Sarabjit Kaur ਉਰਫ਼ ਨੂਰ ਹੁਸੈਨ ਦੀ ਭਾਰਤ ਵਾਪਸੀ 'ਤੇ ਸਸਪੈਂਸ ਬਰਕਰਾਰ , ਅਜੇ ਨਹੀਂ ਮਿਲਿਆ ਜ਼ਰੂਰੀ ਪਰਮਿਟ
Sikh pilgrim Sarabjit Kaur : ਪਾਕਿਸਤਾਨ 'ਚ ਨਿਕਾਹ ਕਰਵਾਉਣ ਵਾਲੀ ਪੰਜਾਬੀ ਮਹਿਲਾ ਸਰਬਜੀਤ ਕੌਰ ਦੀ ਅਜੇ ਭਾਰਤ ਵਾਪਸੀ ਨਹੀਂ ਹੋਵੇਗੀ। ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਉਸਦੇ ਸਪੈਸ਼ਲ ਟ੍ਰੈਵਲ ਪਰਮਿਟ 'ਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਬਾਅਦ ਪੁਲਿਸ ਦੁਆਰਾ ਗ੍ਰਿਫਤਾਰ ਕੀਤੀ ਗਈ ਸਰਬਜੀਤ ਕੌਰ ਨੂੰ ਇੱਕ ਪਾਕਿਸਤਾਨੀ ਸ਼ੈਲਟਰ ਹੋਮ (ਦਾਰੁਲ ਅਮਾਨ) 'ਚ ਭੇਜ ਦਿੱਤਾ ਗਿਆ ਹੈ। ਉਹ ਇਸ ਸਮੇਂ ਦੌਰਾਨ ਪੁਲਿਸ ਸੁਰੱਖਿਆ ਹੇਠ ਰਹੇਗੀ।
ਸਰਬਜੀਤ ਕੌਰ ਨੂੰ ਵੀਜ਼ਾ ਐਕਸਪਾਇਰ ਹੋਣ ਦੇ ਮਾਮਲੇ 'ਚ ਪਾਕਿਸਤਾਨੀ ਪੁਲਿਸ ਨੇ 4 ਜਨਵਰੀ ਨੂੰ ਨਨਕਾਣਾ ਸਾਹਿਬ ਤੋਂ ਗ੍ਰਿਫਤਾਰ ਕੀਤਾ ਸੀ। ਉਸਨੂੰ ਉਸ ਦਿਨ ਭਾਰਤ ਭੇਜਿਆ ਜਾਣਾ ਸੀ ਪਰ ਪਾਕਿਸਤਾਨੀ ਗ੍ਰਹਿ ਮੰਤਰਾਲੇ ਨੇ ਲਾਹੌਰ ਹਾਈ ਕੋਰਟ ਵਿੱਚ ਇੱਕ ਲੰਬਿਤ ਕੇਸ ਦਾ ਹਵਾਲਾ ਦਿੰਦੇ ਹੋਏ ਇਸ 'ਤੇ ਰੋਕ ਲਗਾ ਦਿੱਤੀ ਹੈ। ਜਦੋਂ ਤੱਕ ਸਰਬਜੀਤ ਕੌਰ ਦਾ ਭਾਰਤ ਜਾਣ ਲਈ ਜ਼ਰੂਰੀ ਪਰਮਿਟ ਜਾਰੀ ਨਹੀਂ ਹੋ ਜਾਂਦਾ ,ਓਦੋਂ ਤੱਕ ਉਹ ਭਾਰਤ ਨਹੀਂ ਆਵੇਗੀ।
ਅਧਿਕਾਰੀਆਂ ਦੇ ਅਨੁਸਾਰ ਇਹ ਪਰਮਿਟ ਅਗਲੇ ਹਫ਼ਤੇ ਤੱਕ ਜਾਰੀ ਹੋਣ ਦੀ ਉਮੀਦ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਵਿਦੇਸ਼ੀ ਐਕਟ 1946 ਤਹਿਤ ਉਸ ਨੂੰ ਪਾਕ 'ਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਭਾਰਤ ਤੋਂ ਸਪਾਉਸ ਵੀਜ਼ਾ ਲੈ ਕੇ ਮੁੜ ਪਾਕਿਸਤਾਨ ਜਾ ਸਕੇਗੀ। ਫ਼ਿਰ ਪਾਕਿਸਤਾਨ 'ਚ ਸਥਾਈ ਨਿਵਾਸ ਲਈ ਅਰਜ਼ੀ ਦੇ ਸਕਦੀ ਹੈ।
ਦੱਸ ਦੇਈਏ ਕਿ ਸਰਬਜੀਤ ਕੌਰ ਕਪੂਰਥਲਾ ਦੀ ਰਹਿਣ ਵਾਲੀ ਹੈ। ਸਰਬਜੀਤ ਕੌਰ 4 ਨਵੰਬਰ 2025 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਪਾਕਿਸਤਾਨ ਗਈ ਸੀ। ਓਥੇ ਜਾ ਕੇ ਉਸਨੇ ਪਾਕਿਸਤਾਨੀ ਨੌਜਵਾਨ ਨਾਸਿਰ ਹੁਸੈਨ ਨਾਲ ਨਿਕਾਹ ਕਰਵਾਇਆ ਸੀ ਅਤੇ ਨਿਕਾਹ ਤੋਂ ਬਾਅਦ ਉਸਨੇ ਆਪਣੇ ਨਾਮ ਨੂਰ ਹੁਸੈਨ ਰੱਖ ਲਿਆ ਸੀ। ਸਰਬਜੀਤ ਕੌਰ ਦਾ ਤੀਰਥ ਯਾਤਰੀ ਵੀਜ਼ਾ 'ਸਿੰਗਲ ਐਂਟਰੀ' ਸੀ ਅਤੇ ਉਸ ਦੀ ਮਿਆਦ ਖ਼ਤਮ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਸਰਬਜੀਤ ਕੌਰ ਅਤੇ ਨਾਸਿਰ ਹੁਸੈਨ ਸਾਲ 2016 ਤੋਂ ਟਿਕਟੋਕ ਰਾਹੀਂ ਇੱਕ-ਦੂਜੇ ਦੇ ਸੰਪਰਕ ਵਿੱਚ ਸਨ। ਸਰਬਜੀਤ ਕੌਰ ਨੇ ਪਹਿਲਾਂ ਵੀ ਕਈ ਵਾਰ ਵੀਜ਼ਾ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰ ਕਾਨੂੰਨੀ ਕਾਰਨਾਂ ਕਰਕੇ ਅਰਜ਼ੀਆਂ ਰੱਦ ਹੋ ਗਈਆਂ ਸਨ।
- PTC NEWS