ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਬੇਰੁਜ਼ਗਾਰ ਅਧਿਆਪਕਾਂ 'ਤੇ ਲਾਠੀਚਾਰਜ ਖ਼ਿਲਾਫ਼ ਅਰਥੀ-ਫੂਕ ਮੁਜ਼ਾਹਰਾ

By  Jashan A November 30th 2019 06:14 PM

ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਬੇਰੁਜ਼ਗਾਰ ਅਧਿਆਪਕਾਂ 'ਤੇ ਲਾਠੀਚਾਰਜ ਖ਼ਿਲਾਫ਼ ਅਰਥੀ-ਫੂਕ ਮੁਜ਼ਾਹਰਾ

ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕਰਨ ਦੀ ਰੱਖੀ ਮੰਗ

ਪਟਿਆਲਾ :  ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ 'ਤੇ ਸਿੱਖਿਆ ਮੰਤਰੀ ਦੀ ਸੰਗਰੂਰ ਸਥਿਤ ਰਿਹਾਇਸ਼ ਅੱਗੇ ਹੋਏ ਲਾਠੀਚਾਰਜ ਦੇ ਰੋਸ ਵਜੋਂ ਪਟਿਆਲਾ ਜਿਲੵੇ ਦੀਆਂ ਵੱਖ-ਵੱਖ ਸੰਘਰਸ਼ਸ਼ੀਲ ਨੌਜਵਾਨ, ਵਿਦਿਆਰਥੀ, ਅਧਿਆਪਕ-ਮੁਲਾਜ਼ਮ ਅਤੇ ਇਨਸਾਫ਼-ਪਸੰਦ ਜਥੇਬੰਦੀਆਂ ਵੱਲੋਂ ਤ੍ਰਿਪੜੀ ਮੋੜ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਰਥੀ ਫੂਕਦਿਆਂ ਰੋਸ-ਮੁਜ਼ਾਹਰਾ ਕੀਤਾ।

ਇਸ ਮੌਕੇ ਟੈੱਟ ਪਾਸ ਬੇਰੁਜ਼ਗਾਰ ਈ.ਟੀ.ਟੀ ਅਧਿਆਪਕ ਯੂਨੀਅਨ ਦੇ ਜਿਲੵਾ ਪ੍ਰਧਾਨ ਗੁਰਜੰਟ ਸਿੰਘ, ਹਰਮਿੰਦਰ ਸ਼ਰਮਾ, ਗੁਰਵਿੰਦਰ ਸਿੰਘ ਅਤੇ ਹਰਅਵਤਾਰ ਸਿੰਘ ਨੇ ਕਿਹਾ ਕਿ ਢਾਈ ਮਹੀਨਿਆਂ ਤੋਂ ਲਗਾਤਾਰ ਪੱਕੇ-ਮੋਰਚੇ ਲਾ ਕੇ ਬੈਠੇ ਬੇਰੁਜ਼ਗਾਰ ਅਧਿਆਪਕਾਂ ਪ੍ਰਤੀ ਪੰਜਾਬ ਸਰਕਾਰ ਵੱਲੋਂ ਤਾਨਾਸ਼ਾਹੀ ਭਰਿਆ ਰਵੱਈਆ ਅਪਣਾਇਆ ਜਾ ਰਿਹਾ ਹੈ।

ਹੋਰ ਪੜ੍ਹੋ: ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਵੱਲੋਂ ਜ਼ਿਲ੍ਹਾ ਪੱਧਰੀ ਕਨਵੈਨਸ਼ਨਾਂ ਦਾ ਦੌਰ ਜਾਰੀ

ਰੁਜ਼ਗਾਰ ਮੰਗਦੇ ਹੱਥਾਂ 'ਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ। ਈਟੀਟੀ ਉਮੀਦਵਾਰਾਂ ਤੇ ਮੜ੍ਹੀ ਗ੍ਰੈਜੂਏਸ਼ਨ ਅਤੇ ਬੀਐੱਡ ਉਮੀਦਵਾਰਾਂ 'ਤੇ ਮੜ੍ਹੀ 55 ਫੀਸਦੀ ਸ਼ਰਤ ਤੁਰੰਤ ਖਤਮ ਕਰਨ, ਖਾਲੀ ਪਈਆਂ ਅਧਿਆਪਕ ਅਸਾਮੀਆਂ ਭਰਨ ਲਈ ਈਟੀਟੀ ਅਤੇ ਬੀਐੱਡ ਦੀਆਂ 30 ਹਜ਼ਾਰ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਦੀ ਮੰਗ ਕਰਦਿਆਂ ਉਹਨਾਂ ਕਿਹਾ ਕਿ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਬੇਰੁਜ਼ਗਾਰ ਅਧਿਆਪਕਾਂ ਦੇ ਹੌਸਲੇ ਬੁਲੰਦ ਹੋਏ ਹਨ, ਜਥੇਬੰਦੀਆਂ ਦਾ ਸਹਿਯੋਗ ਉਹਨਾਂ ਦੇ ਸੰਘਰਸ਼ ਨੂੰ ਯੋਗ ਅਗਵਾਈ ਦੇਵੇਗਾ।

ਪੰਜਾਬ ਦੀਆਂ ਇਹ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਵੱਡੇ-ਵੱਡੇ ਮੋਰਚੇ ਜਿੱਤੇ ਹਨ, ਹੁਣ ਇਹ ਸੰਘਰਸ਼ ਵੀ ਹੋਰ ਤੇਜ਼ ਹੋਵੇਗਾ। ਬੇਰੁਜ਼ਗਾਰ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਵਾਅਦੇ ਮੁਤਾਬਿਕ 8 ਦਸੰਬਰ ਤੱਕ ਅਧਿਆਪਕ ਭਰਤੀ ਦੀਆਂ ਸ਼ਰਤਾਂ ਬਦਲਣ ਦਾ ਅਲਟੀਮੇਟਮ ਦਿੱਤਾ ਹੈ, ਅਜਿਹਾ ਨਾ ਹੋਣ 'ਤੇ ਮੁੜ ਕੋਠੀ ਦੇ ਘਿਰਾਓ ਦੀ ਚਿਤਾਵਨੀ ਵੀ ਦਿੱਤੀ ਹੈ।

ਭਰਾਤਰੀ ਜਥੇਬੰਦੀਆਂ ਵੱਲੋਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਦਵਿੰਦਰ ਸਿੰਘ ਪੂਨੀਆ, ਵਿਕਰਮ ਦੇਵ ਸਿੰਘ, ਪਰਮਵੀਰ ਸਿੰਘ, ਦਵਿੰਦਰ ਸਿੰਘ ਤੇ ਐਸ ਐਸ ਏ/ ਰਮਸਾ ਯੂਨੀਅਨ ਦੇ ਹਰਦੀਪ ਟੋਡਰਪੁਰ, ਰਜਿੰਦਰ ਸਮਾਣਾ ਤੇ ਗਗਨ ਰਾਣੂ, ਪੰਜਾਬ ਸਟੂਡੈਂਟਸ ਯੂਨੀਅਨ ਦੇ ਅਮਨਦੀਪ ਪਟਿਆਲਾ, ਖੁਸ਼ਵਿੰਦਰ ਸਿੰਘ, ਰਣਦੀਪ ਸਿੰਘ, ਤੇ ਨੌਜਵਾਨ ਭਾਰਤ ਸਭਾ ਦੇ ਖੁਸ਼ਵੰਤ ਸਿੰਘ, ਪਰਮਿੰਦਰ ਸਿੰਘ, ਅਕਾਸ਼ ਸਿੰਘ, ਤਜਿੰਦਰ ਸਿੰਘ ਅਤੇ ਜਗਮੀਤ ਸਿੰਘ ਤੋਂ ਇਲਾਵਾ ਅਜੈ ਕੁਮਾਰ, ਕੁਲਦੀਪ ਸਿੰਘ ਅਤੇ ਰਵਿੰਦਰ ਸਿੰਘ ਆਦਿ ਮੌਜੂਦ ਰਹੇ।

-PTC News

Related Post