PM ਮੋਦੀ 1 ਫਰਵਰੀ ਨੂੰ ਹਲਵਾਰਾ ਹਵਾਈ ਅੱਡੇ ਦਾ ਕਰਨਗੇ ਵਰਚੁਅਲ ਉਦਘਾਟਨ

Halwara International Airport : ਲੁਧਿਆਣਾ ਦਾ ਹਲਵਾਰਾ ਕੌਮਾਂਤਰੀ ਹਵਾਈ ਅੱਡਾ ਉਦਘਾਟਨ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਫਰਵਰੀ ਨੂੰ ਆਪਣੇ ਜਲੰਧਰ ਦੌਰੇ ਦੌਰਾਨ ਹਲਵਾਰਾ ਹਵਾਈ ਅੱਡੇ ਦਾ ਵਰਚੁਅਲ ਉਦਘਾਟਨ ਕਰਨਗੇ। ਇਸ ਤੋਂ ਬਾਅਦ ਕਿਸੇ ਵੀ ਸਮੇਂ ਉਡਾਣਾਂ ਸ਼ੁਰੂ ਹੋ ਸਕਦੀਆਂ ਹਨ। ਕਈ ਸਾਲਾਂ ਤੋਂ ਉਡੀਕ ਰਹੇ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਲੁਧਿਆਣਾ ਸਮੇਤ ਆਲੇ-ਦੁਆਲੇ ਦੇ ਉਦਯੋਗਿਕ ਅਤੇ ਵਪਾਰਕ ਖੇਤਰਾਂ ਨੂੰ ਸਿੱਧਾ ਹਵਾਈ ਲਾਭ ਮਿਲਣ ਦੀ ਉਮੀਦ ਹੈ

By  Shanker Badra January 29th 2026 02:56 PM

Halwara International Airport : ਲੁਧਿਆਣਾ ਦਾ ਹਲਵਾਰਾ ਕੌਮਾਂਤਰੀ ਹਵਾਈ ਅੱਡਾ ਉਦਘਾਟਨ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਫਰਵਰੀ ਨੂੰ ਆਪਣੇ ਜਲੰਧਰ ਦੌਰੇ ਦੌਰਾਨ ਹਲਵਾਰਾ ਹਵਾਈ ਅੱਡੇ ਦਾ ਵਰਚੁਅਲ ਉਦਘਾਟਨ ਕਰਨਗੇ। ਇਸ ਤੋਂ ਬਾਅਦ ਕਿਸੇ ਵੀ ਸਮੇਂ ਉਡਾਣਾਂ ਸ਼ੁਰੂ ਹੋ ਸਕਦੀਆਂ ਹਨ। ਕਈ ਸਾਲਾਂ ਤੋਂ ਉਡੀਕ ਰਹੇ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਲੁਧਿਆਣਾ ਸਮੇਤ ਆਲੇ-ਦੁਆਲੇ ਦੇ ਉਦਯੋਗਿਕ ਅਤੇ ਵਪਾਰਕ ਖੇਤਰਾਂ ਨੂੰ ਸਿੱਧਾ ਹਵਾਈ ਲਾਭ ਮਿਲਣ ਦੀ ਉਮੀਦ ਹੈ।

ਸਾਲ 2019 ਵਿੱਚ ਸ਼ੁਰੂ ਹੋਏ ਇਸ ਹਵਾਈ ਅੱਡੇ ਦੇ ਸਿਵਲ ਟਰਮੀਨਲ ਅਤੇ ਹੋਰ ਸੰਬੰਧਤ ਇਮਾਰਤਾਂ ਦੀ ਉਸਾਰੀ ਪੂਰੀ ਹੋ ਚੁੱਕੀ ਹੈ। ਹਲਵਾਰਾ ਹਵਾਈ ਅੱਡੇ ਦੇ ਸੀਈਓ ਜਗੀਰ ਸਿੰਘ ਨੇ ਦੱਸਿਆ ਕਿ ਉਦਘਾਟਨ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਟੀਮ ਵੱਲੋਂ ਹਵਾਈ ਅੱਡੇ ਦੇ ਹਰ ਪੱਖ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਅਗਵਾਈ ਹੇਠ ਸਿਵਲ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਉਦਘਾਟਨੀ ਸਮਾਰੋਹ ਦੀਆਂ ਰਸਮੀ ਤਿਆਰੀਆਂ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਤਾਂ ਜੋ ਸਮਾਰੋਹ ਸੁਚੱਜੇ ਢੰਗ ਨਾਲ ਸੰਪੰਨ ਹੋ ਸਕੇ।

ਹਵਾਈ ਅੱਡਾ ਪ੍ਰਸ਼ਾਸਨ ਦੇ ਅਨੁਸਾਰ ਟਰਮੀਨਲ ਇਮਾਰਤ, ਰਨਵੇਅ ਅਤੇ ਹੋਰ ਸਿਵਲ ਕੰਮ ਪੂਰੇ ਹੋ ਚੁੱਕੇ ਹਨ। ਸਟਾਫ ਭਰਤੀ ਪ੍ਰਕਿਰਿਆ ਵੀ ਦਸੰਬਰ ਵਿੱਚ ਪੂਰੀ ਹੋ ਗਈ ਸੀ। ਇਸ ਵੇਲੇ ਉਡਾਣਾਂ ਸੰਬੰਧੀ ਦੋ ਪ੍ਰਮੁੱਖ ਏਅਰਲਾਈਨਾਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਜਲਦੀ ਹੀ ਅੰਤਿਮ ਫੈਸਲਾ ਲਿਆ ਜਾਵੇਗਾ। ਹਲਵਾਰਾ ਹਵਾਈ ਅੱਡੇ ਨੂੰ HWR ਕੋਡ ਵੀ ਜਾਰੀ ਕਰ ਦਿੱਤਾ ਗਿਆ ਹੈ, ਜਿਸ ਨਾਲ ਇਹ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਗਿਆ ਹੈ। ਵਿਭਾਗ ਦੇ ਅਧਿਕਾਰੀ ਉਮੀਦ ਪ੍ਰਗਟ ਕਰਦੇ ਹਨ ਕਿ ਹਲਵਾਰਾ ਹਵਾਈ ਅੱਡੇ ਤੋਂ ਜਲਦੀ ਹੀ ਉਡਾਣਾਂ ਸ਼ੁਰੂ ਹੋ ਜਾਣਗੀਆਂ।

ਦੱਸ ਦੇਈਏ ਕਿ ਹਵਾਈ ਅੱਡੇ ਦੇ ਟਰਮੀਨਲ ਦਾ ਉਦਘਾਟਨ ਪਹਿਲਾਂ ਜੁਲਾਈ 2025 ਵਿੱਚ ਹੋਣਾ ਸੀ ਪਰ ਕਾਰਨਾਂ ਕਰਕੇ ਇਸਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਹੁਣ ਇਸ ਪ੍ਰੋਜੈਕਟ ਦੇ ਹਕੀਕਤ ਬਣਨ ਨਾਲ ਹਵਾਈ ਯਾਤਰਾ ਦੇ ਨਵੇਂ ਦ੍ਰਿਸ਼ ਖੁਲਣ ਜਾ ਰਹੇ ਹਨ। ਹਵਾਈ ਸੇਵਾਵਾਂ ਦੇ ਮਾਮਲੇ ਵਿੱਚ, ਏਅਰ ਇੰਡੀਆ ਵਿਸਤਾਰਾ ਵੱਲੋਂ ਪਹਿਲੇ ਪੜਾਅ ਵਿੱਚ ਹਲਵਾਰਾ ਤੋਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ, ਦਿੱਲੀ ਲਈ ਉਡਾਣਾਂ ਚਲਾਉਣ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਗਿਆ ਹੈ। ਭਾਵੇਂ ਹਵਾਈ ਅੱਡੇ ਨੂੰ “ਅੰਤਰਰਾਸ਼ਟਰੀ” ਦਰਜਾ ਮਿਲ ਚੁੱਕਾ ਹੈ, ਪਰ ਸ਼ੁਰੂਆਤੀ ਦੌਰ ਵਿੱਚ ਇੱਥੋਂ ਘਰੇਲੂ ਉਡਾਣਾਂ ਦੀ ਸ਼ੁਰੂਆਤ ਹੋਵੇਗੀ, ਜਿਸ ਤੋਂ ਬਾਅਦ ਅਗਲੇ ਪੜਾਵਾਂ ਵਿੱਚ ਅੰਤਰਰਾਸ਼ਟਰੀ ਉਡਾਣਾਂ ਚਲਾਉਣ ਦੀ ਯੋਜਨਾ ਹੈ। 

 

Related Post