ਪਾਕਿਸਤਾਨ ਸਰਕਾਰ ਦੇਸ਼ ਅੰਦਰ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ : ਬੀਬੀ ਜਗੀਰ ਕੌਰ

By  Shanker Badra May 29th 2021 12:17 PM -- Updated: May 29th 2021 12:22 PM

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਪਾਕਿਸਤਾਨ ਅੰਦਰ ਸਿੱਖਾਂ ਨੂੰ ਧਮਕੀਆਂ ਮਿਲਣ ਦੀਆਂ ਖ਼ਬਰਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪਾਕਿਸਤਾਨ ਸਰਕਾਰ ਦੇਸ਼ ਅੰਦਰ ਘੱਟ ਗਿਣਤੀ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ।

ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਇਕ ਬਿਆਨ ਵਿਚ ਬੀਬੀ ਜਗੀਰ ਕੌਰ ਨੇ ਕਿਹਾ ਕਿ ਬੀਤੇ ਕੱਲ੍ਹ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਅੰਦਰ ਸਿੱਖਾਂ ਨੂੰ ਤਾਲਿਬਾਨ ਵੱਲੋਂ ਧਮਕੀਆਂ ਮਿਲ ਰਹੀਆਂ ਹਨ। ਇਹ ਬੇਹੱਦ ਚਿੰਤਾ ਵਾਲੀ ਗੱਲ ਹੈ, ਜਿਸ ’ਤੇ ਪਾਕਿਸਤਾਨ ਸਰਕਾਰ ਨੂੰ ਸੰਜੀਦਾ ਹੋਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਪਾਕਿਸਤਾਨ ’ਚ ਵਸਦੇ ਸਿੱਖ ਭਾਈਚਾਰੇ ਦੀ ਸੁਰੱਖਿਆ ਉਥੋਂ ਦੀ ਸਰਕਾਰ ਦੀ ਜ਼ੁੰਮੇਵਾਰੀ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਧਮਕੀਆਂ ਦੇ ਮਾਮਲੇ ਵਿਚ ਸਖ਼ਤ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਸਰਕਾਰ ਸਿੱਖਾਂ ਨੂੰ ਇਹ ਵਿਸ਼ਵਾਸ ਦਿਵਾਏ ਕਿ ਉਹ ਪਾਕਿਸਤਾਨ ਅੰਦਰ ਸੁਰੱਖਿਅਤ ਹਨ।

-PTCNews

Related Post