Punjabi University Patiala : ਪਟਿਆਲਾ ਯੂਨੀਵਰਸਿਟੀ ਚ 14 ਕਰੋੜ ਤੋਂ ਵੱਧ ਦਾ ਘਪਲਾ ! ED ਨੇ 20 ਤੋਂ ਵੱਧ ਜਾਇਦਾਦਾਂ ਦਾ ਰਿਕਾਰਡ ਮੰਗਿਆ

Punjabi University Patiala : ਪੰਜਾਬੀ ਯੂਨੀਵਰਸਿਟੀ ਵੱਲੋਂ ਸਕਾਲਰਸ਼ਿਪ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਗਈ ਸੀ। ਕਮੇਟੀ ਦੀ ਰਿਪੋਰਟ ਵਿੱਚ ਕਰੀਬ 14 ਕਰੋੜ ਰੁਪਏ ਦੇ ਘਪਲੇ ਦਾ ਜ਼ਿਕਰ ਕੀਤਾ ਗਿਆ ਹੈ। ਇਹ ਰਿਪੋਰਟ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਸੌਂਪੀ ਵੀ ਜਾ ਚੁੱਕੀ ਹੈ।

By  KRISHAN KUMAR SHARMA June 28th 2026 03:57 PM -- Updated: June 28th 2026 04:15 PM

Punjabi University Patiala : ਪੰਜਾਬੀ ਯੂਨੀਵਰਸਿਟੀ ਵਿੱਚ ਕਰੋੜਾਂ ਰੁਪਏ ਦੇ ਯੂਜੀਸੀ ਸਕਾਲਰਸ਼ਿਪ ਘਪਲੇ (UGC scholarship scam) ਦੇ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਇਸ ਮਾਮਲੇ ਦੀ ਜਾਂਚ ਹੁਣ ਈਡੀ (ED) ਕੋਲ ਪਹੁੰਚ ਚੁੱਕੀ ਹੈ। ਈਡੀ ਨੇ ਇਸ ਸਬੰਧੀ ਪਟਿਆਲਾ ਦੇ ਸਬ-ਰਜਿਸਟਰਾਰ ਦਫ਼ਤਰ ਨੂੰ ਪੱਤਰ ਜਾਰੀ ਕਰਕੇ ਸਕਾਲਰਸ਼ਿਪ ਘਪਲੇ ਦੇ ਮੁੱਖ ਮੁਲਜ਼ਮ ਨਿਸ਼ੂ ਚੌਧਰੀ ਦੀਆਂ ਜਾਇਦਾਦਾਂ ਦਾ ਵੇਰਵਾ ਮੰਗਿਆ ਹੈ।

ਜਾਣਕਾਰੀ ਅਨੁਸਾਰ, ਸਬ-ਰਜਿਸਟਰਾਰ ਦਫ਼ਤਰ ਤੋਂ 20 ਤੋਂ ਵੱਧ ਜਾਇਦਾਦਾਂ ਦਾ ਰਿਕਾਰਡ ਮੰਗਿਆ ਗਿਆ ਹੈ। ਇਸ ਤੋਂ ਇਲਾਵਾ ਈਡੀ ਨੇ ਕਵਿਤ ਚੌਧਰੀ, ਰਵੀ ਕਪੂਰ ਅਤੇ ਪੂਜਾ ਕਪੂਰ ਦੀਆਂ ਜਾਇਦਾਦਾਂ ਦਾ ਰਿਕਾਰਡ ਵੀ ਮੰਗਿਆ ਹੈ।

ਈਡੀ ਵੱਲੋਂ ਭੇਜੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਮਾਮਲੇ ਦੀ ਜਾਂਚ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (ਪੀਐਮਐਲਏ), 2002 ਤਹਿਤ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੀਆਂ ਜਾਇਦਾਦਾਂ ਪਟਿਆਲਾ ਦੇ ਪਿੰਡ ਡੀਲਵਾਲ ਵਿੱਚ ਸਥਿਤ ਹਨ।

ਯੂਨੀਵਰਸਿਟੀ ਦੀ ਰਿਪੋਰਟ 'ਚ 14 ਕਰੋੜ ਰੁਪਏ ਦਾ ਘਪਲਾ

ਦੂਜੇ ਪਾਸੇ, ਪੰਜਾਬੀ ਯੂਨੀਵਰਸਿਟੀ ਵੱਲੋਂ ਸਕਾਲਰਸ਼ਿਪ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਗਈ ਸੀ। ਕਮੇਟੀ ਦੀ ਰਿਪੋਰਟ ਵਿੱਚ ਕਰੀਬ 14 ਕਰੋੜ ਰੁਪਏ ਦੇ ਘਪਲੇ ਦਾ ਜ਼ਿਕਰ ਕੀਤਾ ਗਿਆ ਹੈ। ਇਹ ਰਿਪੋਰਟ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਸੌਂਪੀ ਵੀ ਜਾ ਚੁੱਕੀ ਹੈ।

ਘਪਲੇ 'ਚ ਕਈ ਯੂਨੀਵਰਸਿਟੀ ਅਧਿਕਾਰੀਆਂ ਦੀ ਮਿਲੀਭੁਗਤ

ਹੁਣ ਇਸ ਮਾਮਲੇ ਦੀ ਜਾਂਚ ਵਿੱਚ ਈਡੀ ਵੀ ਸਰਗਰਮ ਹੋ ਗਈ ਹੈ, ਕਿਉਂਕਿ ਘਪਲੇ ਦੀ ਰਕਮ 14 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ ਅਤੇ ਇਸ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਅਧਿਕਾਰੀਆਂ ਦੀ ਮਿਲੀਭੁਗਤ ਹੋਣ ਦੇ ਸ਼ੱਕ ਵੀ ਜਤਾਏ ਜਾ ਰਹੇ ਹਨ।


ਸੂਤਰਾਂ ਮੁਤਾਬਕ, ਕਮੇਟੀ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਸੌਂਪੀ ਗਈ ਰਿਪੋਰਟ ਵਿੱਚ ਕੁਝ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨਾਮ ਵੀ ਸ਼ਾਮਲ ਹਨ। ਹਾਲਾਂਕਿ, ਹੁਣ ਤੱਕ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਵਿੱਚ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਗਈ ਅਤੇ ਜਾਂਚ ਦੀ ਰਫ਼ਤਾਰ ਵੀ ਧੀਮੀ ਦਿਖਾਈ ਦੇ ਰਹੀ ਹੈ। ਯੂਨੀਵਰਸਿਟੀ ਦਾ ਕੋਈ ਵੀ ਅਧਿਕਾਰੀ ਇਸ ਮਾਮਲੇ 'ਤੇ ਬੋਲਣ ਲਈ ਤਿਆਰ ਨਹੀਂ ਹੈ।

ਇਸ ਸਬੰਧੀ ਸਬ-ਰਜਿਸਟਰਾਰ ਗੁਲਾਬ ਸਿੰਘ ਥਿੰਦ ਨੇ ਕਿਹਾ ਕਿ ਦਫ਼ਤਰ ਨੂੰ ਈਡੀ ਦਾ ਪੱਤਰ ਪ੍ਰਾਪਤ ਹੋਇਆ ਹੈ ਅਤੇ ਜਿਸ ਰਿਕਾਰਡ ਦੀ ਮੰਗ ਕੀਤੀ ਗਈ ਹੈ, ਉਹ ਤਿਆਰ ਕਰਕੇ ਪੱਤਰ ਅਨੁਸਾਰ ਭੇਜ ਦਿੱਤਾ ਜਾਵੇਗਾ।

Related Post