ਬੈਂਕ ਦੇ ਮੁਲਾਜ਼ਮ ਕਰੈਡਿਟ ਕਾਰਡਾਂ ਰਾਹੀਂ ਖਾਤਾ ਧਾਰਕਾਂ ਨਾਲ ਮਾਰਦੇ ਸੀ Online ਠੱਗੀਆਂ ,ਚੜ੍ਹੇ ਪੁਲਿਸ ਅੜਿੱਕੇ

By  Shanker Badra January 29th 2020 09:37 PM -- Updated: January 30th 2020 05:21 PM

ਬੈਂਕ ਦੇ ਮੁਲਾਜ਼ਮ ਕਰੈਡਿਟ ਕਾਰਡਾਂ ਰਾਹੀਂ ਖਾਤਾ ਧਾਰਕਾਂ ਨਾਲ ਮਾਰਦੇ ਸੀ Online ਠੱਗੀਆਂ ,ਚੜ੍ਹੇ ਪੁਲਿਸ ਅੜਿੱਕੇ:ਪਟਿਆਲਾ  : ਪਟਿਆਲਾ ਪੁਲਿਸ ਦੇ ਸਾਇਬਰ ਸੈਲ ਨੇ ਕਰੈਡਿਟ ਕਾਰਡ ਰਾਹੀਂ ਆਨ ਲਾਇਨ ਠੱਗੀਆਂ ਮਾਰਨ ਵਾਲੇ ਐਕਸਿਸ ਬੈਂਕ ਦੇ 2 ਮੁਲਾਜਮਾਂ ਨੂੰ ਕਾਬੂ ਕਰਕੇ ਠੱਗੀਆਂ ਦੇ ਅਜਿਹੇ ਹੀ ਇੱਕ ਗੋਰਖ ਧੰਦੇ ਦਾ ਪਰਦਾਫ਼ਾਸ਼ ਕੀਤਾ ਹੈ। ਇਹ ਪ੍ਰਗਟਾਵਾ ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਅੱਜ ਇੱਥੇ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਐੱਸ.ਐੱਸ.ਪੀ. ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਐਕਸਿਸ ਬੈਂਕ ਦੇ ਸੇਲਜ ਅਫ਼ਸਰ ਅਤੇ ਐਕਸਿਸ ਬੈਂਕ ਦੇ ਹੀ ਇਕ ਸਾਬਕਾ ਮੁਲਾਜਮ ਕੋਲੋਂ 49 ਮੋਬਾਇਲ ਸਿੰਮ, 7 ਮੋਬਾਇਲ, ਕਰੀਬ ਸਾਢੇ 4 ਲੱਖ ਦਾ ਸੋਨਾ, 40 ਹਜ਼ਾਰ ਦੀ ਨਗ਼ਦੀ, ਇਕ ਸਕਾਰਪਿਉ ਗੱਡੀ ਬਰਾਮਦ ਕਰਨ ਸਮੇਤ ਇੱਕ ਜਣੇ ਦੇ ਬੈਂਕ ਖਾਤੇ 'ਚ ਪਈ 03 ਲੱਖ ਰੁਪਏ ਦੀ ਰਕਮ ਫ਼ਰੀਜ ਕਰਵਾਉਣ 'ਚ ਸਫ਼ਲਤਾ ਹਾਸਲ ਕੀਤੀ ਹੈ। ਐਸ.ਐਸ.ਪੀ. ਨੇ ਇਸ ਮਾਮਲੇ ਨੂੰ ਹੱਲ ਕਰਨ ਲਈ ਪਟਿਆਲਾ ਦੇ ਸਾਇਬਰ ਸੈਲ ਦੀ ਕਾਰਗੁਜ਼ਾਰੀ ਦੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕੀਤੀ।

ਸਿੱਧੂ ਨੇ ਦੱਸਿਆ ਕਿ ਆਨ ਲਾਇਨ ਠੱਗੀ ਮਾਰਨ ਵਾਲੇ ਗਿਰੋਹ ਦੇ ਸਰਗਣੇ ਦੀ ਪਛਾਣ 27 ਸਾਲਾ 12ਵੀਂ ਪਾਸ ਵਿਕਾਸ ਸਰਪਾਲ ਉਰਫ ਗੋਪੀ ਪੁੱਤਰ ਲਵਿੰਦਰ ਕੁਮਾਰ ਵਾਸੀ ਪੰਚ ਰਤਨ ਗਲੀ ਹਰਬੰਸਪੁਰਾ, ਲੁਧਿਆਣਾ ਅਤੇ ਇਸ ਦੇ ਸਾਥੀ 25 ਸਾਲਾ 5ਵੀਂ ਪਾਸ ਰਵੀ ਕੁਮਾਰ ਪੁੱਤਰ ਵਿਨੋਦ ਕੁਮਾਰ ਵਾਸੀ ਈ.ਡਵਲਯੂ.ਐਸ ਨੇੜੇ ਨਿਸ਼ਕਾਮ ਸਕੂਲ, ਤਾਜਪੁਰ ਰੋਡ ਲੁਧਿਆਣਾ ਵਜੋਂ ਹੋਈ ਹੈ। ਇਨ੍ਹਾਂ ਨੂੰ ਮਿਤੀ 28 ਜਨਵਰੀ 2020 ਨੂੰ ਲੁਧਿਆਣਾ ਸ਼ਹਿਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

ਐਸ.ਐਸ.ਪੀ. ਨੇ ਦੱਸਿਆ ਕਿ ਇਹ ਵਿਅਕਤੀ ਬੈਂਕ ਦੇ ਉਨ੍ਹਾਂ ਗਾਹਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ, ਜ਼ਿਨ੍ਹਾਂ ਦੇ ਬੈਂਕ ਡਾਟਾ 'ਚ ਈ ਮੇਲ ਖਾਤਾ ਦਰਜ ਨਹੀਂ ਸੀ ਹੁੰਦਾ ਅਤੇ ਇਹ ਉਨ੍ਹਾਂ ਦੇ ਕਰੈਡਿਟ ਕਾਰਡ ਰਾਹੀਂ ਫਲਿਪਕਾਰਟ ਤੋਂ ਸੋਨੇ ਦੀਆਂ ਗਿੰਨੀਆਂ, ਮੋਬਾਇਲ ਫੋਨ ਆਦਿ ਖਰੀਦ ਕੇ ਅੱਗੇ ਵੇਚਦੇ ਸਨ। ਇਨ੍ਹਾਂ ਵਿੱਚੋਂ ਇੱਕ ਨੇ ਇਸੇ ਤਰ੍ਹਾਂ ਕਮਾਈ ਰਕਮ ਨਾਲ ਆਪਣੀ ਭੈਣ ਦਾ ਵਿਆਹ ਕੀਤਾ ਅਤੇ ਸਕਾਰਪੀਊ ਗੱਡੀ ਵੀ ਖਰੀਦੀ।

-PTCNews

Related Post