ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝੀ, ਬੱਚੇ ਖਾਤਰ ਕਤਲ ਕੀਤੀ ਗਈ ਸੀ ਉਸਦੀ ਮਾਂ, ਪੜ੍ਹੋ ਪੂਰਾ ਮਾਮਲਾ

By  KRISHAN KUMAR SHARMA March 26th 2024 09:38 AM

Hoshiarpur News: ਹੁਸ਼ਿਆਰਪੁਰ ਪੁਲਿਸ ਨੇ 23 ਮਾਰਚ ਨੂੰ ਹੋਏ ਇੱਕ ਔਰਤ ਦੇ ਅੰਨ੍ਹੇ ਕਤਲ ਕੇਸ ਤੋਂ ਪਰਦਾ ਚੁੱਕ ਦਿੱਤਾ ਹੈ। ਹਾਜੀਪੁਰ ਦੇ ਪਿੰਡ ਭਵਨਾਲ ਦੀ ਔਰਤ ਦਾ ਕਤਲ ਉਸ ਦੇ ਬੱਚੇ ਦੀ ਖਾਤਰ ਕੀਤਾ ਗਿਆ ਸੀ। ਪੁਲਿਸ ਨੇ ਮਾਮਲੇ 'ਚ 2 ਔਰਤਾਂ ਸਮੇਤ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਜਾਣਕਾਰੀ ਅਨੁਸਾਰ ਪੁਲਿਸ ਨੂੰ 24 ਮਾਰਚ ਨੂੰ ਸੂਚਨਾ ਮਿਲੀ ਸੀ ਕਿ ਸਹੋੜਾ ਕੰਢੀ ਨੇੜੇ ਇੱਕ ਔਰਤ ਦੀ ਲਾਸ਼ ਪਈ ਹੈ। ਮੌਕੇ 'ਤੇ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਅਰੰਭ ਦਿੱਤੀ ਹੈ। ਹਾਲਾਂਕਿ ਔਰਤ ਦੀ ਸ਼ਨਾਖਤ ਨਾ ਹੋਣ ਕਾਰਨ ਉਸ ਨੂੰ ਮੋਰਚਰੀ 'ਚ ਰੱਖਿਆ ਗਿਆ ਸੀ ਅਤੇ ਪੁਲਿਸ ਵੱਲੋਂ ਸ਼ਨਾਖਤ ਲਈ ਤਸਵੀਰਾਂ ਜਾਰੀ ਕੀਤੀਆਂ। ਉਪਰੰਤ ਸ਼ਾਮ ਸਮੇਂ ਔਰਤ ਦੀ ਪਛਾਣ ਸੁਨੀਤਾ ਰਾਣੀ ਪਤਨੀ ਨਰਿੰਦਰ ਸਿੰਘ ਵਾਸੀ ਭਵਨਾਲ (ਹੁਸ਼ਿਆਰਪੁਰ) ਵੱਜੋਂ ਹੋਈ।

ਨਰਿੰਦਰ ਸਿੰਘ ਨੇ ਪਛਾਣ ਕਰਨ ਤੋਂ ਬਾਅਦ ਪੁਲਿਸ ਨੂੰ ਦੱਸਿਆ ਕਿ ਉਸ ਪਤਨੀ ਆਪਣੇ 5 ਮਹੀਨੇ ਦੇ ਬੱਚੇ ਲਕਸ਼ ਨੂੰ ਲੈ ਕੇ ਪੇਕੇ ਘਰ ਪਿੰਡ ਡੰਡੋਹ ਥਾਣਾ ਹਰਿਆਣਾ ਵਿਖੇ ਗਈ ਸੀ, ਪਰ ਪਹੁੰਚੀ ਨਹੀਂ। ਉਸ ਨੇ ਕਿਹਾ ਕਿ ਗੁਆਢੀ ਨਰਿੰਦਰ ਭਾਟੀਆ ਅਤੇ ਉਸ ਦੀ ਪਤਨੀ ਨਰਿੰਦਰ ਕੌਰ ਉਸ ਦੀ ਪਤਨੀ ਨੂੰ ਆਪਣਾ ਬੱਚਾ ਉਨ੍ਹਾਂ ਦੇ ਫਰੈਂਡ ਸਰਕਲ ਵਿੱਚ ਪਤੀ-ਪਤਨੀ ਵੱਜੋਂ ਰਹਿੰਦੇ ਰਾਹੁਲ ਕੁਮਾਰ ਅਤੇ ਗੁਲਸ਼ਨ ਵਾਸੀ ਐਮਮਾਗਟ ਥਾਣਾ ਮੁਕੇਰੀਆਂ ਨੂੰ ਦੇਣ ਲਈ ਕਹਿੰਦੇ ਸਨ। ਦਰਅਸਲ ਰਾਹੁਲ ਤੇ ਗੁਲਸ਼ਨ ਕੋਲ ਕੋਈ ਬੱਚਾ ਨਹੀਂ ਸੀ। ਗੁਆਂਢੀ ਉਸ ਦੀ ਪਤਨੀ ਨੂੰ ਕਹਿੰਦੇ ਸਨ ਕਿ ਉਸ ਕੋਲ 3 ਬੱਚੇ ਹਨ, ਇਸ ਲਈ ਉਹ ਆਪਣਾ ਛੋਟਾ ਲੜਕਾ ਲਕਸ਼ ਗੁਲਸ਼ਨ ਨੂੰ ਦੇਣ ਦਾ ਦਬਾਅ ਪਾਉਂਦੇ ਸਨ।

ਉਪਰੰਤ ਜਦੋਂ ਪੁਲਿਸ ਨੇ ਮਾਮਲੇ ਦੀ ਬਾਰੀਕੀ ਨਾਲ ਛਾਣਬੀਣ ਕੀਤੀ ਤਾਂ ਸਾਹਮਣੇ ਆਇਆ ਕਿ 23 ਤਰੀਕ ਨੂੰ ਜਦੋਂ ਉਹ ਪਿੰਡ ਜਾ ਰਹੀ ਸੀ ਤਾਂ ਮੁਲਜ਼ਮ ਸੁਨੀਤਾ ਰਾਣੀ ਨੂੰ ਰਸਤੇ ਵਿਚੋਂ ਹੀ ਬੱਚੇ ਲਕਸ਼ ਸਮੇਤ ਗੱਲਾਂ ਵਿੱਚ ਫਸਾ ਕੇ ਪਿੰਡ ਸਹੋੜੀ ਕੰਢੀ ਲੈ ਗਏ, ਜਿਥੇ ਰਾਹੁਲ ਨੇ ਬੱਚਾ ਖੋਹ ਕੇ ਗੁਲਸ਼ਨ ਨੂੰ ਦੇ ਦਿੱਤਾ ਅਤੇ ਸੁਨੀਤਾ ਰਾਣੀ ਨੂੰ ਉਹ ਜੰਗਲ ਵਿੱਚ ਲੈ ਗਿਆ। ਜਦੋਂ ਸੁਨੀਤਾ ਰਾਣੀ ਆਪਣੇ ਬੱਚੇ ਨੂੰ ਲੈਣ ਦੀ ਜਿੱਦ ਕਰਨ ਲੱਗੀ ਤਾਂ ਰਾਹੁਲ ਨੇ ਉਸ ਦੇ ਸਿਰ 'ਚ ਪੱਥਰ ਮਾਰ ਦਿੱਤਾ ਅਤੇ ਫਿਰ ਉਸ ਦੀ ਚੁੰਨੀ ਨਾਲ ਹੀ ਉਸ ਦਾ ਗਲਾ ਘੁੱਟ ਕੇ ਮਾਰ ਦਿੱਤਾ ਸੀ।

ਪੁਲਿਸ ਨੇ ਚਾਰੇ ਮੁਲਜ਼ਮਾਂ ਰਾਹੁਲ ਤੇ ਉਸ ਦੀ ਪਤਨੀ ਗੁਲਸ਼ਨ ਅਤੇ ਨਰਿੰਦਰ ਭਾਟੀਆ ਤੇ ਉਸ ਦੀ ਪਤਨੀ ਨਰਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ।

Related Post