱਤੀ ਗਈ।
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਪ ਸਰਕਾਰ ਤੇ ਪੁਨਰ ਸੁਰਜੀਤ ਦਲ ਰਲ ਕੇ ਕੰਮ ਕਰ ਰਹੇ ਹਨ, ਇਹ ਗੱਲ ਹੁਣ ਜੱਗ ਜ਼ਾਹਰ ਹੈ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪੁਨਰ ਸੁਰਜੀਤ ਦਲ ਤੋਂ ਦੋ ਦਿਨ ਪਹਿਲਾਂ 15 ਅਗਸਤ ਨੂੰ ਅਰਜ਼ੀ ਲਈ ਗਈ ਤੇ ਫੈਸਲੇ ਵੀ ਉਸੇ ਦਿਨ ਕਰ ਲਿਆ ਗਿਆ।
ਅਕਾਲੀ ਆਗੂ ਨੇ ਇਸ ਫੈਸਲੇ ਨੂੰ ਧੱਕੇਸ਼ਾਹੀ ਤੇ ਵਿਤਕਰੇ ਭਰਪੂਰ ਕਰਾਰ ਦਿੱਤਾ ਤੇ ਕਿਹਾ ਕਿ ਪਾਰਟੀ ਇਸ ਗੈਰ ਲੋਕਤੰਤਰੀ ਫੈਸਲੇ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕੋਲ ਪਹੁੰਚ ਕਰੇਗੀ ਅਤੇ ਨਿਆਂ ਮੰਗੇਗੀ ਤੇ ਕਾਨਫਰੰਸ ਮਿਥੇ ਪ੍ਰੋਗਰਾਮ ਮੁਤਾਬਕ ਕਰਵਾਉਣ ਇਸਦੇ ਵਾਜਬ ਅਧਿਕਾਰ ਦੀ ਰਾਖੀ ਦੀ ਮੰਗ ਕਰੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਜੇਕਰ ਆਪ ਸਰਕਾਰ ਨਾ ਟਲੀ ਤਾਂ ਫਿਰ ਅਕਾਲੀ ਦਲ ਸਰਕਾਰੀ ਸੱਤਾ ਦੀ ਇਸ ਘੋਰ ਦੁਰਵਰਤੋਂ ਦੇ ਖਿਲਾਫ ਰੋਸ ਮੁਜ਼ਾਹਰਾ ਵੀ ਕਰੇਗਾ।
- PTC NEWS