Tarn Taran News : ਤਰਨਤਾਰਨ ਪੁਲਿਸ ਨੇ ਇੱਕ ਜਾਸੂਸ ਨੂੰ ਕੀਤਾ ਗ੍ਰਿਫ਼ਤਾਰ , ਪਾਕਿਸਤਾਨੀ ISI ਏਜੰਟਾਂ ਨੂੰ ਆਪ੍ਰੇਸ਼ਨ ਸਿੰਦੂਰ ਬਾਰੇ ਜਾਣਕਾਰੀ ਭੇਜਣ ਦਾ ਆਰੋਪ
Tarn Taran News : ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਅਤੇ ਤਰਨਤਾਰਨ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਵਿੱਚ ਆਪ੍ਰੇਸ਼ਨ ਸਿੰਦੂਰ ਬਾਰੇ ਜਾਣਕਾਰੀ ਪਾਕਿਸਤਾਨੀ ISI ਏਜੰਟਾਂ ਨੂੰ ਭੇਜਣ ਵਾਲੇ ਇੱਕ ਜਾਸੂਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਆਰੋਪੀ ਦੀ ਪਛਾਣ ਗਗਨਦੀਪ ਸਿੰਘ ਉਰਫ਼ ਗਗਨ ਵਜੋਂ ਹੋਈ ਹੈ, ਜੋ ਕਿ ਮੁਹੱਲਾ ਰੋਡੂਪੁਰ ਗਲੀ ਨਜ਼ਰ ਸਿੰਘ ਵਾਲੀ, ਤਰਨਤਾਰਨ ਦਾ ਰਹਿਣ ਵਾਲਾ ਹੈ।
ਆਰੋਪੀ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ISI ਨੂੰ ਸੰਵੇਦਨਸ਼ੀਲ ਫੌਜੀ ਜਾਣਕਾਰੀ ਪ੍ਰਦਾਨ ਕਰਨ ਦੇਆਰੋਪ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀਜੀਪੀ ਗੌਰਵ ਯਾਦਵ ਦੇ ਅਨੁਸਾਰ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗਗਨਦੀਪ ਸਿੰਘ ਪਿਛਲੇ ਪੰਜ ਸਾਲਾਂ ਤੋਂ ਪਾਕਿਸਤਾਨ ਸਥਿਤ ਖਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਦੇ ਸੰਪਰਕ ਵਿੱਚ ਸੀ।
ਚਾਵਲਾ ਰਾਹੀਂ ਹੀ ਉਸਦੀ ਜਾਣ-ਪਛਾਣ ਪਾਕਿਸਤਾਨੀ ਖੁਫੀਆ ਅਧਿਕਾਰੀਆਂ ਨਾਲ ਹੋਈ ਸੀ। ਆਰੋਪੀ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਨਾਲ ਫੌਜ ਦੀਆਂ ਗਤੀਵਿਧੀਆਂ, ਫੌਜਾਂ ਦੀ ਤਾਇਨਾਤੀ ਅਤੇ ਭਾਰਤ ਵਿੱਚ ਰਣਨੀਤਕ ਸਥਾਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ, ਜੋ ਦੇਸ਼ ਦੀ ਰਾਸ਼ਟਰੀ ਸੁਰੱਖਿਆ ਲਈ ਇੱਕ ਵੱਡਾ ਖ਼ਤਰਾ ਬਣ ਸਕਦਾ ਸੀ।
ਮੁਲਜ਼ਮ ਤੋਂ ਕੀ -ਬਰਾਮਦ ਹੋਇਆ
ਇੱਕ ਮੋਬਾਈਲ ਫ਼ੋਨ ਜਿਸ ਵਿੱਚ ਖੁਫੀਆ ਜਾਣਕਾਰੀ ਸੀ ,ਜੋ ISI ਏਜੰਟਾਂ ਨੂੰ ਭੇਜੀ ਗਈ ਸੀ।
ISI ਨਾਲ ਸਬੰਧਤ 20 ਤੋਂ ਵੱਧ ਸੰਪਰਕਾਂ ਬਾਰੇ ਜਾਣਕਾਰੀ
ਭਾਰਤ ਰਾਹੀਂ ਪਾਕਿ ਅਧਿਕਾਰੀਆਂ ਨਾਲ ਵਿੱਤੀ ਲੈਣ-ਦੇਣ ਦੇ ਸਬੂਤ
ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ
ਪੁਲਿਸ ਅਤੇ ਖੁਫੀਆ ਏਜੰਸੀਆਂ ਇਸ ਜਾਸੂਸੀ ਨੈੱਟਵਰਕ ਦੀ ਪੂਰੀ ਰੂਪ-ਰੇਖਾ ਸਾਹਮਣੇ ਲਿਆਉਣ ਲਈ ਮੁਲਜ਼ਮ ਦੇ ਵਿੱਤੀ ਅਤੇ ਤਕਨੀਕੀ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ। ਮੁੱਢਲੇ ਸਬੂਤਾਂ ਦੇ ਆਧਾਰ 'ਤੇ ਤਰਨਤਾਰਨ ਸਿਟੀ ਪੁਲਿਸ ਸਟੇਸ਼ਨ ਵਿਖੇ ਅਧਿਕਾਰਤ ਭੇਦ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਅਗਲੇਰੀ ਕਾਰਵਾਈ ਤੇਜ਼ੀ ਨਾਲ ਕੀਤੀ ਜਾ ਰਹੀ ਹੈ।
- PTC NEWS