ਪਠਾਨਕੋਟ: ASI ਦੀ ਗੋਲੀ ਲੱਗਣ ਕਾਰਨ ਮੌਤ, EVM ਦੀ ਸੁਰੱਖਿਆ 'ਚ ਸੀ ਤਾਇਨਾਤ

By  Shanker Badra March 16th 2020 01:43 PM

ਪਠਾਨਕੋਟ: ASI ਦੀ ਗੋਲੀ ਲੱਗਣ ਕਾਰਨ ਮੌਤ, EVM ਦੀ ਸੁਰੱਖਿਆ 'ਚ ਸੀ ਤਾਇਨਾਤ:ਪਠਾਨਕੋਟ : ਪਠਾਨਕੋਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੀਨੀ ਵਿਖੇ ਈ.ਵੀ.ਐਮ. ਮਸ਼ੀਨ ਦੀ ਸੁਰੱਖਿਆ 'ਚ ਤਾਇਨਾਤ ਏਐਸਆਈ. ਜੋਗਿੰਦਰ ਪਾਲ ਦੀ ਗੋਲੀ ਲੱਗਣ ਕਾਰਨ ਅਚਾਨਕ ਮੌਤ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਸਰਕਾਰੀ ਸਕੂਲ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਡੀ.ਐੱਸ.ਪੀ. ਸਿਟੀ ਰਜਿੰਦਰ ਮਨਹਾਸ ਡਵੀਜ਼ਨ ਨੰ. 1 ਦੇ ਥਾਣਾ ਮੁਖੀ ਮਨਦੀਪ ਸਲਗੋਤਰਾ ਅਤੇ ਸੀਆਈਏ ਸਟਾਫ ਦੇ ਇੰਚਾਰਜ ਪੁਲਿਸ ਦਲ ਬਲ ਦੇ ਨਾਲ ਘਟਨਾ ਵਾਲੀ ਜਗ੍ਹਾ 'ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ ਹੈ।

ਜਾਣਕਰੀ ਅਨੁਸਾਰ ਜੋਗਿੰਦਰ ਪਾਲ ਪਿੰਡ ਕੋਹਲੀਆਂ, ਤਹਿਸੀਲ ਨਰੋਤ ਜੈਮਲ ਸਿੰਘ, ਪਠਾਨਕੋਟ ਦਾ ਰਹਿਣ ਵਾਲਾ ਸੀ। ਡੀਐਸਪੀ ਮੁਤਾਬਕ ਲੋਕ ਸਭਾ ਚੋਣਾਂ 'ਚ ਵਰਤੀ ਗਈ ਈਵੀਐਮ ਮਸ਼ੀਨ ਸਕੂਲ ਦੇ ਅੰਦਰ ਤਾਲਾ ਲਗਾ ਕੇ ਰੱਖੀ ਹੋਈ ਸੀ। ਇਸ ਦੀ ਸੁਰੱਖਿਆ ਲਈ ਸਪੈਸ਼ਲ ਗਾਰਡ 'ਚ ਪੰਜਾਬ ਪੁਲਿਸ ਦੇ ਏਐਸਆਈ ਜੋਗਿੰਦਰ ਪਾਲ ਨੂੰ ਤਾਇਨਾਤ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਸਕੂਲ 'ਚੋਂ ਅਚਾਨਕ ਗੋਲੀ ਚੱਲਣ ਦੀ ਆਵਾਜ਼ ਆਈ ਸੀ। ਜਦੋਂ ਲੋਕਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਏਐਸਆਈ ਦੀ ਲਾਸ਼ ਮਿਲੀ। ਇਸ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ। ਇਹ ਗੋਲੀ ਉਸ ਦੀ ਆਪਣੀ ਹੀ ਸਰਵਿਸ ਰਾਈਫਲ ਨਾਲ ਲੱਗੀ ਹੈ। ਫਿਲਹਾਲ ਪੁਲਿਸ ਅਧਿਕਾਰੀਆਂ ਵਲੋਂ ਲਾਸ਼ ਕਬਜ਼ੇ 'ਚ ਲੈ ਕੇ ਗੋਲੀ ਲੱਗਣ ਦੇ ਕਾਰਨਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ।

-PTCNews

Related Post