ਪਟਿਆਲਾ ਵਿਖੇ ਨਿੱਜੀ ਸਕੂਲਾਂ ਖ਼ਿਲਾਫ਼ ਅੱਧ ਨੰਗੇ ਹੋ ਕੇ ਮਾਪਿਆਂ ਨੇ ਕੀਤਾ ਰੋਸ ਪ੍ਰਦਰਸ਼ਨ

By  Shanker Badra June 27th 2020 05:46 PM

ਪਟਿਆਲਾ ਵਿਖੇ ਨਿੱਜੀ ਸਕੂਲਾਂ ਖ਼ਿਲਾਫ਼ ਅੱਧ ਨੰਗੇ ਹੋ ਕੇ ਮਾਪਿਆਂ ਨੇ ਕੀਤਾ ਰੋਸ ਪ੍ਰਦਰਸ਼ਨ:ਪਟਿਆਲਾ : ਪੰਜਾਬ ਭਰ ਦੇ ਵਿੱਚ ਨਿੱਜੀ ਸਕੂਲਾਂ ਵੱਲੋਂ ਬੱਚਿਆਂ ਕੋਲੋਂ ਫ਼ੀਸਾਂ ਵਸੂਲਣ ਦਾ ਮਾਮਲਾ ਗਰਮਾਇਆ ਹੋਇਆ ਹੈ ਅਤੇ ਹਰ ਰੋਜ਼ ਕਿਤੇ ਨਾ ਕਿਤੇ ਰੋਸ ਪ੍ਰਦਰਸ਼ਨ ਹੁੰਦੇ ਰਹਿੰਦੇ ਹਨ। ਅੱਜ ਪਟਿਆਲਾ ਦੇ 22 ਨੰਬਰ ਫਾਟਕ ਨੇੜੇ ਬੱਚਿਆਂ ਦੇ ਮਾਪਿਆਂ ਨੇ ਨਿੱਜੀ ਸਕੂਲਾਂ ਖ਼ਿਲਾਫ਼ ਅੱਧ ਨੰਗੇ ਹੋ ਕੇ ਰੋਸ ਮਾਰਚ ਕੱਢ ਕੇ ਪ੍ਰਦਰਸ਼ਨ ਕੀਤਾ ਹੈ। ਇਸ ਦੌਰਾਨ ਮਾਪਿਆਂ ਨੇ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਹੈ।

ਇਸ ਮੌਕੇ ਮਾਪਿਆ ਨੇ ਦੋਸ਼ ਲਾਇਆ ਕਿ ਕੋਰੋਨਾ ਵਾਇਰਸ ਕਾਰਨ ਸਕੂਲਾਂ 'ਚ ਵਿਦਿਆਰਥੀਆਂ ਦੀ ਇਕ ਵੀ ਜਮਾਤ ਨਹੀਂ ਲਗਾਈ ਹੈ ਤੇ ਸਕੂਲਾਂ ਵੱਲੋਂ ਹੋਰ ਖ਼ਰਚੇ ਪਾ ਕੇ ਭਾਰੀ ਫੀਸਾਂ ਦੀ ਮੰਗ ਕੀਤੀ ਜਾ ਰਹੀ ਹੈ। ਮਾਪਿਆ ਨੇ ਦੋਸ਼ ਲਾਇਆ ਕਿ ਸਕੂਲ ਪੂਰੀ ਫ਼ੀਸ ਮੰਗ ਰਿਹਾ ਹੈ ਪਰ ਸਰਕਾਰ ਨੇ ਪਹਿਲਾਂ ਸਿਰਫ਼ ਟਿਊਸ਼ਨ ਫ਼ੀਸ ਲੈਣ ਲਈ ਕਿਹਾ ਸੀ ਪਰ ਹੁਣ ਸਕੂਲ ਟਿਊਸ਼ਨ ਫ਼ੀਸ ਦੀ ਥਾਂ ਪੂਰੀ ਫ਼ੀਸ ਦੀ ਮੰਗ ਕਰ ਰਿਹਾ ਹੈ।

 parents protest against private schools in Patiala ਪਟਿਆਲਾ ਵਿਖੇ ਨਿੱਜੀ ਸਕੂਲਾਂ ਖ਼ਿਲਾਫ਼ ਅੱਧ ਨੰਗੇ ਹੋ ਕੇ ਮਾਪਿਆਂ ਨੇ ਕੀਤਾ ਰੋਸ ਪ੍ਰਦਰਸ਼ਨ

ਇਸ ਕਾਰਨ ਮਾਪਿਆ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਇਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਜਗਤਾਰ ਸਿੰਘ ਨੇ ਦੱਸਿਆ ਕਿ ਲਾਕਡਾਊਨ ਤੇ ਕਰਫਿਊ ਦੌਰਾਨ ਪਹਿਲਾਂ ਹੀ ਲੋਕ ਘਰਾਂ 'ਚ ਵਿਹਲੇ ਬੈਠੇ ਹਨ ਅਤੇ ਦੂਜੇ ਪਾਸੇ ਨਿੱਜੀ ਸਕੂਲਾਂ ਵੱਲੋਂ ਫੀਸਾਂ ਦੀ ਮੰਗ ਕੀਤੀ ਜਾ ਰਹੀ ਹੈ ,ਜਿਸ ਦਾ ਹਾਲੇ ਕੇਸ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਵਿਚਾਰ ਅਧੀਨ ਹੈ।

ਇਸ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਵੀ ਸੁਣਵਾਈ ਚੱਲ ਰਹੀ ਸੀ। ਹਾਈਕੋਰਟ ਨੇ ਸਕੂਲ ਫ਼ੀਸਾਂ ਦੇ ਮਾਮਲੇ ‘ਚ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਬਹਿਸ ਦੌਰਾਨ ਸਕੂਲਾਂ ਨੇ ਕਿਹਾ ਕਿ ਉਹ ਕਿਸੇ ਬੱਚੇ ਨੂੰ ਨਹੀਂ ਕੱਢਣਗੇ ਤੇ ਨਾਲ ਹੀ ਕਿਹਾ ਕਿ ਅਧਿਆਪਕ ਸਟਾਫ਼ ਦੀਆਂ ਤਨਖ਼ਾਹਾਂ ਤੋਂ ਇਲਾਵਾ ਟੈਕਸ ਅਦਾਇਗੀ ਜਿੰਨੀਆਂ ਫ਼ੀਸਾਂ ਵਸੂਲਣ ਦੀ ਇਜਾਜ਼ਤ ਦੇ ਦਿੱਤੀ ਜਾਣੀ ਚਾਹੀਦੀ ਹੈ।

-PTCNews

Related Post