ਕੋਰੋਨਾ ਕਾਰਨ ਸਰਹਿੰਦ ਫਤਿਹ ਦਿਵਸ ’ਤੇ ਨਹੀਂ ਹੋਵੇਗਾ ਨਗਰ ਕੀਰਤਨ : ਭਾਈ ਗੋਬਿੰਦ ਸਿੰਘ ਲੌਂਗੋਵਾਲ

By  Shanker Badra May 10th 2020 02:19 PM

ਕੋਰੋਨਾ ਕਾਰਨ ਸਰਹਿੰਦ ਫਤਿਹ ਦਿਵਸ ’ਤੇ ਨਹੀਂ ਹੋਵੇਗਾ ਨਗਰ ਕੀਰਤਨ : ਭਾਈ ਗੋਬਿੰਦ ਸਿੰਘ ਲੌਂਗੋਵਾਲ:ਅੰਮ੍ਰਿਤਸਰ : ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਇਸ ਵਾਰ ਸਰਹਿੰਦ ਫਤਿਹ ਦਿਵਸ ਮੌਕੇ ਵੱਡਾ ਸੰਗਤੀ ਇਕੱਠ ਨਹੀਂ ਕੀਤਾ ਜਾਵੇਗਾ। ਕੇਵਲ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਗੁਰਬਾਣੀ ਕੀਰਤਨ ਹੀ ਕੀਤਾ ਜਾਵੇਗਾ ਅਤੇ ਸਮਾਗਮਾਂ ਦੌਰਾਨ ਸੰਗਤਾਂ ਦੀ ਸ਼ਮੂਲੀਅਤ ਨਹੀਂ ਹੋਵੇਗੀ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਹਰ ਸਾਲ 12 ਮਈ ਨੂੰ ਸਰਹਿੰਦ ਫਤਿਹ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਚਪੜਚਿੜੀ ਤੋਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੱਕ ਫਤਿਹ ਮਾਰਚ ਰੂਪੀ ਨਗਰ ਕੀਰਤਨ ਸਜਾਇਆ ਜਾਂਦਾ ਹੈ, ਜੋ ਇਸ ਵਾਰ ਨਹੀਂ ਹੋਵੇਗਾ।

ਉਨ੍ਹਾਂ ਦੱਸਿਆ ਕਿ ਇਸ ਵਾਰ ਕੇਵਲ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਹੀ ਕੀਤਾ ਜਾਵੇਗਾ, ਜਿਸ ਦਾ ਸਿੱਧਾ ਪ੍ਰਸਾਰਣ ਵੱਖ ਵੱਖ ਚੈਨਲਾਂ ਰਾਹੀ ਹੋਵੇਗਾ ਤਾਂ ਜੋ ਸੰਗਤਾਂ ਇਨ੍ਹਾਂ ਸਮਾਗਮਾਂ ਨਾਲ ਘਰ ਬੈਠਿਆਂ ਜੁੜ ਸਕਣ। ਭਾਈ ਲੌਂਗੋਵਾਲ ਅਨੁਸਾਰ ਸਰਹਿੰਦ ਫਤਿਹ ਦਿਵਸ ਸਬੰਧੀ ਗੁਰਦੁਆਰਾ ਸਾਹਿਬ ਚਪੜਚਿੜੀ ਵਿਖੇ 10 ਮਈ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਵੇਗਾ, ਜਿਸ ਦਾ ਭੋਗ 12 ਮਈ ਨੂੰ ਪਾਇਆ ਜਾਵੇਗਾ।

ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ 12 ਮਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਕੇ 14 ਮਈ ਨੂੰ ਭੋਗ ਪੈਣਗੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਸਮਾਗਮਾਂ ਦੌਰਾਨ ਕੇਵਲ ਸ਼੍ਰੋਮਣੀ ਕਮੇਟੀ ਦੇ ਹਲਕਾ ਮੈਂਬਰ ਅਤੇ ਸਥਾਨਕ ਗੁਰਦੁਆਰਾ ਸਾਹਿਬਾਨ ਦੇ ਮੁਲਾਜ਼ਮ ਹੀ ਸ਼ਾਮਲ ਹੋਣਗੇ। ਇਨ੍ਹਾਂ ਸਮਾਗਮਾਂ ਸਮੇਂ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਆਪਸੀ ਦੂਰੀ ਯਕੀਨੀ ਬਣਾਈ ਜਾਵੇਗੀ।

-PTCNews

Related Post