ਝੋਨੇ 'ਚ ਨਮੀ ਅਤੇ ਖਰੀਦ ਲਈ ਕੈਪਟਨ ਨੇ ਕੇਂਦਰ ਸਰਕਾਰ ਨੂੰ ਲਿਖਿਆ ਅਜਿਹਾ ਪੱਤਰ

By  Shanker Badra November 9th 2018 08:07 PM

ਝੋਨੇ 'ਚ ਨਮੀ ਅਤੇ ਖਰੀਦ ਲਈ ਕੈਪਟਨ ਨੇ ਕੇਂਦਰ ਸਰਕਾਰ ਨੂੰ ਲਿਖਿਆ ਅਜਿਹਾ ਪੱਤਰ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੋਨੇ ਦੇ ਘੱਟੋ- ਘੱਟ ਸਮੱਰਥਨ ਮੁੱਲ ਦੇ 1 ਫੀਸਦੀ ਦੀ ਥਾਂ 2 ਫੀਸਦੀ ਦਰ ਨਾਲ ਸੁਕਾਈ ਦੇਣ ਦੀ ਮੰਗ ਨੂੰ ਲੈ ਕੇ ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਪ੍ਰਣਾਲੀ ਬਾਰੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੂੰ ਪੱਤਰ ਲਿਖਿਆ ਹੈ ਤਾਂ ਜੋ ਝੋਨੇ ਦੀ ਖਰੀਦ ਦੇ ਰਹਿੰਦੇ ਸਾਉਣੀ ਸੀਜ਼ਨ ਦੌਰਾਨ ਝੋਨੇ ਦੀ ਬਿਨਾਂ ਅੜਚਨ ਅਤੇ ਨਿਰਵਿਘਨ ਖਰੀਦ ਨੂੰ ਯਕੀਨੀ ਬਨਾਇਆ ਜਾ ਸਕੇ।ਪਾਸਵਾਨ ਨੂੰ ਲਿਖੇ ਇਕ ਪੱਤਰ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਝੋਨੇ ਦੀ ਵਢਾਈ ਤੋਂ ਐਨ ਪਹਿਲਾਂ ਅਤਿ-ਅਧਿਕ/ਅਸਧਾਰਨ/ਬੇ-ਮੌਸਮੀ ਮੀਂਹ ਅਤੇ ਗੜੇਮਾਰੀ ਦੇ ਕਾਰਨ ਅਜਿਹੀ ਢਿੱਲ ਮੁਢਲੇ ਰੂਪ ਵਿੱਚ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨੇ ਝੋਨੇ ਦੀ ਸਿਲ ’ਤੇ ਬੁਰਾ ਪ੍ਰਭਾਵ ਪਾਇਆ ਹੈ ਅਤੇ ਇਸ ਦੇ ਕਾਰਨ ਮੁਕਾਬਲਤਨ ਜ਼ਿਆਦਾ ਨਮੀ ਹੋਣ ਦੇ ਕਾਰਨ ਝੋਨੇ ਦੀ ਖਰੀਦ ਵਿੱਚ ਸਮੱਸਿਆ ਪੈਦਾ ਹੋਈ ਹੈ।

ਮੁੱਖ ਮੰਤਰੀ ਨੇ ਪਾਸਵਾਨ ਨੂੰ ਅੱਗੇ ਦੱਸਿਆ ਕਿ ਬਹੁਤ ਸਾਰੀਆਂ ਮੰਡੀਆਂ ਵਿੱਚ ਆ ਰਹੇ ਝੋਨੇ ’ਚ ਨਮੀ ਦੀ ਮਾਤਰਾ ਇਸ ਕਰਕੇ ਜ਼ਿਆਦਾ ਹੈ ਕਿਉਂਕਿ ਇਸ ਸਾਲ ਅਸਧਾਰਨ ਮੌਸਮੀ ਹਾਲਤਾਂ ਦੇ ਕਾਰਨ ਤਾਪਮਾਨ ਵਿੱਚ ਕਮੀ ਦੇ ਕਾਰਨ ਅਜਿਹਾ ਹੋਇਆ ਹੈ।ਇਸ ਦੇ ਕਾਰਨ ਮਿਲ ਮਾਲਿਕਾਂ ਅਤੇ ਕਿਸਾਨਾਂ ਵਿੱਚ ਬੇਚੈਨੀ ਪੈਦਾ ਹੋਈ ਹੈ ਜਿਸਦੇ ਨਤੀਜੇ ਵਜੋਂ ਝੋਨੇ ਦੀ ਖਰੀਦ ਦੇ ਅਮਲ ਵਿੱਚ ਰੁਕਾਵਟ ਪੈਦਾ ਹੋਈ।

ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਸੂਬੇ ਭਰ ਵਿੱਚ ਵੱਖ ਵੱਖ ਖਰੀਦ ਏਜੰਸੀਆਂ ਨੇ ਮੌਜੂਦਾ ਸਾਉਣੀ ਦੇ ਮੰਡੀਕਰਨ ਸੀਜ਼ਨ 2018-19 ਦੌਰਾਨ 130 ਲੱਖ ਮੀਟਰਕ ਟਨ ਖਰੀਦ ਕੀਤੀ ਹੈ।ਉਨਾਂ ਨੇ ਇਸ ਸਬੰਧ ਵਿੱਚ ਜ਼ਰੂਰੀ ਦਿਸ਼ਾ ਨਿਰਦੇਸ਼ ਜਲਦੀ ਤੋਂ ਜਲਦੀ ਜਾਰੀ ਕਰਨ ਦੀ ਬੇਨਤੀ ਕੀਤੀ ਹੈ ਤਾਂ ਜੋ ਸਾਉਣੀ ਦੇ ਰਹਿੰਦੇ ਸੀਜ਼ਨ ਦੌਰਾਨ ਝੋਨੇ ਦੀ ਖਰੀਦ ਨੂੰ ਨਿਰਵਿਘਨ ਯਕੀਨੀ ਬਣਾਇਆ ਜਾ ਸਕੇ।

-PTCNews

Related Post