Yograj Singh Dialogue Controversy : ਯੋਗਰਾਜ ਸਿੰਘ ਦੇ ਵਿਵਾਦਿਤ ਡਾਇਲੌਗ ਮਾਮਲੇ ’ਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਿਆ ਸੂ-ਮੋਟੋ ਨੋਟਿਸ
ਵੈੱਬ ਸੀਰੀਜ਼ ਲੁੱਖੇ ਨੂੰ ਲੈ ਕੇ ਵਿਵਾਦ ਤੇਜ਼ ਹੋ ਗਿਆ ਹੈ। ਚੰਡੀਗੜ੍ਹ ਦੇ ਇੱਕ ਵਕੀਲ ਨੇ ਅਦਾਕਾਰ ਅਤੇ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਵਿਰੁੱਧ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਐਸਐਸਪੀ ਨੂੰ ਵੀ ਇੱਕ ਸ਼ਿਕਾਇਤ ਸੌਂਪੀ ਗਈ ਹੈ।
Yograj Singh Dialogue Controversy : ਕ੍ਰਿਕਟਰ ਯੁਵਰਾਜ ਸਿੰਘ ਦੇ ਅਦਾਕਾਰ ਪਿਤਾ ਯੋਗਰਾਜ ਸਿੰਘ ਇੱਕ ਨਵੇਂ ਵਿਵਾਦ ’ਚ ਉਲਝਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਅਦਾਕਾਰ ਯੋਗਰਾਜ ਸਿੰਘ ਦੇ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਦਰਅਸਲ ਇਹ ਸਾਰਾ ਮਾਮਲਾ ਉਨ੍ਹਾਂ ਦੀ ਨਵੀਂ ਵੈੱਬ ਸੀਰੀਜ਼ ਲੁੱਖੇ ’ਚ ਬੋਲੇ ਗਏ ਇੱਕ ਡਾਇਲੌਗ ਨੂੰ ਲੈ ਕੇ ਹੈ।
ਮਾਮਲੇ ਸਬੰਧੀ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਦੱਸ ਦਈਏ ਕਿ ਪੰਜਾਬ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਖੁਦ ਨੋਟਿਸ ਲਿਆ ਹੈ ਅਤੇ ਪੁਲਿਸ ਨੂੰ ਕਾਰਵਾਈ ਦੀ ਅਪੀਲ ਕੀਤੀ ਹੈ। ਕਮਿਸ਼ਨ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਕਲਿੱਪ ਪੰਜਾਬ ਪੁਲਿਸ ਹੈੱਡਕੁਆਰਟਰ ਨੂੰ ਭੇਜ ਦਿੱਤੀ ਹੈ ਅਤੇ ਇੱਕ ਸੀਨੀਅਰ ਅਧਿਕਾਰੀ ਤੋਂ ਜਾਂਚ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਕਮਿਸ਼ਨ ਨੇ ਪੰਜਾਬ ਡੀਜੀਪੀ ਨੂੰ ਕਾਰਵਾਈ ਦੀ ਰਿਪੋਰਟ ਨੂੰ ਇੱਕ ਹਫਤੇ ’ਚ ਮੰਗੀ ਹੈ।
ਦੱਸ ਦਈਏ ਕਿ ਇੱਕ ਵਕੀਲ ਨੇ ਚੰਡੀਗੜ੍ਹ ਦੇ ਐਸਐਸਪੀ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਹ ਮਾਮਲਾ ਹਿਮਾਂਕ ਗੌੜ ਦੁਆਰਾ ਨਿਰਦੇਸ਼ਤ ਵੈੱਬ ਸੀਰੀਜ਼ ਲੁੱਖੇ ਨਾਲ ਸਬੰਧਤ ਹੈ। ਇਹ ਸੀਰੀਜ਼ ਸ਼ੁੱਕਰਵਾਰ, 8 ਮਈ ਨੂੰ ਓਟੀਟੀ ਪਲੇਟਫਾਰਮ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਈ ਸੀ।
ਵਕੀਲ ਉੱਜਵਲ ਭਸੀਨ ਦਾ ਇਲਜ਼ਾਮ ਹੈ ਕਿ ਯੋਗਰਾਜ ਸਿੰਘ ਨੇ ਸੀਰੀਜ਼ ਵਿੱਚ ਔਰਤਾਂ ਵਿਰੁੱਧ ਬਹੁਤ ਹੀ ਅਸ਼ਲੀਲ ਅਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਹੈ। ਉਨ੍ਹਾਂ ਨੇ ਸੀਰੀਜ਼ ਦੇ ਨਿਰਦੇਸ਼ਕ ਅਤੇ ਨਿਰਮਾਤਾਵਾਂ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਹੈ।
ਲੁੱਖੇ ਵੈੱਬ ਸੀਰੀਜ਼ ਦੀ ਕੀ ਹੈ ਕਹਾਣੀ
ਕਾਬਿਲੇਗੌਰ ਹੈ ਕਿ "ਲੁੱਖੇ" ਪੰਜਾਬ ਦੀ ਕਹਾਣੀ ਨੂੰ ਦਰਸਾਉਂਦੀ ਹੈ, ਜਿੱਥੇ ਰੈਪ ਸੱਭਿਆਚਾਰ ਸੰਗੀਤ ਤੱਕ ਸੀਮਤ ਨਹੀਂ ਹੈ, ਸਗੋਂ ਨਸ਼ਿਆਂ, ਅਪਰਾਧ, ਹਿੰਸਾ ਅਤੇ ਇੱਕ ਅਸਫਲ ਪ੍ਰਣਾਲੀ ਦੇ ਖ਼ਤਰਿਆਂ ਵਿੱਚ ਵੀ ਡੂੰਘਾਈ ਨਾਲ ਡੁੱਬਦਾ ਹੈ। ਰੈਪਰ ਕਿੰਗ ਇਸ ਸੀਰੀਜ਼ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰ ਰਿਹਾ ਹੈ। ਯੋਗਰਾਜ ਸਿੰਘ ਤੋਂ ਇਲਾਵਾ, ਇਸ ਸੀਰੀਜ਼ ਵਿੱਚ ਰਾਸ਼ੀ ਖੰਨਾ, ਪਲਕ ਤਿਵਾੜੀ, ਲਕਸ਼ਵੀਰ ਸਰਨ ਅਤੇ ਸ਼ਿਵਾਂਕਿਤ ਸਿੰਘ ਪਰਿਹਾਰ ਵੀ ਹਨ।
ਕੀ ਹੈ ਯੋਗਰਾਜ ਸਿੰਘ ਨਾਲ ਜੁੜਿਆ ਨਵਾਂ ਵਿਵਾਦ
- ਯੋਗਰਾਜ ਸਿੰਘ ਖਿਲਾਫ ਕੀਤੀ ਗਈ ਸ਼ਿਕਾਇਤ
- ਵਕੀਲ ਉੱਜਵਲ ਭਸੀਨ ਨੇ ਚੰਡੀਗੜ੍ਹ ਦੇ SSP ਨੂੰ ਦਿੱਤੀ ਸ਼ਿਕਾਇਤ
- ਯੋਗਰਾਜ ਸਿੰਘ ਖਿਲਾਫ ਤੁਰੰਤ ਪ੍ਰਭਾਵ ਨਾਲ FIR ਦਰਜ ਕਰਨ ਦੀ ਮੰਗ
- ਫਿਲਮ ਦੇ ਡਾਇਰੈਕਟਰ ਤੇ ਪ੍ਰੋਡਿਊਸਰ ਖਿਲਾਫ ਵੀ ਸਖਤ ਕਾਰਵਾਈ ਦੀ ਮੰਗ
- ਮਹਿਲਾਵਾਂ ਲਈ ਅਪਮਾਨਯੋਗ ਸ਼ਬਦ ਵਰਤੇ ਗਏ
- ਨਵੀਂ ਵੈੱਬ ਸੀਰੀਜ਼ ’ਚ ਯੋਗਰਾਜ ਸਿੰਘ ਦਾ ਡਾਈਲੌਗ
- ਸੋਸ਼ਲ ਮੀਡੀਆ ’ਤੇ ਡਾਇਲੌਗ ਦਾ ਵੀਡੀਓ ਹੋ ਰਿਹਾ ਵਾਇਰਲ
- Amazon Prime ਦੇ ਵੈੱਬ ਸੀਰੀਜ਼ ਲੁੱਖੇ ਦਾ ਡਾਇਲੌਗ
ਯੋਗਰਾਜ ਦਾ ਵਿਵਾਦਾਂ ਦਾ ਲੰਮਾ ਰਿਹਾ ਇਤਿਹਾਸ
ਕਾਬਿਲੇਗੌਰ ਹੈ ਕਿ ਯੋਗਰਾਜ ਸਿੰਘ ਹਮੇਸ਼ਾ ਆਪਣੇ ਵਿਵਾਦਪੂਰਨ ਬਿਆਨਾਂ ਕਾਰਨ ਸੁਰਖੀਆਂ ’ਚ ਬਣੇ ਰਹੇ ਹਨ। ਉਹ ਅਕਸਰ ਯੁਵਰਾਜ ਦੇ ਸਮਕਾਲੀ ਲੋਕਾਂ, ਖਾਸ ਕਰਕੇ ਮਹਿੰਦਰ ਸਿੰਘ ਧੋਨੀ ਦੀ ਆਲੋਚਨਾ ਵੀ ਕਰਦੇ ਰਹੇ ਹਨ। ਉਨ੍ਹਾਂ ਨੇ ਤਾਂ ਇੱਕ ਵਾਰ ਤਾਂ ਇਹ ਵੀ ਦਾਅਵਾ ਕੀਤਾ ਸੀ ਕਿ ਉਹ ਗੋਲੀ ਮਾਰਨ ਲਈ ਕਪਿਲ ਦੇਵ ਦੇ ਘਰ ਬੰਦੂਕ ਲੈ ਕੇ ਪਹੁੰਚ ਗਏ ਸੀ। ਯੋਗਰਾਜ ਨੇ ਹਿੰਦੀ ਬੋਲਣ ਵਾਲੇ ਆਦਮੀਆਂ ਦਾ ਵੀ ਮਜ਼ਾਕ ਉਡਾਇਆ ਹੈ।
ਇਹ ਵੀ ਪੜ੍ਹੋ : Jalandhar Blast : ਜਲੰਧਰ IED ਧਮਾਕੇ 'ਚ ਪੁਲਿਸ ਨੂੰ ਵੱਡੀ ਸਫਲਤਾ, ਧਮਾਕੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ