ਪਟਿਆਲਾ ਪੁਲਿਸ ਵੱਲੋਂ ਫਾਸਟਵੇਅ TV ਯੂਐਸਏ ਦੇ ਐਂਕਰ ਖਿਲਾਫ਼ ਪਰਚਾ ਦਰਜ

By  Shanker Badra September 2nd 2020 12:12 PM

ਪਟਿਆਲਾ ਪੁਲਿਸ ਵੱਲੋਂ ਫਾਸਟਵੇਅ TV ਯੂਐਸਏ ਦੇ ਐਂਕਰ ਖਿਲਾਫ਼ ਪਰਚਾ ਦਰਜ: ਪਟਿਆਲਾ : ਕੋਵਿਡ ਬਾਰੇ ਅਫਵਾਹਾਂ ਫੈਲਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਅਜਿਹੇ ਵਿਅਕਤੀਆਂ ਖਿਲਾਫ ਤਿੱਖੀ ਕਾਰਵਾਈ ਕਰਦਿਆਂ ਪਟਿਆਲਾ ਪੁਲਿਸ ਨੇ ਅੱਜ ਫਾਸਟਵੇਅ ਟੀ.ਵੀ ਯੂਐਸਏ ਦੇ ਅਣਪਛਾਤੇ ਐਂਕਰ ਖਿਲਾਫ਼ ਪਰਚਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ  ਜ਼ਿਲ੍ਹਾ ਪੁਲਿਸ ਦੇ ਧਿਆਨ ਵਿਚ ਆਇਆ ਸੀ ਕਿ ਫਾਸਟਵੇਅ ਟੀ ਵੀ ਯੂਐਸਏ ਦਾ ਇਕ ਅਣਪਛਾਤਾ ਐਂਕਰ ਕੋਰੋਨਾ ਦੇ ਫਰੰਟਲਾਈਨ ਯੋਧਿਆਂ ਬਾਰੇ ਗੁੰਮਰਾਹਕੁੰਨ ਤੱਥ ਫੈਲਾਉਣ ਅਤੇ ਝੂਠੇ ਦੋਸ਼ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਅਣਪਛਾਤੇ ਐਂਕਰ 'ਤੇ ਆਈਪੀਸੀ ਦੀ ਧਾਰਾ 188 ਅਤੇ 505 ਤੋਂ ਇਲਾਵਾ ਆਫ਼ਤ ਪ੍ਰਬੰਧਨ ਐਕਟ, 2005 ਦੀ ਧਾਰਾ 54 ਤਹਿਤ ਸਿਵਲ ਲਾਈਨ ਥਾਣਾ, ਪਟਿਆਲਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।

ਪਟਿਆਲਾ ਪੁਲਿਸ ਵੱਲੋਂ ਫਾਸਟਵੇਅ TV ਯੂਐਸਏ ਦੇ ਐਂਕਰ ਖਿਲਾਫ਼ ਪਰਚਾ ਦਰਜ

ਇੱਥੇ ਇਹ ਵਰਣਨ ਯੋਗ ਹੈ ਕਿ ਜ਼ਿਲ੍ਹਾ ਪੁਲਿਸ ਨੇ ਕੋਵਿਡ ਦੇ ਸੰਬੰਧ ਵਿੱਚ ਝੂਠੀਆਂ ਤੇ ਗੁੰਮਰਾਹਕੁੰਨ ਅਫਵਾਹਾਂ ਫੈਲਾਉਣ ਅਤੇ ਮੋਹਰਲੀ ਕਤਾਰ ਦੇ ਯੋਧਿਆਂ ਦੀ ਡਿਊਟੀ ਚ ਖਲਲ ਪਾਉਣ ਦੇ ਦੋਸ਼ਾਂ ਹੇਠ 7 ਦੇ ਕਰੀਬ ਐਫਆਈਆਰ ਦਰਜ ਕੀਤੀਆਂ ਹਨ ਅਤੇ ਉਪਰੋਕਤ ਐਫ ਆਈ ਆਰਜ਼ ਵਿੱਚ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਸ਼੍ਰੀ ਦੁੱਗਲ ਨੇ ਅਜਿਹੇ ਅਨਸਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਅਫਵਾਹਾਂ ਫੈਲਾਉਣ ਅਤੇ ਕੋਰੋਨਾ ਦੌਰਾਨ ਡਿਊਟੀ ਕਰਨ ਵਾਲਿਆਂ ਦੇ ਰਾਹ ਚ ਰੁਕਾਵਟਾਂ ਨਾ ਖੜ੍ਹੀਆਂ ਕਰਨ, ਨਹੀਂ ਤਾਂ ਉਨ੍ਹਾਂ ਖਿਲਾਫ ਵੀ ਸਖਤ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ।

-PTCNews

Related Post