ਬਿਜਲੀ ਨਿਗਮ ਦਾ ਖ਼ਪਤਕਾਰ ਕਲਰਕ ਮੋਟਰ ਦੇ ਬਿਜਲੀ ਕੁਨੈਕਸ਼ਨ ਦੀ ਨਾਮ ਤਬਦੀਲੀ ਬਦਲੇ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

By  Jashan A July 25th 2019 08:26 PM

ਬਿਜਲੀ ਨਿਗਮ ਦਾ ਖ਼ਪਤਕਾਰ ਕਲਰਕ ਮੋਟਰ ਦੇ ਬਿਜਲੀ ਕੁਨੈਕਸ਼ਨ ਦੀ ਨਾਮ ਤਬਦੀਲੀ ਬਦਲੇ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ,ਪਟਿਆਲਾ: ਵਿਜੀਲੈਂਸ ਬਿਊਰੋ, ਪਟਿਆਲਾ ਰੇਂਜ, ਪਟਿਆਲਾ ਦੇ ਸੀਨੀਅਰ ਕਪਤਾਨ ਪੁਲਿਸ ਜਸਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਵਿਜੀਲੈਂਸ ਬਿਓਰੋ ਪਟਿਆਲਾ ਦੀ ਟੀਮ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਪਾਤੜਾਂ ਵਿਖੇ ਤਾਇਨਾਤ ਖਪਤਕਾਰ ਕਲਰਕ ਨੂੰ ਮੋਟਰ ਦਾ ਬਿਜਲੀ ਕੁਨੈਕਸ਼ਨ ਦੇ ਨਾਮ ਦੀ ਤਬਦੀਲੀ ਲਈ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ।

ਇਸ ਖਪਤਕਾਰ ਕਲਰਕ ਗੁਰਮੁੱਖ ਸਿੰਘ ਵਿਰੁੱਧ ਮੁਕੱਦਮਾ ਨੰਬਰ 08 ਮਿਤੀ 25/07/2019 ਅ/ਧ 7 ਪੀ.ਸੀ.ਐਕਟ 1988 ਅਤੇ ਅਮੈਡਮੈਂਟ 2018 ਵਿਜੀਲੈਸ ਬਿਊਰੋ, ਪਟਿਆਲਾ ਵਿਖੇ ਦਰਜ਼ ਕੀਤਾ ਗਿਆ ਹੈ। ਐਸ.ਐਸ.ਪੀ. ਸਿੱਧੂ ਨੇ ਦੱਸਿਆ ਕਿ ਇਸ ਕੇਸ 'ਚ ਸ਼ਿਕਾਇਤ ਕਰਤਾ ਗੁਰਪ੍ਰੀਤ ਸਿੰਘ ਪੁੱਤਰ ਸ੍ਰੀ ਗੁਰਤੇਜ ਸਿੰਘ ਵਾਸੀ ਪਿੰਡ ਖੇੜੀ ਨਗਾਈਆ ਪਾਤੜਾ ਦੇ ਖੇਤ ਵਿੱਚ ਇੱਕ ਬਿਜਲੀ ਦਾ ਮੋਟਰ ਕੁਨੈਕਸ਼ਨ ਲੱਗਿਆ ਹੋਇਆ ਹੈ, ਇਹ ਬਿਜਲੀ ਦਾ ਮੋਟਰ ਕੁਨੈਕਸ਼ਨ ਉਸਦੇ ਰਿਸ਼ਤੇਦਾਰ ਸ੍ਰੀ ਸਮਸੇਰ ਸਿੰਘ ਪੁੱਤਰ ਚਤਿੰਨ ਸਿੰਘ ਵਾਸੀ ਪਿੰਡ ਬੱਲਰਾਂ ਤਹਿਸੀਲ ਮੂਨਕ ਜਿਲ੍ਹਾ ਸੰਗਰੂਰ ਦੇ ਨਾਮ 'ਤੇ ਹੈ।

ਹੋਰ ਪੜ੍ਹੋ: ਪਟਿਆਲਾ ਵਿੱਚ ਕਾਲੀ ਮਾਤਾ ਮੰਦਰ ਨਜ਼ਦੀਕ ਦੇਖੇ ਗਏ ਸ਼ੱਕੀ ਵਿਅਕਤੀਆਂ ਦੀ ਸੱਚਾਈ ਆਈ ਸਾਹਮਣੇ ,ਜਾਣੋ ਪੂਰਾ ਮਾਮਲਾ

ਸ਼ਿਕਾਇਤ ਕਰਤਾ ਨੇ ਇਹ ਬਿਜਲੀ ਦਾ ਮੋਟਰ ਕੁਨੈਕਸ਼ਨ ਆਪਣੇ ਰਿਸ਼ਤੇਦਾਰ ਦੀ ਸਹਿਮਤੀ ਨਾਲ ਆਪਣੇ ਨਾਮ 'ਤੇ ਕਰਵਾਉਣ ਲਈ ਦਸਤਾਵੇਜ ਤਿਆਰ ਕਰਕੇ ਖਪਤਕਾਰ ਕਲਰਕ ਗੁਰਮੁੱਖ ਸਿੰਘ ਨੂੰ ਦੇ ਦਿੱਤੇ। ਇਸ ਖਪਤਕਾਰ ਕਲਰਕ ਨੇ ਮੌਕੇ 'ਤੇ ਸ਼ਿਕਾਇਤ ਕਰਤਾ ਤੋਂ 4000 ਰੁਪਏ ਰਿਸਵਤ ਲੈਕੇ ਫਾਈਲ ਤਿਆਰ ਕਰਨੀ ਸੁਰੂ ਕਰ ਦਿੱਤੀ।

ਸਿੱਧੂ ਨੇ ਦੱਸਿਆ ਕਿ ਇਸ ਤੋਂ ਬਾਅਦ ਸ਼ਿਕਾਇਤ ਕਰਤਾ ਮਿਤੀ 24 ਜੁਲਾਈ 2019 ਨੂੰ ਸਬੰਧਤ ਖਪਤਕਾਰ ਕਲਰਕ ਗੁਰਮੁੱਖ ਸਿੰਘ ਨੂੰ ਆਪਣੇ ਨਾਮ ਬਿਜਲੀ ਦਾ ਮੋਟਰ ਕੁਨੈਕਸ਼ਨ ਕਰਵਾਉਣ ਲਈ ਮਿਲਿਆ, ਜਿਸ ਨੇ ਕਿਹਾ ਕਿ ਇਸ ਤਰ੍ਹਾਂ ਬਿਜਲੀ ਦੀ ਮੋਟਰ ਦਾ ਕੁਨੈਕਸ਼ਨ ਤੇਰੇ ਨਾਮ ਨਹੀ ਹੋਵੇਗਾ।

ਇਸ ਬਦਲੇ ਤੈਨੂੰ 45000 ਰੁਪਏ ਬਤੌਰ ਰਿਸ਼ਵਤ ਦੇਣੇ ਪੈਣਗੇ, ਬਾਕੀ ਤੇਰਾ ਸਾਰਾ ਕੰਮ ਉਹ ਖ਼ੁਦ ਕਰਵਾ ਦੇਵਾਗੇ। ਸ਼ਿਕਾਇਤ ਕਰਤਾ ਵੱਲੋਂ ਕਹਿਣ 'ਤੇ ਗੁਰਮੁੱਖ ਸਿੰਘ ਖਪਤਕਾਰ ਕਲਰਕ 45000 ਰੁਪਏ ਕਿਸ਼ਤਾਂ ਵਿੱਚ ਲੈਣ ਲਈ ਰਾਜੀ ਹੋ ਗਿਆ।

ਵਿਜੀਲੈਂਸ ਦੇ ਐਸ.ਐਸ.ਪੀ. ਨੇ ਦੱਸਿਆ ਕਿ ਅੱਜ ਗੁਰਮੁੱਖ ਸਿੰਘ ਖਪਤਕਾਰ ਕਲਰਕ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਪਾਤੜਾਂ ਨੂੰ 25000 ਰੁਪਏ ਬਤੌਰ ਰਿਸ਼ਵਤ ਹਾਸਲ ਕਰਦੇ ਨੂੰ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਡੀ.ਐਸ.ਪੀ. ਵਿਜੀਲੈਸ ਬਿਊਰੋ, ਯੂਨਿਟ ਸੰਗਰੂਰ ਸ. ਲਖਵੀਰ ਸਿੰਘ ਦੀ ਟੀਮ ਨੇ ਰੰਗੇ ਹੱਥੀਂ ਗ੍ਰਿਫ਼ਤਾਰ ਕਰਕੇ ਰਿਸਵਤ ਵਾਲੇ ਨੋਟ ਬ੍ਰਾਮਦ ਕਰਵਾਏ ਵਿਜੀਲੈਂਸ ਟੀਮ 'ਚ ਇੰਸਪੈਕਟਰ ਤਰਲੋਚਨ ਸਿੰਘ, ਰੀਡਰ ਰਾਜਵਿੰਦਰ ਸਿੰਘ, ਏ.ਐਸ.ਆਈ. ਸਤਿਗੁਰ ਸਿੰਘ, ਮੁੱਖ ਸਿਪਾਹੀ ਗੁਰਦੀਪ ਸਿੰਘ, ਸੀ-2 ਸ਼ਾਮ ਸੁੰਦਰ, ਐਸ.ਸੀ. ਚਮਕੌਰ ਸਿੰਘ ਤੇ ਲੇਡੀ ਸਿਪਾਹੀ ਗੁਰਜਿੰਦਰ ਕੌਰ ਸ਼ਾਮਲ ਸਨ।

-PTC News

Related Post