Hooliganism in Manikaran Sahib: ਮਣੀਕਰਨ ਸਾਹਿਬ ’ਚ ਸੈਲਾਨੀਆਂ ਵੱਲੋਂ ਗੁੰਡਾਗਰਦੀ, ਸਥਾਨਕ ਲੋਕਾਂ ਦੇ ਘਰਾਂ ਦੇ ਤੋੜੇ ਸ਼ੀਸ਼ੇ

ਮਣੀਕਰਨ ਸਾਹਿਬ ’ਚ ਦੇਰ ਰਾਤ ਸੈਲਾਨੀਆਂ ਵੱਲੋਂ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਤੋਂ ਪਹੁੰਚੇ ਨੌਜਵਾਨਾਂ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ।

By  Aarti March 6th 2023 11:31 AM -- Updated: March 6th 2023 01:19 PM

Hooliganism in Manikaran Sahib: ਮਣੀਕਰਨ ਸਾਹਿਬ ’ਚ ਦੇਰ ਰਾਤ ਸੈਲਾਨੀਆਂ ਵੱਲੋਂ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਤੋਂ ਪਹੁੰਚੇ ਨੌਜਵਾਨਾਂ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ। ਇਸ ਦੌਰਾਨ ਨੌਜਵਾਨਾਂ ਨੇ ਸਥਾਨਕ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਵੀ ਤੋੜੇ ਅਤੇ ਤਲਵਾਰਾਂ ਵੀ ਲਹਿਰਾਈਆਂ ਸੀ। ਘਟਨਾ ਦਾ ਵੀਡੀਓ ਸੋਸ਼ਲ਼ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। 

ਮਿਲੀ ਜਾਣਕਾਰੀ ਮੁਤਾਬਿਕ ਦਰਜਨ ਦੇ ਕਰੀਬ ਪੰਜਾਬੀ ਸੈਲਾਨੀ ਮਣੀਕਰਨ ਦੇ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਤੋਂ ਲੈ ਕੇ ਰਾਮ ਮੰਦਿਰ ਹੁੰਦੇ ਹੋਏ ਬੱਸ ਸਟੈਂਡ ਤੱਕ ਹੁੱਲੜਬਾਜ਼ੀ ਕੀਤੀ। ਪੱਥਰਬਾਜ਼ੀ ਤੋਂ ਕਈ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਵੀ ਟੁੱਟੇ ਹੈ। 

ਇੰਨ੍ਹਾਂ ਹੀ ਨਹੀਂ ਰਸਤੇ ’ਚ ਜੋ ਵੀ ਵਿਅਕਤੀ ਦਿਖਿਆ ਉਸ ਨਾਲ ਕੁੱਟਮਾਰ ਵੀ ਕੀਤੀ। ਜਿਸ ਕਾਰਨ ਸਥਾਨਕ ਲੋਕਾਂ ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਸਥਾਨਕ ਲੋਕਾਂ ਦੀ ਮੰਨੀਏ ਤਾਂ ਪੰਜਾਬ ਤੋਂ ਬਾਇਕ ’ਚ ਸਵਾਰ ਹੋ ਕੇ ਦਰਜ਼ਨਾ ਦੀ ਗਿਣਤੀ ’ਚ ਸੈਲਾਨੀ ਮਣੀਕਰਨ ਗੁਰਦੁਆਰਾ ਸਿੰਘ ਸਾਹਿਬ ਚ ਦਰਸ਼ਨ ਕਰਨ ਦੇ ਲਈ ਆਏ ਸੀ।


ਦੂਜੇ ਪਾਸੇ ਮਣੀਕਰਨ ਸਾਹਿਬ ਵਿਖੇ ਹੋਈ ਝੜਪ ਤੋਂ ਬਾਅਦ ਗੁੱਸੇ ਚ ਆਏ ਪੰਜਾਬੀ ਨੌਜਵਾਨਾਂ ਨੇ ਹਿਮਾਚਲ ਤੇ ਪੰਜਾਬ ਬਾਰਡਰ ’ਤੇ ਜਾਮ ਲਗਾ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਸ੍ਰੀ ਕੀਰਤਪੁਰ ਸਾਹਿਬ ਨੇੜੇ ਸੜਕ ਰੋਕ ਕੇ ਨੌਜਵਾਨਾਂ ਵੱਲੋਂ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ। 


ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਦੇ ਹੋਏ ਕਿਹਾ ਕਿ ਮਣੀਕਰਨ ਸਾਹਿਬ ਵਿੱਚ ਸਥਿਤੀ ਪੂਰੀ ਤਰ੍ਹਾਂ ਸ਼ਾਂਤੀਪੂਰਨ ਹੈ ਅਤੇ ਲੋਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ ਜਾਂਦੀ ਹੈ। ਡੀਜੀਪੀ ਪੰਜਾਬ ਵੱਲੋਂ ਡੀਜੀਪੀ ਹਿਮਾਚਲ ਨਾਲ ਗੱਲ ਕੀਤੀ ਗਈ ਹੈ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਹਿਮਾਚਲ ਪੁਲਿਸ ਅਤੇ ਪੰਜਾਬ ਪੁਲਿਸ ਮਿਲ ਕੇ ਕੰਮ ਕਰ ਰਹੀਆਂ ਹਨ। ਨਾਗਰਿਕਾਂ ਨੂੰ ਬੇਨਤੀ ਹੈ ਕਿ ਉਹ ਨਾ ਘਬਰਾਉਣ ਅਤੇ ਜਾਅਲੀ ਖ਼ਬਰਾਂ ਜਾਂ ਨਫ਼ਰਤ ਭਰੇ ਭਾਸ਼ਣ ਨਾ ਫੈਲਾਉਣ। ਦੇਸ਼ ਦੇ ਸਾਰੇ ਹਿੱਸਿਆਂ ਤੋਂ ਸ਼ਰਧਾਲੂਆਂ ਦਾ ਬਿਨਾਂ ਕਿਸੇ ਡਰ ਦੇ ਦਰਸ਼ਨਾਂ ਲਈ ਆਉਣ ’ਤੇ ਸਵਾਗਤ ਹੈ।  

ਉੱਥੇ ਹੀ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਬੀਤੀ ਰਾਤ ਗੁੰਡਾਗਰਦੀ ਤੋਂ ਬਾਅਦ ਕੁੱਲੂ ਦੇ ਮਣੀਕਰਨ ਵਿੱਚ ਸਥਿਤੀ ਸ਼ਾਂਤੀਪੂਰਨ ਹੈ ਅਤੇ ਕਾਨੂੰਨ ਵਿਵਸਥਾ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਮਾਮਲਾ ਧਾਰਮਿਕ ਜਾਂ ਸਿਆਸੀ ਨਹੀਂ ਹੈ। ਸਗੋਂ ਕੁਝ ਨੌਜਵਾਨ ਦੋਸਤ ਆਪਸ 'ਚ ਭਿੜ ਗਏ ਅਤੇ ਇਸ ਤੋਂ ਬਾਅਦ ਕੁਝ ਗੱਲਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਅਤੇ ਮਾਹੌਲ ਤਣਾਅਪੂਰਨ ਹੋ ਗਿਆ। ਬੀਤੀ ਰਾਤ ਸਥਾਨਕ ਲੋਕਾਂ ਅਤੇ ਸ਼ਰਧਾਲੂਆਂ ਵਿਚਾਲੇ ਹੋਈ ਤਕਰਾਰ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਸੀ ਪਰ ਪੁਲਿਸ ਨੇ ਸਥਿਤੀ ਨੂੰ ਕਾਬੂ ਹੇਠ ਕਰ ਲਿਆ। ਪੰਜਾਬ ਅਤੇ ਹਿਮਾਚਲ ਦਾ ਆਪਸੀ ਭਾਈਚਾਰਾ ਹੈ, ਇਸ ਲਈ ਸਰਕਾਰ ਪੰਜਾਬ ਦੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਗੰਭੀਰ ਹੈ।

ਇਹ ਵੀ ਪੜ੍ਹੋ: ਅੰਮ੍ਰਿਤਸਰ ਦੇ ਰਣਜੀਤ ਐਵਨਿਊ ’ਚ ਸਥਿਤ ਪੰਜਾਬ ਨੈਸ਼ਨਲ ਬੈਂਕ ’ਚ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ

Related Post