Sultanpur Lodhi News : ਨੌਜਵਾਨ ਦੀ ਪੁਲਿਸ ਹਿਰਾਸਤ ਚ ਭੇਤਭਰੇ ਹਾਲਾਤਾਂ ਚ ਮੌਤ, ਪਰਿਵਾਰ ਨੇ ਪੁਲਿਸ ਤੇ ਚਿੱਟਾ ਦੇਣ ਦੇ ਲਾਏ ਗੰਭੀਰ ਇਲਜ਼ਾਮ

Sultanpur Lodhi News : ਮ੍ਰਿਤਕ ਦੀ ਪਹਿਚਾਣ ਵੀਰਪਾਲ ਦੇ ਰੂਪ ਵਿੱਚ ਹੋਈ ਹੈ, ਜਿਸਨੂੰ ਪੁਲਿਸ ਨੇ ਕੁਝ ਦਿਨ ਪਹਿਲਾਂ ਮਸੀਤਾਂ ਪਿੰਡ ਦੇ ਕਤਲ ਮਾਮਲੇ ਵਿੱਚ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਸੀ।

By  KRISHAN KUMAR SHARMA October 25th 2025 11:58 AM -- Updated: October 25th 2025 12:48 PM

Sultanpur Lodhi News : ਇਸ ਵੇਲੇ ਦੀ ਸਭ ਤੋਂ ਵੱਡੀ ਤੇ ਚੌਕਾਉਣ ਵਾਲੀ ਖਬਰ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਪੁਲਿਸ ਕਸਟਡੀ ਦੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਵੀਰਪਾਲ ਦੇ ਰੂਪ ਵਿੱਚ ਹੋਈ ਹੈ, ਜਿਸਨੂੰ ਪੁਲਿਸ ਨੇ ਕੁਝ ਦਿਨ ਪਹਿਲਾਂ ਮਸੀਤਾਂ ਪਿੰਡ ਦੇ ਕਤਲ ਮਾਮਲੇ ਵਿੱਚ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਸੀ।

ਪਰਿਵਾਰ ਨੇ ਪੁਲਿਸ 'ਤੇ ਲਾਏ ਗੰਭੀਰ ਦੋਸ਼

ਪਰਿਵਾਰ ਵੱਲੋਂ ਪੁਲਿਸ 'ਤੇ ਗੰਭੀਰ ਦੋਸ਼ ਲਗਾਏ ਗਏ ਹਨ ਕਿ ਹਵਾਲਾਤ ਵਿੱਚ ਵੀਰਪਾਲ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਇੱਥੋਂ ਤੱਕ ਕਿ ਨੰਗਾ ਕਰਕੇ ਤਸ਼ੱਦਦ ਕੀਤਾ ਗਿਆ। ਪਰਿਵਾਰ ਦਾ ਇਹ ਵੀ ਦੋਸ਼ ਹੈ ਕਿ ਪੁਲਿਸ ਆਪ ਹੀ ਉਸਨੂੰ ਚਿੱਟਾ ਮੁਹੱਈਆ ਕਰਵਾ ਰਹੀ ਸੀ, ਜਿਸ ਨਾਲ ਸਾਰੀ ਕਹਾਣੀ ਹੋਰ ਵੀ ਸ਼ੱਕੀ ਹੋ ਗਈ ਹੈ।

ਕੁੱਝ ਦਿਨ ਪਹਿਲਾਂ ਸਰਪੰਚ ਦੇ ਮੁੰਡੇ ਦੀ ਹੋਈ ਸੀ ਮੌਤ

ਦੂਜੇ ਪਾਸੇ, ਮਸੀਤਾਂ ਪਿੰਡ ਵਿੱਚ ਕੁਝ ਦਿਨ ਪਹਿਲਾਂ ਸਰਪੰਚ ਹਰਮੇਸ਼ ਸਿੰਘ ਗੋਰਾ ਦੇ ਪੁੱਤਰ ਸੁਖਜਿੰਦਰ ਸਿੰਘ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਸੀ। ਸੁਖਜਿੰਦਰ ਸਿੰਘ ਦੇ ਪਰਿਵਾਰ ਵੱਲੋਂ ਉਸ ਮਾਮਲੇ ਵਿੱਚ ਕਤਲ ਦੀ ਸ਼ੰਕਾ ਜਤਾਈ ਗਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਕੁਝ ਸ਼ੱਕੀ ਨੌਜਵਾਨਾਂ ਨੂੰ ਪੁੱਛਗਿੱਛ ਲਈ ਚੱਕਿਆ ਸੀ। ਹੁਣ ਉਹਨਾਂ ਵਿੱਚੋਂ ਇੱਕ ਦੀ ਮੌਤ ਹੋ ਜਾਣ ਨਾਲ ਮਾਮਲਾ ਹੋਰ ਵੀ ਗੰਭੀਰ ਹੋ ਗਿਆ ਹੈ।

ਪੁਲਿਸ ਨੇ ਮ੍ਰਿਤਕ ਵੀਰਪਾਲ ਦੀ ਲਾਸ਼ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਮੋਰਚਰੀ ਵਿੱਚ ਰੱਖੀ ਗਈ ਹੈ ਤੇ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ।ਸੁਲਤਾਨਪੁਰ ਲੋਧੀ ਪੁਲਿਸ ਹਵਾਲਾਤ ਮੌਤ ਮਾਮਲੇ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪਰਿਵਾਰ ਪੁਲਿਸ 'ਤੇ ਨਾ ਸਿਰਫ਼ ਤਸ਼ੱਦਦ ਬਲਕਿ ਚਿੱਟਾ ਮੁਹੱਈਆ ਕਰਵਾਉਣ ਦੇ ਵੀ ਗੰਭੀਰ ਦੋਸ਼ ਲਾ ਰਿਹਾ ਹੈ। ਹੁਣ ਸਵਾਲ ਇਹ ਹੈ ਕਿ ਕੀ ਵੀਰਪਾਲ ਦੀ ਮੌਤ ਹਵਾਲਾਤੀ ਤਸ਼ੱਦਦ ਨਾਲ ਹੋਈ ਜਾਂ ਪਿੱਛੇ ਕੋਈ ਹੋਰ ਸੱਚ ਛੁਪਿਆ ਹੈ ? ਇਹ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ। ਫਿਲਹਾਲ, ਪਰਿਵਾਰ ਨਿਆਂ ਦੀ ਮੰਗ ਕਰ ਰਿਹਾ ਹੈ ਅਤੇ ਪ੍ਰਸ਼ਾਸਨ ਵੱਲੋਂ ਜਾਂਚ ਦੇ ਹੁਕਮ ਦਿੱਤੇ ਗਏ ਹਨ।

ਪੁਲਿਸ ਦਾ ਕੀ ਹੈ ਕਹਿਣਾ ? 

ਇਸ ਮਾਮਲੇ 'ਚ ਕਪੂਰਥਲਾ ਦੇ ਐਸਪੀਡੀ ਪ੍ਰਭਜੋਤ ਸਿੰਘ ਵਿਰਕ ਦਾ ਕਹਿਣਾ ਸੀ ਕਿ ਪੁਲਿਸ ਇਸ ਮਾਮਲੇ 'ਚ ਜਾਂਚ ਕਰ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਸਭ ਕੁੱਝ ਸਾਹਮਣੇ ਆਵੇਗਾ। ਜਾਂਚ ਤੋਂ ਬਾਅਦ ਜੋ ਵੀ ਸਾਹਮਣੇ ਆਵੇਗਾ, ਉਸ ਅਨੁਸਾਰ ਕਾਰਵਾਈ ਹੋਵੇਗੀ।

Related Post