ਜਿੰਮਖਾਨਾ ਕਲੱਬ ਦੇ ਸਕੱਤਰ ਵਿਪਨ ਸ਼ਰਮਾ ਦੇ ਖਿਲਾਫ ਝੂਠੇ ਦੋਸ਼ ਲਗਾਉਣ ਦਾ ਮਾਮਲਾ, ਪੁਲਿਸ ਵੱਲੋਂ 4 ਖਿਲਾਫ ਕੇਸ ਦਰਜ, 1 ਗ੍ਰਿਫਤਾਰ

By  Jashan A August 27th 2019 06:27 PM

ਜਿੰਮਖਾਨਾ ਕਲੱਬ ਦੇ ਸਕੱਤਰ ਵਿਪਨ ਸ਼ਰਮਾ ਦੇ ਖਿਲਾਫ ਝੂਠੇ ਦੋਸ਼ ਲਗਾਉਣ ਦਾ ਮਾਮਲਾ, ਪੁਲਿਸ ਵੱਲੋਂ 4 ਖਿਲਾਫ ਕੇਸ ਦਰਜ, 1 ਗ੍ਰਿਫਤਾਰ,ਪਟਿਆਲਾ: ਲੋਕ ਸਭਾ ਚੋਣਾਂ ਦੇ ਦੌਰਾਨ ਰਾਜਿੰਦਰਾ ਜਿੰਮਖਾਨਾ ਅਤੇ ਮਹਾਰਾਣੀ ਕੱਲਬ ਦੇ ਸਕੱਤਰ ਅਤੇ ਵੀਰ ਹਕੀਕਤ ਰਾਏ ਸਭਾ ਦੇ ਪ੍ਰਧਾਨ ਵਿਪਨ ਸ਼ਰਮਾ ਦੇ ਖਿਲਾਫ ਵੱਖ ਵੱਖ ਮੀਡੀਆ ਗਰੁੱਪਾਂ ਅਤੇ ਸ਼ੋਸ਼ਲ ਮੀਡੀਆ 'ਤੇ ਝੂਠੇ ਪੱਤਰ ਭੇਜ ਕੇ ਗਲਤ ਅਫਵਾਹਾਂ ਫੈਲਾਉਣ ਦੇ ਦੋਸ਼ 'ਚ ਪਟਿਆਲਾ ਪੁਲਿਸ ਨੇ ਚਾਰ ਵਿਅਕਤੀਆਂ ਦੇ ਖਿਲਾਫ ਥਾਣਾ ਸਿਵਲ ਲਾਈਨ ਵਿਖੇ ਕੇਸ ਦਰਜ਼ ਕੀਤਾ ਹੈ।

ਜਿਹੜੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ਼ ਕੀਤਾ ਗਿਆ ਹੈ, ਉਹਨਾਂ ਵਿਚ ਵੀਰ ਹਕੀਕਤ ਰਾਏ ਸਭਾ ਦੇ ਸਾਬਕਾ ਪ੍ਰਧਾਨ ਅਤੇ ਜਿਲਾ ਬਾਰ ਐਸੋਸੀਏਸ਼ਨ ਪਟਿਆਲਾ ਦੇ ਸਾਬਕਾ ਸਕੱਤਰ ਐਡਵੋਕੈਟ ਹਰਵਿੰਦਰ ਸ਼ਰਮਾ ਰਾਣਾ ਵਾਸੀ ਵਿਕਾਸ ਕਾਲੋਨੀ, ਬ੍ਰਹਮ ਪ੍ਰਕਾਸ਼ ਵਾਸੀ ਅਰਬਨ ਅਸਟੇਟ, ਗੁਰਨਾਮ ਸਿੰਘ ਵਾਸੀ ਕ੍ਰਿਸ਼ਨਾ ਕਾਲੋਨੀ ਅਤੇ ਅਜੇ ਕੁਮਾਰ ਸ਼ਰਮਾ ਵਾਸੀ ਬਚਿੱਤਰ ਨਗਰ ਪਟਿਆਲਾ ਸ਼ਾਮਲ ਹਨ।

ਪੁਲਿਸ ਨੇ ਲੰਬੀ ਜਾਂਚ ਤੋਂ ਬਾਅਦ ਉਕਤ ਵਿਅਕਤੀਆਂ ਦੇ ਖਿਲਾਫ 384, 500, 501, 419, 420,465, 468, 471 ਅਤੇ 120 ਬੀ ਆਈ.ਪੀ.ਸੀ ਦੇ ਤਹਿਤ ਕੇਸ ਦਰਜ ਕੀਤਾ ਹੈ। ਇਸ ਮਾਮਲੇ ਦੀ ਜਾਂਚ ਅਜੇ ਜਾਰੀ ਹੈ ਅਤੇ ਜਿਸ ਵਿਚ ਕੁਝ ਹੋਰ ਨਾਮ ਵੀ ਸਾਹਮਣੇ ਆ ਸਕਦੇ ਹਨ। ਚਾਰਾਂ ਵਿਚੋਂ ਬ੍ਰਹਮ ਪ੍ਰਕਾਸ਼ ਨੂੰ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀਆਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ: ਜਲੰਧਰ 'ਚ ਕਿੰਨਰਾਂ ਨੇ ਪੁਲਿਸ ਥਾਣੇ ਬਾਹਰ ਕੀਤਾ ਹੰਗਾਮਾ ,ਇੱਕ ਕਿੰਨਰ ਗ੍ਰਿਫ਼ਤਾਰ

ਦੂਜੇ ਪਾਸੇ ਕੇਸ ਦਰਜ਼ ਹੋਣ ਤੋਂ ਬਾਅਦ ਵੀਰ ਹਕੀਕਤ ਰਾਏ ਸਭਾ ਦੇ ਸਮੁੱਚੇ ਆਹੁਦੇਦਾਰ ਅਤੇ ਸਕੂਲ ਸਟਾਫ ਪਟਿਆਲਾ ਮੀਡੀਆ ਕਲੱਬ ਵਿਖੇ ਮੀਡੀਆ ਦੇ ਸਾਹਮਣੇ ਆਇਆ ਅਤੇ ਉਹਨਾਂ ਕਿਹਾ ਕਿ ਪੁਲਸ ਦੀ ਜਾਂਚ ਤੋਂ ਸਾਫ ਹੋ ਗਿਆ ਹੈ ਕਿ ਸਕੂਲ ਅਤੇ ਮੈਨੇਜਮੈਂਟ ਨੂੰ ਬਦਨਾਮ ਕਰਨ ਦੀ ਇੱਕ ਵੱਡੀ ਸਾਜਿਸ਼ ਰਚੀ ਗਈ ਸੀ, ਜਿਸ ਦਾ ਸੱਚ ਸਾਹਮਣੇ ਆ ਗਿਆ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਪਨ ਸ਼ਰਮਾ ਨੇ ਕਿਹਾ ਕਿ ਉਹ ਅਤੇ ਉਸ ਦਾ ਪਰਿਵਾਰ ਪਿਛਲੇ ਚਾਰ ਮਹੀਨਿਆਂ ਦੇ ਦੌਰਾਨ ਵੱਡੀ ਤਣਾਅ ਵਿਚ ਰਹੇ ਹਨ ਅਤੇ ਉਹਨਾਂ ਨੂੰ ਇੱਕ ਸੰਸਥਾਂ ਨੂੰ ਬਚਾਉਣ ਅਤੇ ਬੱਚਿਆਂ ਦਾ ਭਲਾ ਕਰਨ ਦੀ ਵੱਡੀ ਸ਼ਜਾ ਦਿੱਤੀ ਗਈ ਪਰ ਮੈਂ ਪਰਮਾਤਮਾ ਦਾ ਸ਼ੁਕਰਗੁਜਾਰ ਹਾਂ ਕਿ ਪਟਿਆਲਾ ਪੁਲਸ ਨੇ ਡੁੰਘਾਈ ਨਾਲ ਜਾਂਚ ਤੋਂ ਬਾਅਦ ਉਸ ਦੇ ਅਤੇ ਸਕੂਲ ਸਟਾਫ ਦੇ ਮੱਥੇ ਤੋਂ ਵੱਡਾ ਕਲੰਕ ਧੋ ਦਿੱਤਾ ਹੈ।

ਉਹਨਾਂ ਦੱਸਿਆ ਕਿ ਉਹਨਾਂ ਦੇ ਸਭਾ ਦਾ ਪ੍ਰਧਾਨ ਬਣਨ ਤੋਂ ਪਹਿਲਾਂ ਸਭਾ ਨੇ 22 ਲੱਖ ਰੁਪਏ ਦੇ ਗਬਨ ਦਾ ਕੇਸ ਸਾਬਕਾ ਪ੍ਰਧਾਨ ਹਰਵਿੰਦਰ ਸ਼ਰਮਾ ਰਾਣਾ ਦੇ ਖਿਲਾਫ ਦਰਜ ਕਰਵਾਇਆ ਸੀ। ਜਦੋਂ ਸਭਾ ਦੇ ਪ੍ਰਧਾਨ ਬਣੇ ਤਾਂ ਰਾਣਾ ਵੱਲੋਂ ਉਸ 'ਤੇ ਕੇਸ ਵਾਪਸ ਲੈਣ ਲਈ ਦਬਾਅ ਬਣਾਇਆ ਗਿਆ ਪਰ ਜਦੋਂ ਉਹ ਇਸ ਗੱਲ ਲਈ ਰਾਜੀ ਨਾ ਹੋਏ ਤਾਂ ਉਹਨਾਂ ਦੇ ਖਿਲਾਫ ਇੱਕ ਵੱਡੀ ਸਾਜਿਸ਼ ਰਚ ਕੇ ਉਹਨਾਂ ਨੂੰ ਮਾਨਸਿਕ, ਸਮਾਜਿਕ ਅਤੇ ਪਰਿਵਾਰਕ ਤੌਰ 'ਤੇ ਡੈਮੇਜ਼ ਕਰਨ ਦੀ ਕੋਸ਼ਿਸ ਕੀਤੀ ਗਈ।

ਜਦੋਂ ਉਹਨਾਂ ਅਜਿਹੀ ਸਾਜਿਸ਼ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਤੁਰੰਤ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਦੇ ਧਿਆਨ ਵਿਚ ਮਾਮਲਾ ਲਿਆਂਦਾ ਅਤੇ ਪੁਲਸ ਨੇ ਡੰਘਾਈ ਨਾਲ ਜਾਂਚ ਕਰਕੇ ਆਖਰ ਮਾਮਲੇ ਦਾ ਸੱਚ ਸਾਹਮਣੇ ਲਿਆਂਦਾ ਹੈ। ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਮੁੱਖ ਡਾਕਘਰ ਤੋਂ ਰਜਿਸਟਰੀਆਂ ਕਰਵਾਈਆਂ ਗਈਆਂ, ਉਸ ਦੇ ਸਬੂਤ ਅਤੇ ਸੀ.ਸੀ.ਟੀ.ਵੀ ਕੈਮਰਿਆਂ ਦੀਆਂ ਵੀਡਿਉ ਫੁਟੇਜ਼ ਸਾਹਮਣੇ ਆ ਚੁੱਕੀਆਂ ਹਨ।

ਉਹਨਾਂ ਸੰਕਟ ਦੇ ਸਮੇਂ ਸਭਾ ਵੱਲੋਂ ਉਹਨਾਂ ਦੇ ਪੱਖ ਵਿਚ ਲਏ ਸਟੈਂਡ ਲਈ ਸਮੁੱਚੇ ਮੈਂਬਰਾਂ ਅਤੇ ਆਹੁਦੇਦਾਰਾਂ ਅਤੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਦਾ ਮਾਮਲੇ ਦੀ ਜਾਂਚ ਕਰਕੇ ਸੱਚ ਸਾਹਮਣੇ ਲਿਆਉਣ ਲਈ ਧੰਨਵਾਦ ਕੀਤਾ। ਇਸ ਮੌਕੇ ਵੇਦ ਸਿੰਗਲਾ, ਡਾ. ਸੁਰਿੰਦਰ ਮੌਦਗਿਲ, ਰਾਜੀਵ ਬਾਂਸਲ, ਅਸ਼ੂਤੋਸ਼ ਗੌਤਮ, ਦੀਪਕ ਸੇਠ, ਪ੍ਰੇਮ ਚੰਦ, ਵਿਜੇ ਚੋਪੜਾ, ਸਕੂਲ ਪ੍ਰਿੰਸੀਪਲ ਸਰਲਾ ਭਟਨਾਗਰ ਅਤੇ ਸਮੂੁੰਹ ਸਟਾਫ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

-PTC News

Related Post