ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੀ ਪੈਨਲ ਮੀਟਿੰਗ ਰਹੀ ਬੇਸਿੱਟਾ

By  Shanker Badra July 3rd 2021 10:05 AM -- Updated: July 3rd 2021 10:10 AM

ਚੰਡੀਗੜ੍ਹ : ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ 104ਵੇਂ ਦਿਨ ਸਿਖਰ ਦੀ ਗਰਮੀ ਵਿੱਚ ਟਾਵਰ ਉਪਰ ਡਟਿਆ ਰਿਹਾ ਹੈ। ਮਰਨ ਵਰਤ 13ਵੇਂ ਦਿਨ ਸੁਰਿੰਦਰਪਾਲ ਦੀ ਹਾਲਤ ਬਹੁਤ ਹੀ ਜ਼ਿਆਦਾ ਨਾਜ਼ੁਕ ਹੋ ਗਈ ਸੀ। ਬੀਤੇ ਕੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਓ.ਐੱਸ.ਡੀ. ਕੈਪਟਨ ਸੰਦੀਪ ਸੰਧੂ ਨਾਲ ਮੀਟਿੰਗ ਤੋਂ ਬਾਅਦ ਸੁਰਿੰਦਰਪਾਲ ਗੁਰਦਾਸਪੁਰ ਨੂੰ ਲਗਾਤਾਰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਸੁਰਿੰਦਰਪਾਲ ਵੱਲੋਂ ਸਵੇਰੇ 6 ਵਜੇ ਦੇ ਕਰੀਬ ਮਰਨ ਵਰਤ ਸਮਾਪਤ ਕਰਨ ਦੀ ਹਾਮੀ ਭਰੀ ,ਜਿਸ ਤੋਂ ਬਾਅਦ ਜੱਗਾ ਬੋਹਾ ਤੇ ਰਾਜਸੁਖਿੰਦਰ ਗੁਰਦਾਸਪੁਰ ਵੱਲੋਂ ਜੂਸ ਪਿਲਾ ਕੇ ਮਰਨ ਵਰਤ ਸਮਾਪਤ ਕਰਵਾਇਆ ਗਿਆ। ਸੁਰਿੰਦਰਪਾਲ ਵੱਲੋਂ ਕਿਹਾ ਗਿਆ ਕਿ ਜਦੋਂ ਤਕ ਉਸ ਦੀਆਂ ਹੱਕੀ ਮੰਗਾਂ ਨੂੰ ਲਿਖਤੀ ਰੂਪ ਵਿੱਚ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਉਹ ਟਾਵਰ ਉਪਰ ਸੰਘਰਸ਼ ਜਾਰੀ ਰੱਖੇਗਾ ।

ਚੰਡੀਗੜ੍ਹ ਵਿਖੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਦੀ ਅਗਵਾਈ ਹੇਠ ਬੇਰੁਜ਼ਗਾਰ ਅਧਿਆਪਕਾਂ ਦਾ ਵਫ਼ਦ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਮਿਲਿਆ। ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦੀ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨਾਲ ਮੀਟਿੰਗ ਲਗਾਤਾਰ 2 ਘੰਟੇ ਦੇ ਕਰੀਬ ਚੱਲੀ ,ਜਿਸ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਬਾਰੇ ਦੱਸਿਆ। ਜਿਸ ਦੌਰਾਨ ਸਿੱਖਿਆ ਮੰਤਰੀ ਵੱਲੋਂ ਕੁਝ ਮੰਗਾਂ ਮੌਖਿਕ ਰੂਪ ਵਿਚ ਮੰਨਣ ਦਾ ਭਰੋਸਾ ਦਿੱਤਾ ਪਰ ਕੋਈ ਵੀ ਮੰਗ ਤੇ ਲਿਖਤੀ ਭਰੋਸਾ ਨਹੀਂ ਦਿੱਤਾ ਗਿਆ।

ਇਸ ਮੌਕੇ ਮੌਜੂਦ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ, ਕੁਲਦੀਪ ਖੋਖਰ, ਸੁਲਿੰਦਰ ਕੰਬੋਜ, ਨਿਰਮਲ ਜ਼ੀਰਾ, ਰਾਜਸੁਖਵਿੰਦਰ ਗੁਰਦਾਸਪੁਰ, ਬਲਵਿੰਦਰ ਨਾਭਾ, ਸਲਿੰਦਰ ਕੰਬੋਜ, ਅਮਨ ਤੇ ਜਰਨੈਲ ਸੰਗਰੂਰ ਨੇ ਕਿਹਾ ਕਿ ਅੱਜ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨਾਲ ਪੈਨਲ ਮੀਟਿੰਗ ਹੋਈ ਜਿਸ ਵਿੱਚ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੀਆਂ ਮੰਗਾਂ ਬਾਰੇ ਦੱਸਿਆ ਗਿਆ ਕਿ ਕਿਵੇਂ 2364 ਈ.ਟੀ.ਟੀ. ਦੀਆਂ ਪੋਸਟਾਂ ਵਿਚ ਬੀ.ਐੱਡ. ਉਮੀਦਵਾਰਾਂ ਨੂੰ ਬਰਾਬਰ ਵਿਚਾਰਿਆ ਜਾ ਰਿਹਾ ਹੈ। ਜਿਸ ਨਾਲ ਕਿ ਈ.ਟੀ.ਟੀ. ਦੇ ਉਮੀਦਵਾਰਾਂ ਦਾ ਹੱਕ ਉਨ੍ਹਾਂ ਤੋਂ ਖੋਹਿਆ ਜਾ ਰਿਹਾ ਹੈ। ਸਰਕਾਰੀ ਸਕੂਲਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਅਸਾਮੀਆਂ ਖਾਲੀਆਂ ਪਈਆਂ ਹਨ। ਸਿੱਖਿਆ ਮੰਤਰੀ ਨੂੰ ਕਿਹਾ ਕਿ ਨਵੀਆਂ ਪੋਸਟਾਂ ਕੱਢੀਆਂ ਜਾਣ ਤਾਂ ਕਿ ਬੇਰੁਜ਼ਗਾਰ ਅਧਿਆਪਕਾਂ ਨੂੰ ਵੱਧ ਤੋਂ ਵੱਧ ਨੌਕਰੀ ਮਿਲ ਸਕੇ ।

-PTCNews

Related Post