ਲਾਕਡਾਊਨ 'ਚ ਛੇਤੀ ਢਿੱਲ ਦੇਣ ਨਾਲ ਵੱਧ ਸਕਦੈ ਕੋਰੋਨਾ ਵਾਇਰਸ, WHO ਦੀ ਚੇਤਾਵਨੀ

By  Shanker Badra April 21st 2020 07:48 PM

ਲਾਕਡਾਊਨ 'ਚ ਛੇਤੀ ਢਿੱਲ ਦੇਣ ਨਾਲ ਵੱਧ ਸਕਦੈ ਕੋਰੋਨਾ ਵਾਇਰਸ, WHO ਦੀ ਚੇਤਾਵਨੀ:ਵਾਸ਼ਿੰਗਟਨ: ਕੋਰੋਨਾ ਦਾ ਕਹਿਰ ਹੋਣ ਦੇ ਬਾਵਜੂਦ ਕਈ ਦੇਸ਼ਾਂ ਦੀਆਂ ਸਰਕਾਰਾਂ ਲਾਕਡਾਊਨ ਖੋਲ੍ਹ ਰਹੀਆਂ ਹਨ। ਭਾਰਤ ਨੇ ਵੀ 20 ਅਪਰੈਲ ਤੋਂ ਕਈ ਖੇਤਰ ਖੋਲ੍ਹ ਦਿੱਤੇ ਹਨ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ( WHO) ਨੇ ਮੰਗਲਵਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਈਆਂ ਪਾਬੰਦੀਆਂ ਵਿੱਚ ਛੇਤੀ ਢਿੱਲ ਦੇਣ ਨਾਲ ਵਾਇਰਸ ਮੁੜ ਜ਼ੋਰ ਫੜ ਸਕਦਾ ਹੈ।

WHO ਨੇ ਜੀ-20 ਮੁਲਕਾਂ ਦੇ ਸਿਹਤ ਮੰਤਰੀਆਂ ਨਾਲ ਆਨਲਾਈਨ ਮੀਟਿੰਗ ਕਰਕੇ ਕੋਰੋਨਾ ਵਾਇਰਸ ਕਾਰਨ ਬਣ ਰਹੇ ਹਾਲਾਤ ’ਤੇ ਚਰਚਾ ਕੀਤੀ। ਡਬਲਿਊਐਚਓ ਦੇ ਮੁਖੀ ਟੈਡਰੋਸ ਅਧਾਨੋਮ ਗ਼ੈਬਰੀਏਸਸ ਨੇ ਕਿਹਾ, ‘ਲੌਕਡਾਊਨ ’ਚ ਢਿੱਲ ਦੇਣਾ ਕਿਸੇ ਮੁਲਕ ’ਚ ਮਹਾਮਾਰੀ ਦਾ ਖਾਤਮਾ ਨਹੀਂ ਬਲਕਿ ਇਹ ਨਵੇਂ ਪੜਾਅ ਦੀ ਸ਼ੁਰੂਆਤ ਹੈ।

ਉਨ੍ਹਾਂ ਸਰਕਾਰਾਂ ਨੂੰ ਚਿਤਾਵਨੀ ਦਿੱਤੀ ਕਿ ਲਾਕਡਾਊਨ ਖੋਲ੍ਹਣ ’ਚ ਜਲਦਬਾਜ਼ੀ ਨਾ ਕੀਤੀ ਜਾਵੇ ਕਿਉਂਕਿ ਇਸ ਨਾਲ ਹਾਲਾਤ ਖ਼ਤਰਨਾਕ ਹੋ ਸਕਦੇ ਹਨ। WHO ਲਈ ਪੱਛਮੀ ਪ੍ਰਸ਼ਾਂਤ ਦੇ ਖੇਤਰੀ ਨਿਰਦੇਸ਼ਕ ਡਾ. ਤਾਕੇਸ਼ੀ ਕਾਸੇਈ ਨੇ ਕਿਹਾ ਕਿ ਇਹ ਢਿੱਲ ਵਰਤਣ ਦਾ ਸਮਾਂ ਨਹੀਂ ਹੈ, ਸਗੋਂ ਸਾਨੂੰ ਨੇੜਲੇ ਭਵਿੱਖ ਲਈ ਜੀਉਣ ਦੇ ਨਵੇਂ ਢੰਗ ਤਰੀਕੇ ਨੂੰ ਲੈ ਕੇ ਆਪਣੇ ਆਪ ਨੂੰ ਤਿਆਰ ਰੱਖਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਵਾਇਰਸ ਫੈਲਣ ਤੋਂ ਰੋਕਣ ਲਈ ਸੁਚੇਤ ਹੋਣ ਦੀ ਲੋੜ ਹੈ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਲਈ ਲੌਕਡਾਊਨ ਅਤੇ ਸਮਾਜਿਕ ਦੂਰੀ ਬਣਾਏ ਰੱਖਣ ਦੇ ਹੋਰ ਕਦਮਾਂ ਨੂੰ ਹੌਲੀ ਹੌਲੀ ਹਟਾਇਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਸਿਹਤਮੰਦ ਰੱਖਣ ਅਤੇ ਆਰਥਿਕਤਾ ਨੂੰ ਚੱਲਦਾ ਰੱਖਣ ਵਿੱਚ ਸੰਤੁਲਨ ਪੈਦਾ ਕਰਨ ਦੀ ਲੋੜ ਹੈ।

-PTCNews

Related Post