Machhiwara Sahib : ਪਿੰਡ ਭੱਟੀਆਂ ਵਿਖੇ ਕੈਂਟਰ ਚੋਂ ਦੋ ਡਰਾਈਵਰਾਂ ਦੀਆਂ ਮਿਲੀਆਂ ਲਾਸ਼ਾਂ, ਠੰਢ ਤੋਂ ਬਚਾਅ ਲਈ ਕੋਲੇ ਪਾ ਕੇ ਬਾਲੀ ਹੋਈ ਸੀ ਅੰਗੀਠੀ

Machhiwara Sahib News : ਮੁੱਢਲੀ ਜਾਂਚ ਦੌਰਾਨ ਇਹ ਸਾਹਮਣੇ ਆ ਰਿਹਾ ਹੈ ਕਿ ਕੋਲਿਆਂ ਵਾਲੀ ਅੰਗੀਠੀ ਤੋਂ ਗੈਸ ਚੜ੍ਹਨ ਕਾਰਨ ਇਨ੍ਹਾਂ ਦਾ ਦਮ ਘੁੱਟਿਆ ਗਿਆ ਅਤੇ ਇਨ੍ਹਾਂ ਦੀ ਮੌਤ ਹੋ ਗਈ। ਥਾਣਾ ਮੁਖੀ ਅਨੁਸਾਰ ਫੈਰੋਂਸਿਕ ਟੀਮ ਬੁਲਾਈ ਗਈ ਹੈ ਜੋ ਸਾਰੇ ਮਾਮਲੇ ਦੀ ਜਾਂਚ ਕਰੇਗੀ ਕਿ ਮੌਤ ਦੇ ਅਸਲ ਕਾਰਨ ਕੀ ਹਨ।

By  KRISHAN KUMAR SHARMA January 9th 2026 01:36 PM -- Updated: January 9th 2026 01:38 PM

Machhiwara Sahib News : ਮਾਛੀਵਾੜਾ ਸਾਹਿਬ ਦੇ ਪਿੰਡ ਭੱਟੀਆਂ ਵਿਖੇ ਸਥਿਤ ਇੱਕ ਫੈਕਟਰੀ ਵਿੱਚ ਅੱਜ ਸਵੇਰੇ ਇੱਕ ਕੈਂਟਰ ਦੇ ਕੈਬਿਨ ਵਿੱਚ ਦੋ ਨੌਜਵਾਨਾਂ ਦੀਆਂ ਸ਼ੱਕੀ ਹਾਲਤ ਵਿੱਚ ਲਾਸ਼ਾਂ ਪਈਆਂ ਮਿਲੀਆਂ ਅਤੇ ਸ਼ੰਕਾ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਵਲੋਂ ਠੰਢ ਤੋਂ ਬਚਾਅ ਲਈ ਕੋਲੇ ਪਾ ਕੇ ਅੰਗੀਠੀ ਬਾਲੀ ਹੋਈ ਸੀ, ਜਿਸ ਦੀ ਗੈਸ ਨਾਲ ਦਮ ਘੁੱਟਣ ਕਾਰਨ ਉਨ੍ਹਾਂ ਦੀ ਮੌਤ ਹੋਈ।

ਫੈਕਟਰੀ ਦੇ ਸਕਿਉਰਿਟੀ ਸੁਪਰਵਾਈਜ਼ਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਕੈਂਟਰ ਰਿਫਾਇੰਡ ਤੇਲ ਲੈਣ ਲਈ 5 ਜਨਵਰੀ ਨੂੰ ਫੈਕਟਰੀ ਵਿਚ ਆਇਆ ਸੀ, ਜਿਸ ਦੇ ਚਾਲਕ ਦਾ ਨਾਮ ਛੋਟੂ ਵਾਸੀ ਪਿੰਡ ਡੂੰਗਰਾਂਵਾਲਾ, ਤਹਿਸੀਲ ਖੇਰਾਗੜ੍ਹ (ਯੂ.ਪੀ.) ਜਦਕਿ ਉਸਦੇ ਸਾਥੀ ਦਾ ਨਾਮ ਭਗਵਾਨ ਵਾਸੀ ਪਿੰਡ ਮਹਿਤਾ, ਜ਼ਿਲ੍ਹਾ ਭਰਤਪੁਰ (ਰਾਜਸਥਾਨ) ਵਜੋਂ ਹੋਈ ਹੈ, ਜੋ ਕਿ ਰਿਸ਼ਤੇ ਵਿਚ ਫੁੱਫੜ ਤੇ ਭਤੀਜਾ ਲੱਗਦੇ ਹਨ। ਜਦੋਂ ਇਹ ਦੋਵੇਂ ਅੱਜ ਕੈਬਿਨ ਵਿਚ ਮ੍ਰਿਤਕ ਪਾਏ ਗਏ ਤਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ।

ਠੰਢ ਤੋਂ ਬਚਣ ਲਈ ਕੈਂਟਰ 'ਚ ਬਾਲੀ ਹੋਈ ਸੀ ਅੰਗੀਠੀ 

ਮੌਕੇ ’ਤੇ ਪੁੱਜੇ ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਫੈਕਟਰੀ ਦੇ ਪ੍ਰਬੰਧਕਾਂ ਅਨੁਸਾਰ ਇਹ ਦੋਵੇਂ ਨੌਜਵਾਨ ਰਾਤ ਖਾਣਾ ਖਾ ਕੇ ਕੈਂਟਰ ਦੇ ਕੈਬਿਨ ਵਿਚ ਸੌਂ ਗਏ ਅਤੇ ਇਨ੍ਹਾਂ ਨੇ ਠੰਢ ਤੋਂ ਬਚਾਅ ਲਈ ਕੋਲਿਆਂ ਵਾਲੀ ਅੰਗੀਠੀ ਬਾਲੀ ਹੋਈ ਸੀ।

ਮੁੱਢਲੀ ਜਾਂਚ ਦੌਰਾਨ ਇਹ ਸਾਹਮਣੇ ਆ ਰਿਹਾ ਹੈ ਕਿ ਕੋਲਿਆਂ ਵਾਲੀ ਅੰਗੀਠੀ ਤੋਂ ਗੈਸ ਚੜ੍ਹਨ ਕਾਰਨ ਇਨ੍ਹਾਂ ਦਾ ਦਮ ਘੁੱਟਿਆ ਗਿਆ ਅਤੇ ਇਨ੍ਹਾਂ ਦੀ ਮੌਤ ਹੋ ਗਈ। ਥਾਣਾ ਮੁਖੀ ਅਨੁਸਾਰ ਫੈਰੋਂਸਿਕ ਟੀਮ ਬੁਲਾਈ ਗਈ ਹੈ ਜੋ ਸਾਰੇ ਮਾਮਲੇ ਦੀ ਜਾਂਚ ਕਰੇਗੀ ਕਿ ਮੌਤ ਦੇ ਅਸਲ ਕਾਰਨ ਕੀ ਹਨ।

ਪੁਲਿਸ ਅਨੁਸਾਰ ਦੋਵਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਹ ਅੱਜ ਬਾਅਦ ਦੁਪਹਿਰ ਤੱਕ ਮਾਛੀਵਾੜਾ ਥਾਣਾ ਵਿਖੇ ਪਹੁੰਚ ਜਾਣਗੇ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਲਾਸ਼ਾਂ ਨੂੰ ਕਬਜੇ ’ਚ ਕਰ ਪੋਸਟ ਮਾਰਟਮ ਲਈ ਭਿਜਵਾਇਆ ਜਾਵੇਗਾ, ਜਿਸ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ। ਕੈਬਿਨ ਵਿਚ ਪਈਆਂ ਦੋਵੇਂ ਲਾਸ਼ਾਂ ਕੋਲ ਕੋਲੇ ਦੀ ਅੰਗੀਠੀ ਵੀ ਬਰਾਮਦ ਹੋਈ ਹੈ, ਜਿਨ੍ਹਾਂ ਨੇ ਗੈਸ ਚੜ੍ਹਨ ਕਾਰਨ ਉਲਟੀਆਂ ਵੀ ਕੀਤੀਆਂ ਸਨ ਪਰ ਇਹ ਗੈਸ ਐਨੀ ਜ਼ਹਿਰੀਲੀ ਸੀ ਕਿ ਉਨ੍ਹਾਂ ਨੂੰ ਦਰਵਾਜਾ ਖੋਲ੍ਹਣ ਦਾ ਮੌਕਾ ਵੀ ਨਹੀਂ ਮਿਲਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਦੋਵੇਂ ਆਪਸ ਵਿਚ ਰਿਸ਼ਤੇ ਵਜੋਂ ਫੁੱਫੜ ਤੇ ਭਤੀਜਾ ਲੱਗਦੇ ਹਨ।

Related Post