ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੁੱਕਣ ਦਾ ਮਾਮਲਾ ; ਭਲਕੇ ਇੰਦੌਰ ਲਈ ਰਵਾਨਾ ਹੋਵੇਗਾ SGPC ਦਾ ਵਫ਼ਦ

By  Ravinder Singh January 28th 2023 08:15 PM

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੰਧੀ ਸਮਾਜ ਦੇ ਮਾਮਲੇ ਸਬੰਧੀ ਸਥਾਨਕ ਸਿੱਖਾਂ ਤੇ ਸਿੰਧੀ ਸਮਾਜ ਦੇ ਆਗੂਆਂ ਨਾਲ ਗੱਲਬਾਤ ਕਰਨ ਲਈ ਭਲਕੇ ਇਕ ਉੱਚ ਪੱਧਰੀ ਵਫ਼ਦ ਇੰਦੌਰ ਭੇਜਿਆ ਜਾਵੇਗਾ। ਇਹ ਫੈਸਲਾ ਅੱਜ ਹੋਈ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਦੌਰਾਨ ਲਿਆ ਗਿਆ ਹੈ।

ਇਕੱਤਰਤਾ ਮਗਰੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਬੀਤੇ ਦਿਨੀਂ ਇੰਦੌਰ ਵਿਖੇ ਸਿੰਧੀ ਸਿੱਖ ਪਰਿਵਾਰਾਂ ਦੇ ਘਰਾਂ ਅਤੇ ਉਨ੍ਹਾਂ ਵੱਲੋਂ ਸਥਾਪਤ ਕੀਤੇ ਅਸਥਾਨਾਂ ਤੋਂ ਕੁਝ ਲੋਕਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੁੱਕਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੀ ਗੰਭੀਰਤਾ ਨੂੰ ਵੇਖਦਿਆਂ ਸ਼੍ਰੋਮਣੀ ਕਮੇਟੀ ਪਹਿਲੇ ਦਿਨ ਤੋਂ ਸੰਜੀਦਾ ਹੈ।


ਭਾਵੇਂ ਸਥਾਨਕ ਪੱਧਰ ਉਤੇ ਕਾਰਜਸ਼ੀਲ ਪ੍ਰਚਾਰਕਾਂ ਨੂੰ ਮੌਕੇ ਉਤੇ ਭੇਜਿਆ ਗਿਆ ਸੀ ਪਰ ਇਸ ਮਾਮਲੇ ਦੇ ਹੱਲ ਲਈ ਹੁਣ ਸ਼੍ਰੋਮਣੀ ਕਮੇਟੀ ਦਾ ਇਕ ਉੱਚ ਪੱਧਰੀ ਵਫ਼ਦ ਭਲਕੇ 29 ਜਨਵਰੀ ਨੂੰ ਦੋ ਦਿਨਾਂ ਦੌਰੇ ਉਤੇ ਇੰਦੌਰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਫ਼ਦ ਵਿਚ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸੁਖਵਰਸ਼ ਸਿੰਘ ਪੰਨੂ, ਵਧੀਕ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ, ਛੱਤੀਸਗੜ੍ਹ ਸਿੱਖ ਮਿਸ਼ਨ ਦੇ ਇੰਚਾਰਜ ਭਾਈ ਗੁਰਮੀਤ ਸਿੰਘ ਅਤੇ ਆਈਟੀ ਵਿਭਾਗ ਦੇ ਨੁਮਾਇੰਦੇ ਜਸਕਰਨ ਸਿੰਘ ਸ਼ਾਮਲ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਸਿੰਧੀ ਸਮਾਜ ਸਿੱਖ ਕੌਮ ਦਾ ਅਹਿਮ ਹਿੱਸਾ ਹੈ, ਜਿਸ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਨੂੰ ਸੱਟ ਨਹੀਂ ਵੱਜਣ ਦਿੱਤੀ ਜਾਵੇਗੀ।

ਐਡਵੋਕੇਟ ਧਾਮੀ ਨੇ ਦੱਸਿਆ ਕਿ ਬੀਤੇ ਕੱਲ੍ਹ ਅੰਤ੍ਰਿੰਗ ਕਮੇਟੀ ਵੱਲੋਂ ਗਠਤ ਕੀਤੇ ਗਏ ਅੰਤਰਰਾਸ਼ਟਰੀ ਸਿੱਖ ਸਲਾਹਕਾਰ ਬੋਰਡ ਦੇ ਮੈਂਬਰਾਂ ਵਿਚ ਧਰਮ ਪ੍ਰਚਾਰ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਹੋਰ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਇਸ ਦੇ 13 ਮੈਂਬਰ ਐਲਾਨੇ ਗਏ ਸਨ, ਜਿਸ ਵਿਚ 6 ਮੈਂਬਰਾਂ ਦਾ ਵਾਧਾ ਕਰਦਿਆਂ ਇਸ ਨੂੰ 19 ਮੈਂਬਰੀ ਬਣਾ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਨਵੇਂ ਮੈਂਬਰਾਂ ਵਿਚ ਭਾਈ ਮਹਿੰਦਰ ਸਿੰਘ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਯੂਕੇ, ਪ੍ਰਸਿੱਧ ਕਥਾਵਾਚਕ ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ ਯੂਕੇ, ਬੀਬੀ ਇੰਦਰਜੀਤ ਕੌਰ ਖਾਲਸਾ ਅਮਰੀਕਾ, ਰਘਬੀਰ ਸਿੰਘ ਸੁਭਾਨਪੁਰ ਅਮਰੀਕਾ, ਮਾਸਟਰ ਮਹਿੰਦਰ ਸਿੰਘ ਨਿਊਯਾਰਕ ਅਮਰੀਕਾ ਤੇ ਕਰਮਦੀਪ ਸਿੰਘ ਬੈਂਸ ਯੂਬਾ ਸਿਟੀ ਅਮਰੀਕਾ ਨੂੰ ਲਿਆ ਗਿਆ ਹੈ।

ਐਡਵੋਕੇਟ ਧਾਮੀ ਨੇ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਦਸਤਖ਼ਤੀ ਮੁਹਿੰਮ ਤਹਿਤ ਹਰ ਹਲਕੇ ਵਿਚ ਕੈਂਪ ਲਗਾਉਣ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਚਾਰਕਾਂ ਰਾਹੀਂ ਇਹ ਕਾਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਗਲੇ ਦਿਨਾਂ ਵਿਚ ਇਹ ਲਹਿਰ ਸਿਖਰ ਉਤੇ ਹੋਵੇਗੀ ਅਤੇ ਲੱਖਾਂ ਹੋਰ ਲੋਕਾਂ ਨੂੰ ਜੋੜਿਆ ਜਾਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਆਨਲਾਈਨ ਪ੍ਰੋਫਾਰਮਾ ਭਰਨ ਲਈ ਅੰਤਰਰਾਸ਼ਟਰੀ ਸਲਾਹਕਾਰ ਬੋਰਡ ਦੇ ਮੈਂਬਰਾਂ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਰਾਸ਼ਟਰਪਤੀ ਭਵਨ ਦੇ ਮੁਗ਼ਲ ਗਾਰਡਨ ਦਾ ਬਦਲਿਆ ਨਾਮ, ਹੁਣ 'ਅੰਮ੍ਰਿਤ ਉਦਿਆਨ' ਵਜੋਂ ਜਾਣਿਆ ਜਾਵੇਗਾ ਗਾਰਡਨ

ਇਸੇ ਦੌਰਾਨ ਐਡਵੋਕੇਟ ਧਾਮੀ ਨੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਕਰੜੀ ਆਲੋਚਨਾ ਕਰਦਿਆਂ ਇਸ ਨੂੰ ਤੁਰੰਤ ਜੇਲ੍ਹ ਭੇਜਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਰਿਪੋਰਟਾਂ ਅਨੁਸਾਰ ਇਸ ਵੱਲੋਂ ਭਲਕੇ ਆਨਲਾਈਨ ਤਰੀਕੇ ਨਾਲ ਸਲਾਬਤਪੁਰੇ ਇਕੱਠ ਨੂੰ ਸੰਬੋਧਨ ਕੀਤਾ ਜਾਵੇਗਾ। ਇਹ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਖਰਾਬ ਕਰਨ ਵਾਲੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਇਸ ਉਤੇ ਪੰਜਾਬ ਦੀ ਸਰਕਾਰ ਨੂੰ ਤੁਰੰਤ ਰੋਕ ਲਗਾਉਣੀ ਚਾਹੀਦੀ ਹੈ।

Related Post