ਸਰਹਾਲੀ ਪੁਲਿਸ ਸਟੇਸ਼ਨ ਹਮਲਾ : ਵਿਰੋਧੀ ਧਿਰਾਂ ਨੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਖੜ੍ਹੇ ਕੀਤੇ ਸਵਾਲ

By  Ravinder Singh December 10th 2022 12:02 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਰਨਤਾਰਨ ਦੇ ਸਰਹਾਲੀ ਪੁਲਿਸ ਸਟੇਸ਼ਨ ਉਤੇ ਹੋਏ ਰਾਕੇਟ ਲਾਂਚਰ ਹਮਲੇ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਪੰਜਾਬ 'ਚ 6 ਮਹੀਨਿਆਂ 'ਚ ਪੁਲਿਸ ਦੀ ਇਮਾਰਤ 'ਤੇ ਰਾਕੇਟ ਲਾਂਚਰ ਨਾਲ ਇਹ ਦੂਜੀ ਵਾਰ ਹਮਲਾ ਹੋਇਆ ਹੈ। ਇਹ ਅਮਨ-ਕਾਨੂੰਨ ਨੂੰ ਕਾਇਮ ਰੱਖਣ ਤੇ ਨਾਰਕੋ-ਅੱਤਵਾਦ ਨੂੰ ਮੁੜ ਸਿਰ ਚੁੱਕਣ ਲਈ 'ਆਪ' ਸਰਕਾਰ ਦੀ ਉਦਾਸੀਨਤਾ ਦਾ ਸਿੱਧਾ ਨਤੀਜਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ  ਸਥਿਤੀ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਹੈ ਅਤੇ ਠੋਸ ਉਪਾਅ ਕਰਨੇ ਚਾਹੀਦੇ ਹਨ।


ਪੰਜਾਬ ਦੇ ਤਰਨਤਾਰਨ ਚ ਪੁਲਿਸ ਥਾਣੇ ਤੇ ਦੇਰ ਰਾਤ ਹੋਏ ਰਾਕੇਟ ਹਮਲੇ ਤੋਂ ਬਾਅਦ ਭਾਜਪਾ ਦੇ ਆਗੂ ਤੇ ਸਾਬਕਾ ਮੰਤਰੀ ਨੇ ਵੱਡਾ ਬਿਆਨ ਦਿੱਤਾ ਹੈ। ਹੁਸ਼ਿਆਰਪੁਰ ਤੋਂ ਭਾਜਪਾ ਦੇ ਸਾਬਕਾ ਮੰਤਰੀ ਤੀਕਸ਼ਣ ਸੂਦ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਨਹੀਂ ਬਲਕਿ ਅੱਤਵਾਦੀਆਂ, ਖਾਲਿਸਤਾਨੀਆਂ ਅਤੇ ਗੈਂਗਸਟਰਾਂ ਦੀ ਸਰਕਾਰ ਹੈ ਜਿਸਦਾ ਨਤੀਜਾ ਇਹ ਹੈ ਕਿ ਆਮ ਲੋਕਾਂ ਦੀ ਸੁਰੱਖਿਆ ਕਰਨ ਵਾਲੀ ਪੰਜਾਬ ਪੁਲਿਸ ਵੀ ਹੁਣ ਸੁਰੱਖਿਅਤ ਨਹੀਂ ਹੈ ਅਤੇ ਪੰਜਾਬ ਵਿਚ ਲਗਾਤਾਰ ਦੂਜਾ ਪੁਲਿਸ ਤੇ ਰਾਕੇਟ ਹਮਲਾ ਹੋਣਾ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣਾ ਅਸਤੀਫਾ ਦੇ ਦੇਣਾ ਚਾਹੀਦਾ ਹੈ।

Related Post