ਲੋਕਾਂ ਦੀ ਪੈਸੇ ਦੀ ਦੁਰਵਰਤੋਂ ਕਰਨ ਵਾਲੇ ਕਿਸੇ ਹਾਲਤ ਵਿੱਚ ਬਖਸ਼ੇ ਨਹੀਂ ਜਾਣਗੇ : ਕਟਾਰੂਚੱਕ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਰਿਸ਼ਵਤਖੋਰੀ ਦੇ ਮਾਮਲੇ ਤੇ ਜੀਰੋ ਟਾਲਰੈਂਸ ਦੀ ਨੀਤੀ ਅਪਣਾ ਰਹੀ ਹੈ ਅਤੇ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਕਰਨ ਵਾਲੇ ਕਿਸੇ ਵੀ ਹਾਲਤ ਵਿੱਚ ਬਖਸ਼ੇ ਨਹੀਂ ਜਾਣਗੇ।

By  Jasmeet Singh January 19th 2023 07:44 PM

ਫ਼ਤਿਹਗੜ੍ਹ ਸਾਹਿਬ, 19 ਜਨਵਰੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਰਿਸ਼ਵਤਖੋਰੀ ਦੇ ਮਾਮਲੇ ਤੇ ਜੀਰੋ ਟਾਲਰੈਂਸ ਦੀ ਨੀਤੀ ਅਪਣਾ ਰਹੀ ਹੈ ਅਤੇ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਕਰਨ ਵਾਲੇ ਕਿਸੇ ਵੀ ਹਾਲਤ ਵਿੱਚ ਬਖਸ਼ੇ ਨਹੀਂ ਜਾਣਗੇ। ਇਹ ਪ੍ਰਗਟਾਵਾ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਖੁਰਾਕ ਤੇ ਸਪਲਾਈ ਵਿਭਾਗ ਦੇ ਏ.ਐਫ.ਐਸ.ਓ. ਦਫ਼ਤਰ ਸਰਹਿੰਦ, ਸ਼ਹਿਰ ਦੇ ਭੱਟੀ ਚੌਂਕ ਸਮੇਤ ਜ਼ਿਲ੍ਹੇ ਚ ਸਥਿਤ ਵਿਭਾਗ ਦੇ ਗੋਦਾਮਾਂ ਦੀ ਚੈਕਿੰਗ ਕਰਨ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਤੇ ਮਜਦੂਰਾਂ ਦੀ ਸਖਤ ਮਿਹਨਤ ਨਾਲ ਉਪਜੇ ਅਨਾਜ ਦੀ ਸੁਰੱਖਿਆ ਕਰਨਾ ਉਨ੍ਹਾਂ ਦੀ ਜਿੰਮੇਵਾਰੀ ਹੈ ਅਤੇ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਹਰੇਕ ਵਾਸੀ ਨਾਲ ਗੁੱਡ ਗਵਰਨੈਸ ਦੇਣ ਦਾ ਵਾਅਦਾ ਕੀਤਾ ਹੈ ਅਤੇ ਇਸ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਨਹੀਂ ਬਰਦਾਸ਼ਤ ਹੋਵੇਗੀ।

ਕਟਾਰੂਚੱਕ ਨੇ ਹੋਰ ਕਿਹਾ ਕਿ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵਿੱਚ ਰਿਸ਼ਵਤਖੋਰੀ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਪਿਛਲੇ ਸਮੇਂ ਵਿੱਚ 19 ਮਾਮਲੇ ਦਰਜ਼ ਕਰਵਾਏ ਗਏ ਹਨ ਅਤੇ ਕਈ ਭ੍ਹਿਸ਼ਟ ਅਧਿਕਾਰੀ ਨੌਕਰੀ ਤੋਂ ਡਿਸਮਿਸ ਕੀਤੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਵਿਭਾਗ ਦੇ ਸਮੂਹ ਅਮਲੇ ਨੂੰ ਇਹ ਵੀ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਲੋਕਾਂ ਨਾਲ ਕਿਸੇ ਕਿਸਮ ਦਾ ਦੁਰਵਿਵਹਾਰ ਨਾ ਕੀਤਾ ਜਾਵੇ ਅਤੇ ਸਰਕਾਰ ਵੱਲੋਂ ਚਲਾਈ ਜਾ ਰਹੀ ਸਕੀਮ ਦਾ ਲਾਭ ਹੇਠਲੇ ਪੱਧਰ ਤੱਕ ਹਰੇਕ ਯੋਗ ਲਾਭਪਾਤਰ ਤੱਕ ਪਹੁੰਚਾਇਆ ਜਾਵੇ।

ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੇ ਦੱਸਿਆ ਕਿ ਅੱਜ ਉਹ ਵਿਭਾਗ ਦੀਆਂ ਉਨ੍ਹਾਂ ਇਮਾਰਤਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਹਨ ਜਿਥੇ ਕਿ ਅਨਾਜ ਰੱਖਿਆ ਹੋਇਆ ਹੈ ਤਾਂ ਜੋ ਪੰਜਾਬ ਦੇ ਮਿਹਨਤੀ ਕਿਸਾਨਾਂ ਅਤੇ ਮਜਦੂਰਾਂ ਦੀ ਸਖਤ ਮਿਹਨਤ ਨਾਲ ਉਪਜੇ ਅਨਾਜ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੀਹੋਂ ਲੱਥਾ ਪੰਜਾਬ ਮਿਲਿਆ ਸੀ ਜਿਸ ਨੂੰ ਮੁੜ ਤੋਂ ਰੰਗਲਾ ਤੇ ਹਸਦਾ ਵੱਸਦਾ ਪੰਜਾਬ ਬਣਾਉਣ ਲਈ ਸਾਡੀ ਸਰਕਾਰ ਦਿਨ ਰਾਤ ਇੱਕ ਕਰਕੇ ਕੰਮ ਕਰ ਰਹੀ ਹੈ।

ਪੱਤਰਕਾਰਾਂ ਵੱਲੋਂ ਕੁਝ ਸ਼ੈਲਰਾਂ ਤੇ ਸੀ.ਬੀ.ਆਈ. ਦੇ ਰੇਡ ਕਰਨ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਬੜਾਵਾ ਦੇਣ ਵਾਲਾ ਚਾਹੇ ਕੋਈ ਵੀ ਹੋਵੇ ਉਹ ਕਾਨੂੰਨ ਤੋਂ ਨਹੀਂ ਬੱਚ ਸਕਦਾ। ਇਸ ਲਈ ਜਿਹੜੇ ਵੀ ਵਿਅਕਤੀਆਂ ਨੇ ਪੰਜਾਬ ਦੇ ਲੋਕਾਂ ਨਾਲ ਹੇਰਾ ਫੇਰੀ ਕੀਤੀ ਹੈ ਉਹ ਸਭ ਆਪਣੇ ਅੰਜਾਮ ਤੱਕ ਪਹੁੰਚਣਗੇ। ਉਨ੍ਹਾਂ ਇਹ ਵੀ ਕਿਹਾ ਕਿ ਰਿਸ਼ਵਤਖੋਰੀ ਵਿਰੁੱਧ ਕਾਰਵਾਈ ਕਰਨ ਲਈ ਬਣੀਆਂ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਹਨ ਇਸ ਵਿੱਚ ਕੋਈ ਅਣਗਹਿਲੀ ਨਹੀਂ ਵਰਤੀ ਜਾਵੇਗੀ। 

ਜ਼ਿਲ੍ਹੇ ਦੇ ਇੱਕ ਸ਼ੈਲਰ ਵੱਲੋਂ ਗਲਤ ਦਸਤਾਵੇਜ ਪੇਸ਼ ਕਰਨ ਬਾਰੇ ਪੁਲਿਸ ਕੇਸ ਦਰਜ਼ ਨਾ ਹੋਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕਟਾਰੂਚੱਕ ਨੇ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਨਾਲ ਪਾਰਦਰਸ਼ੀ ਸਰਕਾਰ ਦੇਣ ਦਾ ਵਾਅਦਾ ਕੀਤਾ ਹੈ ਅਤੇ ਸਾਡੀ ਸਰਕਾਰ ਨੇ ਖਟਕੜ ਕਲਾਂ ਤੋਂ ਸਹੁੰ ਚੁੱਕ ਕੇ ਆਪਣਾ ਕੰਮ ਸ਼ੁਰੂ ਕੀਤਾ ਹੈ ਇਸ ਲਈ ਭ੍ਰਿਸ਼ਟਾਚਾਰੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗੀ ਅਤੇ ਜਿਹੜੇ ਵੀ ਲੋਕ ਗੈਰ ਕਾਨੂੰਨੀ ਕੰਮ ਕਰਨਗੇ ਉਨ੍ਹਾਂ ਨੂੰ ਆਪਣੇ ਅੰਜਾਮ ਤੱਕ ਪਹੁੰਚਾਇਆ ਜਾਵੇਗਾ।

ਕਟਾਰੂਚੱਕ ਨੇ ਵਿਭਾਗ ਦੇ ਦਫ਼ਤਰ ਵਿਖੇ ਲਏ ਜਾਇਜ਼ੇ ਦੌਰਾਨ ਪਾਈਆਂ ਗਈਆਂ ਗਲਤੀਆਂ ਨੂੰ ਤੁਰੰਤ ਕਰਨ ਲਈ ਮੌਕੇ ਤੇ ਅਧਿਕਾਰੀਆਂ ਨੁੰ ਆਦੇਸ਼ ਦਿੱਤੇ ਅਤੇ ਕਿਹਾ ਕਿ ਆਮ ਲੋਕਾਂ ਨੂੰ ਇਮਾਨਦਾਰ ਪ੍ਰਸ਼ਾਸ਼ਨ ਦੇਣ ਲਈ ਅਧਿਕਾਰੀ ਪੂਰੀ ਵਚਨਬੱਧਤਾ ਨਾਲ ਆਪਣੇ ਫਰਜ਼ਾਂ ਨੂੰ ਅੰਜਾਮ ਦੇਣ।

ਇਸ ਮੌਕੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ: ਅੰਜੁਮਨ ਭਾਸਕਰ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਹਰਸ਼ਰਨ ਸਿੰਘ ਬਰਾੜ, ਖੁਰਾਕ ਤੇ ਸਪਲਾਈ ਅਫਸਰ ਸਿਕੰਦਰਜੀਤ ਸਿੰਘ, ਏ.ਐਫ.ਐਸ.ਓ. ਕੇਵਲ ਸਿੰਘ, ਇੰਸਪੈਕਟਰ ਭਵਨਜੀਤ ਸਿੰਘ, ਕਪਿਲ ਸਕਸੈਨਾ, ਭੁਪਿੰਦਰ ਸਿੰਘ ਅਤੇ ਸੁਨੀਲ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।

Related Post