ਜ਼ੀਰਕਪੁਰ: ਪੁਲਿਸ ਨੇ ਹੋਟਲਾਂ 'ਚ ਅਨੈਤਿਕ ਗਤੀਵਿਧੀਆਂ 'ਤੇ ਕਸਿਆ ਸ਼ਿਕੰਜਾ, ਕਈਆਂ ਖ਼ਿਲਾਫ਼ ਮਾਮਲਾ ਦਰਜ

ਜ਼ੀਰਕਪੁਰ ਵਿੱਚ ਅਨੈਤਿਕ ਗਤੀਵਿਧੀਆਂ ਵਿੱਚ ਸ਼ਾਮਲ ਗੈਰ-ਕਾਨੂੰਨੀ ਸਪਾ ਦੇ ਖ਼ਿਲਾਫ਼ ਕਾਰਵਾਈ ਕਰਨ ਤੋਂ ਬਾਅਦ ਪੁਲਿਸ ਨੇ ਅੱਜ ਖ਼ੇਤਰ ਦੇ 9 ਹੋਟਲਾਂ ਵਿੱਚ ਛਾਪੇਮਾਰੀ ਕੀਤੀ। ਜਿਸ ਤੋਂ ਬਾਅਦ ਮਾਲਕਾਂ ਵਿਰੁੱਧ ਅਨੈਤਿਕ ਤਸਕਰੀ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਤਿੰਨ ਐਫਆਈਆਰ ਦਰਜ ਕੀਤੀਆਂ।

By  Jasmeet Singh February 7th 2023 02:05 PM

ਮੋਹਾਲੀ, 7 ਫਰਵਰੀ: ਜ਼ੀਰਕਪੁਰ ਵਿੱਚ ਅਨੈਤਿਕ ਗਤੀਵਿਧੀਆਂ ਵਿੱਚ ਸ਼ਾਮਲ ਗੈਰ-ਕਾਨੂੰਨੀ ਸਪਾ ਦੇ ਖ਼ਿਲਾਫ਼ ਕਾਰਵਾਈ ਕਰਨ ਤੋਂ ਬਾਅਦ ਪੁਲਿਸ ਨੇ ਅੱਜ ਖ਼ੇਤਰ ਦੇ 9 ਹੋਟਲਾਂ ਵਿੱਚ ਛਾਪੇਮਾਰੀ ਕੀਤੀ। ਜਿਸ ਤੋਂ ਬਾਅਦ ਮਾਲਕਾਂ ਵਿਰੁੱਧ ਅਨੈਤਿਕ ਤਸਕਰੀ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਤਿੰਨ ਐਫਆਈਆਰ ਦਰਜ ਕੀਤੀਆਂ।

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਵੱਖ-ਵੱਖ ਸਰੋਤਾਂ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਸ਼ਹਿਰ ਦੇ 9 ਹੋਟਲਾਂ 'ਤੇ ਅਨੈਤਿਕ ਤਸਕਰੀ ਕਰਨ ਵਾਲੇ ਵਿਅਕਤੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਗਈ। ਪੁਲਿਸ ਨੇ ਪਟਿਆਲਾ ਰੋਡ 'ਤੇ ਸਥਿਤ ਹੋਟਲ ਜੇਬੀ ਅਤੇ ਹੋਟਲ ਕੈਰੇਵਨ, ਲੋਹਗੜ੍ਹ ਨੇੜੇ ਹੋਟਲ ਕੇਸੀ ਰਾਇਲ, ਯੂਟੀ ਬੈਰੀਅਰ ਨੇੜੇ ਪੁਰਾਣਾ ਹਿਮਾਚਲ ਹੋਟਲ, ਪਟਿਆਲਾ ਰੋਡ 'ਤੇ ਸਥਿਤ ਹੋਟਲ ਰੈੱਡ ਚਿੱਲੀ, ਹੋਟਲ ਹਨੀ ਅਨਮੋਲ, ਹੋਟਲ ਏਕੇ ਗ੍ਰੈਂਡ (ਪਹਿਲਾਂ ਹੋਟਲ ਬੈਂਕਾਕ), ਹੋਟਲ 67 'ਤੇ ਛਾਪੇਮਾਰੀ ਕੀਤੀ। 

ਪੁਲਿਸ ਨੇ ਹੋਟਲ ਹਨੀ ਅਨਮੋਲ ਦੇ ਮਾਲਕਾਂ 'ਤੇ ਅਨੈਤਿਕ ਗਤੀਵਿਧੀਆਂ ਲਈ ਮੁਕੱਦਮਾ ਦਰਜ ਕੀਤਾ ਹੈ ਕਿਉਂਕਿ ਕਥਿਤ ਤੌਰ 'ਤੇ ਪਾਇਆ ਗਿਆ ਸੀ ਕਿ ਮੈਨੇਜਰ ਅਨੈਤਿਕ ਗਤੀਵਿਧੀਆਂ ਵਿੱਚ ਸ਼ਾਮਲ ਸੀ। ਪੁਲਿਸ ਨੇ ਦੱਸਿਆ ਕਿ ਇੱਕ ਜੋੜੇ ਨੂੰ ਇੱਕ ਕਮਰੇ ਵਿੱਚ ਸ਼ੱਕੀ ਹਾਲਤ ਵਿੱਚ ਪਾਇਆ ਗਿਆ।

ਹੋਟਲ ਏਕੇ ਗ੍ਰੈਂਡ ਵਿੱਚ ਇਹ ਪਾਇਆ ਗਿਆ ਕਿ ਸਟਾਫ਼ ਕਥਿਤ ਤੌਰ 'ਤੇ ਬਿਨਾਂ ਕਿਸੇ ਪਛਾਣ ਸਬੂਤ ਦੇ ਜੋੜਿਆਂ ਨੂੰ ਸਹੂਲਤ ਦਿੰਦਾ ਸੀ। ਹੋਟਲ ਖ਼ਿਲਾਫ਼ ਆਈਪੀਸੀ ਦੀ ਧਾਰਾ 188 ਤਹਿਤ ਮਾਮਲਾ ਦਰਜ ਕੀਤਾ ਗਿਆ।

ਹੋਟਲ 67 ਵਿੱਚ ਦੋ ਵਿਦੇਸ਼ੀ ਔਰਤਾਂ ਨੂੰ ਬਚਾਇਆ ਗਿਆ। ਹੋਟਲ ਪ੍ਰਬੰਧਕਾਂ ਤੇ ਮਾਲਕ ਖ਼ਿਲਾਫ਼ ਅਨੈਤਿਕ ਟ੍ਰੈਫਿਕ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਜ਼ੀਰਕਪੁਰ ਦੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਨੇ ਕਿਹਾ ਕਿ ਸਮਾਜ ਵਿਰੋਧੀ ਅਨਸਰ, ਗੈਂਗਸਟਰ ਹੋਟਲਾਂ ਵਿੱਚ ਪਨਾਹ ਲੈਂਦੇ ਹਨ ਅਤੇ ਅਨੈਤਿਕ ਗਤੀਵਿਧੀਆਂ ਵਿੱਚ ਸ਼ਾਮਲ ਹੁੰਦੇ ਹਨ। ਜਿਸ ਤਹਿਤ ਉਹਨਾਂ ਦੇ ਮਹਿਕਮੇ ਵੱਲੋਂ ਕਾਰਵਾਈ ਜਾਰੀ ਰਹੇਗੀ।

ਇਥੇ ਦੱਸਣਾ ਬਣਦਾ ਹੈ ਕਿ 3 ਫਰਵਰੀ ਨੂੰ ਜ਼ੀਰਕਪੁਰ ਵਿਖੇ ਪੁਲਿਸ ਦੀ ਵਿਸ਼ੇਸ਼ ਮੁਹਿੰਮ ਦੌਰਾਨ 9 ਸਪਾ ਮਾਲਕਾਂ ਵਿਰੁੱਧ ਅਨੈਤਿਕ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਸੀ ਅਤੇ 12 ਦੁਕਾਨਾਂ ਨੂੰ ਸੀਲ ਕੀਤਾ ਗਿਆ ਸੀ। 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 21 ਔਰਤਾਂ ਸਮੇਤ 28 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ।

ਜ਼ੀਰਕਪੁਰ ਵਿੱਚ ਲਗਭਗ 100 ਸਪਾ ਅਤੇ ਮਸਾਜ ਕੇਂਦਰ ਕੰਮ ਕਰ ਰਹੇ ਹਨ। ਪਿਛਲੇ ਸਾਲ ਅਗਸਤ ਵਿੱਚ ਪੁਲਿਸ ਨੇ ਵੀਆਈਪੀ ਰੋਡ 'ਤੇ ਸੱਤ ਸਪਾ ਅਤੇ ਮਸਾਜ ਪਾਰਲਰ ਦੇ ਮਾਲਕਾਂ ਵਿਰੁੱਧ ਕੇਸ ਦਰਜ ਕੀਤਾ ਸੀ।

Related Post