ਜਿਸ ਪਟਵਾਰੀ ਦੀ ਗ੍ਰਿਫ਼ਤਾਰੀ ਤੋਂ ਸ਼ੁਰੂ ਹੋਇਆ ਸੂਬਾ ਪੱਧਰੀ ਵਿਰੋਧ; ਉਸਦਾ ਪਰਿਵਾਰ 54 ਜਾਇਦਾਦਾਂ ਦਾ ਮਾਲਕ - ਰਿਪੋਰਟ

ਪੰਜਾਬ VB ਰਿਪੋਰਟ ਰਾਹੀਂ ਵੱਡਾ ਖ਼ੁਲਾਸਾ, ਪਟਵਾਰੀ ਬਲਕਾਰ ਸਿੰਘ ਦੀ ਗ੍ਰਿਫਤਾਰੀ ਕਾਰਨ ਰੈਵੀਨਿਊ ਪਟਵਾਰ ਯੂਨੀਅਨ ਵੱਲੋਂ 1 ਸਤੰਬਰ ਨੂੰ ਕੀਤੀ ਗਈ ਕਲਮ ਛੋੜ ਹੜਤਾਲ

By  Jasmeet Singh September 5th 2023 02:46 PM -- Updated: September 5th 2023 03:12 PM

ਚੰਡੀਗੜ੍ਹ: ਪਟਵਾਰੀ ਬਲਕਾਰ ਸਿੰਘ ਜਿਸ ਦੀ 23 ਅਗਸਤ ਨੂੰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰੀ ਦੇ ਬਾਅਦ ਪਟਵਾਰੀਆਂ ਵੱਲੋਂ ਸੂਬਾ ਵਿਆਪੀ ਹੜਤਾਲ ਕੀਤੀ ਗਈ ਸੀ, ਉਹ ਕਥਿਤ ਤੌਰ 'ਤੇ 54 ਜਾਇਦਾਦਾਂ ਦੇ ਮਾਲਕ ਨਿਕਲਿਆ ਹੈ। ਇਹ ਗੱਲ ਵਿਜੀਲੈਂਸ ਵੱਲੋਂ ਤਿਆਰ ਕੀਤੀ ਰਿਪੋਰਟ ਵਿੱਚ ਸਾਹਮਣੇ ਆਈ ਹੈ।

ਬਲਕਾਰ ਸੰਗਰੂਰ ਦੇ ਕੱਕੜਵਾਲ ਮਾਲ ਸਰਕਲ ਵਿਖੇ ਤਾਇਨਾਤ ਸੀ। ਉਸਨੂੰ ਖਨੌਰੀ ਵਿਖੇ 14 ਕਨਾਲ, 11 ਮਰਲੇ ਜ਼ਮੀਨ ਦੀ ਨਿੱਜੀ ਵਸੀਅਤ ਅਤੇ ਜਾਅਲੀ ਦਸਤਾਵੇਜ਼ ਤਿਆਰ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਤੋਂ ਪਹਿਲਾਂ ਹੀ ਉਸ ਵਿਰੁੱਧ ਵਿਜੀਲੈਂਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ (ਡੀ.ਏ.) ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਸੀ।

ਡੀ.ਏ. ਕੇਸ ਵਿੱਚ ਤਿਆਰ ਰਿਪੋਰਟ ਮੁਤਾਬਕ ਬਲਕਾਰ 12 ਦਸੰਬਰ 2002 ਨੂੰ ਪਟਵਾਰੀ ਵਜੋਂ ਭਰਤੀ ਹੋਇਆ ਸੀ। ਉਹ ਅਤੇ ਉਸਦੇ ਪਰਿਵਾਰਕ ਮੈਂਬਰ 55 ਏਕੜ ਦੇ ਮਾਲਕ ਹਨ। ਪਟਿਆਲਾ ਵਿੱਚ ਅਫਸਰ ਕਲੋਨੀ ਵਿੱਚ ਇੱਕ 400 ਵਰਗ ਗਜ਼ ਦਾ ਰਿਹਾਇਸ਼ੀ ਪਲਾਟ ਅਤੇ ਪਟਿਆਲਾ ਵਿੱਚ ਮਹਿੰਦਰਾ ਕੰਪਲੈਕਸ ਵਿੱਚ ਦੋ ਵਪਾਰਕ ਪਲਾਟ। ਇਹ ਜਾਇਦਾਦ 3.5 ਕਰੋੜ ਰੁਪਏ ਵਿੱਚ ਖਰੀਦੀ ਗਈ ਸੀ ਅਤੇ ਉਸਦੇ ਘਰ ਦੀ ਉਸਾਰੀ 'ਤੇ 50 ਲੱਖ ਰੁਪਏ ਖਰਚ ਕੀਤੇ ਗਏ ਸਨ। ਬਲਕਾਰ ਨੇ 1.25 ਕਰੋੜ ਰੁਪਏ ਵਿੱਚ ਦੋ ਹੋਰ ਜਾਇਦਾਦਾਂ ਖਰੀਦਣ ਲਈ ਟੋਕਨ ਮਨੀ ਵੀ ਦਿੱਤੀ ਸੀ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਲਕਾਰ ਕੋਲ 54 ਜਾਇਦਾਦਾਂ ਹਨ, ਜੋ 2005 ਤੋਂ 2023 ਦਰਮਿਆਨ ਖਰੀਦੀਆਂ ਗਈਆਂ ਸਨ। ਇਨ੍ਹਾਂ ਵਿੱਚੋਂ 33 ਸੰਪਤੀਆਂ ਲਹਿਰਾਗਾਗਾ, ਮੂਨਕ ਅਤੇ ਬੁਢਲਾਡਾ ਵਿੱਚ ਸਥਿਤ ਹਨ। ਉਸ ਦੀ ਕਾਰ ਤੋਂ ਜ਼ਬਤ ਦਸਤਾਵੇਜ਼ਾਂ ਮੁਤਾਬਕ ਬਲਕਾਰ ਨੇ 21 ਜਾਇਦਾਦਾਂ ਖ਼ਰੀਦੀਆਂ ਸਨ।

ਵਿਜੀਲੈਂਸ ਨੇ ਇਲਜ਼ਾਮ ਲਾਇਆ ਕਿ ਉਹ ਕੁਝ ਨਿੱਜੀ ਪਾਰਟੀਆਂ ਨਾਲ ਮਿਲ ਕੇ ਜਾਇਦਾਦਾਂ ਦਾ ਗਲਤ ਇੰਤਕਾਲ ਕਰ ਰਿਹਾ ਸੀ। ਬਲਕਾਰ ਅਤੇ ਨਾਇਬ ਤਹਿਸੀਲਦਾਰ ਦਰਸ਼ਨ ਸਿੰਘ ਦੀ ਗ੍ਰਿਫ਼ਤਾਰੀ ਦੇ ਮੱਦੇਨਜ਼ਰ ਰੈਵੀਨਿਊ ਪਟਵਾਰ ਯੂਨੀਅਨ ਅਤੇ ਰੈਵੀਨਿਊ ਕਾਨੂੰਗੋ ਯੂਨੀਅਨ ਨੇ ਪੀ.ਸੀ.ਐਸ. ਆਫੀਸਰਜ਼ ਐਸੋਸੀਏਸ਼ਨ ਅਤੇ ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਨੂੰ 1 ਸਤੰਬਰ ਤੋਂ ਕਲਮ ਛੋੜ ਹੜਤਾਲ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ।

ਯੂਨੀਅਨ ਨੇ ਦਾਅਵਾ ਕੀਤਾ ਕਿ ਭ੍ਰਿਸ਼ਟਾਚਾਰ ਰੋਕੂ ਕਾਨੂੰਨ 1988 ਦੀ ਧਾਰਾ 17-ਏ ਤਹਿਤ ਕੇਸ ਦਰਜ ਕਰਨ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਅਤੇ ਵਿੱਤ ਕਮਿਸ਼ਨਰ (ਮਾਲ) ਤੋਂ ਮਨਜ਼ੂਰੀ ਨਹੀਂ ਲਈ ਗਈ ਸੀ।

ਹਾਲਾਂਕਿ ਵੱਖ-ਵੱਖ ਹਲਕਿਆਂ ਤੋਂ ਆਲੋਚਨਾ ਦਾ ਸਾਹਮਣਾ ਕਰਨ ਤੋਂ ਬਾਅਦ ਯੂਨੀਅਨ ਨੇ ਆਪਣੀ ਸਥਿਤੀ ਬਦਲ ਲਈ ਅਤੇ ਐਲਾਨ ਕੀਤਾ ਕਿ ਉਨ੍ਹਾਂ ਦੀ ਹੜਤਾਲ ਪੁਰਾਣੀ ਪੈਨਸ਼ਨ ਸਕੀਮ ਅਤੇ ਕੰਮ ਦੇ ਅਨੁਕੂਲ ਮਾਹੌਲ ਨਾਲ ਸਬੰਧਤ ਹੈ।

ਬਾਅਦ ਵਿੱਚ ਸਰਕਾਰ ਨੇ ਈਸਟ ਪੰਜਾਬ ਅਸੈਂਸ਼ੀਅਲ ਸਰਵਿਸਿਜ਼ ਐਕਟ (ESMA) ਨੂੰ ਵੀ ਲਾਗੂ ਕੀਤਾ ਸੀ।

ਬਲਕਾਰ ਖ਼ਿਲਾਫ਼ ਵਿਜੀਲੈਂਸ ਵੱਲੋਂ ਆਈਪੀਸੀ ਦੀਆਂ ਧਾਰਾਵਾਂ 409, 465, 467, 468, 471 ਅਤੇ 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ 13(1ਏ) ਅਤੇ 13(2) ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਭਾਰਤ ਦੀ 'ਬ੍ਰੇਵ ਡਾਟਰ' ਜਿਸਨੇ 23 ਸਾਲ ਦੀ ਉਮਰ ਵਿੱਚ ਆਪਣੀ ਕੁਰਬਾਨੀ ਦੇ ਕੇ 360 ਯਾਤਰੀਆਂ ਦੀ ਬਚਾਈ ਸੀ ਜਾਨ

Related Post