Furniture Market Fire : ਜ਼ੀਰਕਪੁਰ ਦੀ ਫ਼ਰਨੀਚਰ ਮਾਰਕੀਟ ’ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ
ਜਾਨੀ ਨੁਕਸਾਨ ਤੋਂ ਰਿਹਾ ਬਚਾਅ
Furniture Market Fire : ਜ਼ੀਰਕਪੁਰ ਦੀ ਮਸ਼ਹੂਰ ਬਲਟਾਣਾ ਫ਼ਰਨੀਚਰ ਮਾਰਕੀਟ ਵਿੱਚ ਅੱਜ ਤੜਕੇ ਭਿਆਨਕ ਅੱਗ ਲੱਗਣ ਕਾਰਨ ਹਫ਼ੜਾ-ਦਫ਼ੜੀ ਮਚ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਦੇਖਦੇ ਹੀ ਦੇਖਦੇ 22 ਟੀਨ ਸ਼ੈੱਡ ਇਸ ਦੀ ਲਪੇਟ ਵਿੱਚ ਆ ਗਏ ਅਤੇ ਉੱਥੇ ਪਿਆ ਲੱਖਾਂ ਰੁਪਏ ਦਾ ਕੀਮਤੀ ਫ਼ਰਨੀਚਰ ਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਦੀਵਾਲੀ ਦੇ ਤਿਉਹਾਰ ਤੋਂ ਠੀਕ ਪਹਿਲਾਂ ਵਾਪਰੀ ਇਸ ਘਟਨਾ ਨੇ ਦੁਕਾਨਦਾਰਾਂ ਨੂੰ ਵੱਡਾ ਆਰਥਿਕ ਝਟਕਾ ਦਿੱਤਾ ਹੈ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।
ਜਾਣਕਾਰੀ ਅਨੁਸਾਰ ਅੱਗ ਅੱਜ ਸਵੇਰੇ ਕਰੀਬ 4 ਵਜੇ ਲੱਗੀ। ਅੱਗ ਬੁਝਾਊ ਵਿਭਾਗ ਨੂੰ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਅੱਗ ਦੀ ਗੰਭੀਰਤਾ ਨੂੰ ਦੇਖਦਿਆਂ ਜ਼ੀਰਕਪੁਰ ਤੋਂ ਇਲਾਵਾ ਮੁਹਾਲੀ, ਡੇਰਾਬੱਸੀ, ਪੰਚਕੂਲਾ ਅਤੇ ਏਅਰ ਫੋਰਸ ਸਟੇਸ਼ਨ ਤੋਂ ਵੀ ਫਾਇਰ ਟੈਂਡਰ ਬੁਲਾਏ ਗਏ। ਫਾਇਰ ਕਰਮੀਆਂ ਨੂੰ ਅੱਗ ’ਤੇ ਕਾਬੂ ਪਾਉਣ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ। ਮੁੱਢਲੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ, ਜਦਕਿ ਪੁਲੀਸ ਅਤੇ ਫਾਇਰ ਵਿਭਾਗ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ :
Punjab Weather Today : ਲੁਧਿਆਣਾ, ਖੰਨਾ ਤੇ ਪਟਿਆਲਾ 'ਚ ਖ਼ਰਾਬ ਹੋਈ ਹਵਾ, AQI 200 ਪਾਰ ਹੋਇਆ, ਜਾਣੋ ਮੌਸਮ ਦਾ ਹਾਲ
ਅੱਗ ਦੀਆਂ ਉੱਚੀਆਂ ਲਪਟਾਂ ਇੱਕ ਸ਼ੈੱਡ ਤੋਂ ਦੂਜੇ ਸ਼ੈੱਡ ਤੱਕ ਫੈਲਦੀਆਂ ਦੇਖ ਕੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸਥਾਨਕ ਲੋਕਾਂ ਨੇ ਵੀ ਬਾਲਟੀਆਂ ਵਿੱਚ ਪਾਣੀ ਭਰ ਕੇ ਅੱਗ ਬੁਝਾਉਣ ਵਿੱਚ ਫਾਇਰ ਕਰਮੀਆਂ ਦੀ ਮਦਦ ਕੀਤੀ। ਬਲਟਾਣਾ ਦੇ ਵਸਨੀਕ ਬਲਦੇਵ ਸਿੰਘ ਨੇ ਦੱਸਿਆ ਕਿ ਅੱਗ ਬੇਹੱਦ ਭਿਆਨਕ ਸੀ ਅਤੇ ਸ਼ੁਰੂਆਤ ਵਿੱਚ ਲੋਕਾਂ ਨੇ ਆਪਣੇ ਪੱਧਰ ’ਤੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਦੁਕਾਨਦਾਰਾਂ ਦੀਆਂ ਅੱਖਾਂ ਸਾਹਮਣੇ ਉਨ੍ਹਾਂ ਦਾ ਕੀਮਤੀ ਸਾਮਾਨ ਸੜਦਾ ਰਿਹਾ।
ਦੂਜੇ ਪਾਸੇ ਸਥਾਨਕ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਘਟਨਾ ਤੋਂ ਕਰੀਬ ਪੰਜ ਘੰਟੇ ਬਾਅਦ ਵੀ ਸਾਮਾਨ ਬਚਾਉਣ ਅਤੇ ਨੁਕਸਾਨ ਦਾ ਜਾਇਜ਼ਾ ਲੈਣ ਦਾ ਕੰਮ ਜਾਰੀ ਸੀ। ਉਨ੍ਹਾਂ ਕਿਹਾ ਕਿ ਦੀਵਾਲੀ ਤੋਂ ਪਹਿਲਾਂ ਵਾਪਰੀ ਇਸ ਘਟਨਾ ਕਾਰਨ ਦੁਕਾਨਦਾਰਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ।
ਪਹਿਲਾਂ ਵੀ ਕਈ ਵਾਰ ਅੱਗ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ
ਜ਼ਿਕਰਯੋਗ ਹੈ ਕਿ ਬਲਟਾਣਾ ਦੀ ਇਸ ਫ਼ਰਨੀਚਰ ਮਾਰਕੀਟ ਵਿੱਚ ਅੱਗ ਲੱਗਣ ਦੀ ਇਹ ਪਹਿਲੀ ਘਟਨਾ ਨਹੀਂ ਹੈ। ਮਾਰਕੀਟ ਵਿੱਚ ਬਣੇ ਕਈ ਸ਼ੈੱਡਾਂ ਵਿੱਚ ਲੱਕੜ ਦੇ ਫ਼ਰਨੀਚਰ ਤੋਂ ਇਲਾਵਾ ਪੇਂਟ, ਥਿਨਰ, ਕੈਮੀਕਲ ਅਤੇ ਤੇਲ ਵਰਗੀਆਂ ਜਲਣਸ਼ੀਲ ਚੀਜ਼ਾਂ ਵੀ ਸਟੋਰ ਕੀਤੀਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਬਿਜਲੀ ਦੇ ਆਰਜ਼ੀ ਕੁਨੈਕਸ਼ਨਾਂ ਕਾਰਨ ਵੀ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਹੋ ਰਹੇ ਹਨ।
ਇਸੇ ਸਾਲ 4 ਜੁਲਾਈ ਨੂੰ ਵੀ ਤੜਕੇ ਲੱਗੀ ਅੱਗ ਕਾਰਨ ਮਾਰਕੀਟ ਦੇ 7 ਸ਼ੈੱਡ ਸੜ ਕੇ ਸੁਆਹ ਹੋ ਗਏ ਸਨ। ਇਸ ਤੋਂ ਪਹਿਲਾਂ ਕਰੀਬ ਦੋ ਸਾਲ ਪਹਿਲਾਂ ਇੱਕ ਏਕੜ ਵਿੱਚ ਫੈਲੇ 24 ਖੋਖੇ ਅੱਗ ਦੀ ਲਪੇਟ ਵਿੱਚ ਆ ਗਏ ਸਨ। ਉਸ ਸਮੇਂ ਅੱਗ ’ਤੇ ਕਾਬੂ ਪਾਉਣ ਲਈ 12 ਫਾਇਰ ਟੈਂਡਰਾਂ ਨੂੰ ਕਈ ਘੰਟਿਆਂ ਤੱਕ ਜੱਦੋਜਹਿਦ ਕਰਨੀ ਪਈ ਸੀ।
ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨੇ ਮਾਰਕੀਟ ਵਿੱਚ ਅੱਗ ਤੋਂ ਬਚਾਅ ਦੇ ਪ੍ਰਬੰਧਾਂ ਅਤੇ ਸ਼ੈੱਡਾਂ ਦੀ ਸੁਰੱਖਿਆ ਨੂੰ ਲੈ ਕੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।