ਸਿੱਖਾਂ ਖਿਲਾਫ਼ ਟਿੱਪਣੀ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ਼ ਉੱਤਰ ਪ੍ਰਦੇਸ਼ ਸਰਕਾਰ ਕਰੇ ਤੁਰੰਤ ਕਾਰਵਾਈ : ਐਡਵੋਕੇਟ ਧਾਮੀ

ਐਡਵੋਕੇਟ ਧਾਮੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਸਿੱਖਾਂ ਖਿਲਾਫ਼ ਟਿੱਪਣੀ ਕਰਨ ਵਾਲੇ ਪੁਲਿਸ ਅਧਿਕਾਰੀ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੇਸ਼ ਵਿਚ ਨਫ਼ਰਤੀ ਮਾਹੌਲ ਪੈਦਾ ਕਰਨ ਵਾਲੇ ਅਜਿਹੇ ਲੋਕਾਂ ਨੂੰ ਜਾਬਤੇ ਵਿਚ ਰਹਿਣ ਦੀ ਹਦਾਇਤ ਵੀ ਕੀਤੀ।

By  KRISHAN KUMAR SHARMA July 30th 2024 03:48 PM -- Updated: July 30th 2024 03:58 PM

ਅੰਮ੍ਰਿਤਸਰ : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਬੀਤੇ ਦਿਨੀ ਇੱਕ ਪੁਲਿਸ ਅਧਿਕਾਰੀ ਵੱਲੋਂ ਸਿੱਖਾਂ ਨੂੰ ਅੱਤਵਾਦੀ ਕਹਿ ਕੇ ਬੁਲਾਉਣ ਦੀ ਘਟਨਾ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਸਿੱਖਾਂ ਦੀਆਂ ਕੁਰਬਾਨੀਆਂ ਬਦੌਲਤ ਹੀ ਭਾਰਤ ਦੇਸ਼ ਦਾ ਸੱਭਿਆਚਾਰ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੀ ਸਰਕਾਰ ਸਬੰਧਤ ਅਧਿਕਾਰੀ ਖਿਲਾਫ਼ ਸਖ਼ਤ ਕਾਰਵਾਈ ਕਰੇ।

ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਹਮੇਸ਼ਾਂ ਹੀ ਸਰਬੱਤ ਦੇ ਭਲੇ ਦੀ ਕਾਮਨਾ ਕਰਦੇ ਹਨ। ਕੁਦਰਤੀ ਆਫ਼ਤਾਂ ਸਮੇਂ ਸਿੱਖਾਂ ਵੱਲੋਂ ਨਿਭਾਈਆਂ ਸੇਵਾਵਾਂ ਨੂੰ ਪੂਰੀ ਦੁਨੀਆਂ ਨੇ ਸਲਾਹਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਭਾਰਤ ਅੰਦਰ ਘੱਟਗਿਣਤੀਆਂ ਅਤੇ ਖਾਸ ਕਰਕੇ ਸਿੱਖਾਂ ’ਤੇ ਨਫਤਰੀ ਹਮਲੇ ਕੀਤੇ ਜਾ ਰਹੇ ਹਨ। ਕੁਝ ਫ਼ਿਰਕੂ ਮਾਨਸਿਕਤਾ ਵਾਲੇ ਲੋਕ ਅਜਿਹੀਆਂ ਹਰਕਤਾਂ ਕਰਕੇ ਸਮਾਜਿਕ ਭਾਈਚਾਰੇ ਨੂੰ ਵੀ ਸੱਟ ਮਾਰਦੇ ਹਨ, ਜੋ ਦੇਸ਼ ਹਿੱਤ ਵਿੱਚ ਨਹੀਂ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪੁਲਿਸ ਦਾ ਕੰਮ ਲੋਕਾਂ ਦੀ ਰਖਵਾਲੀ ਕਰਨਾ ਹੈ, ਪਰ ਜਦੋਂ ਕੋਈ ਪੁਲਿਸ ਅਧਿਕਾਰੀ ਜਾਣ ਬੁੱਝ ਕੇ ਇੱਕ ਖਾਸ ਭਾਈਚਾਰੇ ਬਾਰੇ ਨਫ਼ਰਤੀ ਟਿੱਪਣੀ ਕਰਦਾ ਹੈ ਤਾਂ ਇਹ ਹੋਰ ਵੀ ਮੰਦਭਾਗਾ ਹੈ। ਐਡਵੋਕੇਟ ਧਾਮੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਸਿੱਖਾਂ ਖਿਲਾਫ਼ ਟਿੱਪਣੀ ਕਰਨ ਵਾਲੇ ਪੁਲਿਸ ਅਧਿਕਾਰੀ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੇਸ਼ ਵਿਚ ਨਫ਼ਰਤੀ ਮਾਹੌਲ ਪੈਦਾ ਕਰਨ ਵਾਲੇ ਅਜਿਹੇ ਲੋਕਾਂ ਨੂੰ ਜਾਬਤੇ ਵਿਚ ਰਹਿਣ ਦੀ ਹਦਾਇਤ ਵੀ ਕੀਤੀ।

Related Post