ਪਟਿਆਲਾ : ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰਾਂ ਨੇ ਲਿਖਤੀ ਮੀਟਿੰਗ ਮਗਰੋਂ ਚੁੱਕਿਆ ਧਰਨਾ

By  Shanker Badra June 10th 2020 05:28 PM

ਪਟਿਆਲਾ : ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰਾਂ ਨੇ ਲਿਖਤੀ ਮੀਟਿੰਗ ਮਗਰੋਂ ਚੁੱਕਿਆ ਧਰਨਾ:ਪਟਿਆਲਾ : ਸਿਹਤ ਵਿਭਾਗ ਵਿੱਚ ਉਮਰ ਹੱਦ ਦੀ ਛੋਟ ਸਮੇਤ ਭਰਤੀ ਦੀ ਮੰਗ ਲਈ ਸੰਘਰਸ਼ ਕਰਦੇ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰਾਂ ਨੇ ਅੱਜ ਸਥਾਨਕ ਬਾਰਾਂ ਦਰੀ ਗਾਰਡਨ ਵਿਖੇ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਨ ਮਗਰੋ ਸਿਹਤ ਮੰਤਰੀ ਨਾਲ ਲਿਖਤੀ ਮੀਟਿੰਗ ਮਿਲਣ ਉਪਰੰਤ ਮੁਲਤਵੀ ਕਰ ਦਿੱਤਾ ਹੈ। ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਇਕੱਠੇ ਹੋਏ ਬੇਰੁਜ਼ਗਾਰ ਮੁੱਖ ਮੰਤਰੀ ਦੀ ਕੋਠੀ ਤੱਕ ਰੋਸ ਮਾਰਚ ਕਰਨ ਲਈ ਬੇਜਿੱਦ ਸਨ ਪਰ ਪੁਲਿਸ ਪ੍ਰਸ਼ਾਸਨ ਬੇਰੁਜ਼ਗਾਰਾਂ ਨੂੰ ਪੂਰੀ ਤਰ੍ਹਾਂ ਡਕਣ ਲਈ ਅੜਿਆ ਹੋਇਆ ਸੀ।

ਬੇਰੁਜ਼ਗਾਰਾਂ ਨੂੰ ਸੰਬੋਧਨ ਕਰਦਿਆਂ ਢਿੱਲਵਾਂ ਨੇ ਆਖਿਆ ਕਿ ਸਿਹਤ ਵਿਭਾਗ ਵਿੱਚ ਵਿਸ਼ਵ ਸਿਹਤ ਸੰਸਥਾ ਦੇ ਆਦੇਸ਼ਾਂ ਅਨੁਸਾਰ ਸਿਹਤ ਵਰਕਰ ਦੀਆਂ ਤਿੰਨ ਹਜ਼ਾਰ ਦੀ ਆਬਾਦੀ ਪਿੱਛੇ ਇੱਕ ਅਸਾਮੀ ਦੇ ਹਿਸਾਬ ਨਾਲ 10 ਹਜ਼ਾਰ ਅਸਾਮੀਆਂ ਪ੍ਰਵਾਨਤ ਹੋਣੀਆਂ ਚਾਹੀਦੀਆਂ ਹਨ। ਜਦਕਿ ਅਜੋਕੇ ਸਮੇਂ ਸਿਰਫ 2950 ਅਸਾਮੀਆਂ ਹੀ ਪ੍ਰਵਾਨਤ ਹਨ। ਜਿਨ੍ਹਾਂ ਵਿਚੋਂ 1800 ਦੇ ਕਰੀਬ ਭਰੀਆਂ ਹੋਈਆਂ ਹਨ ਅਤੇ ਬਾਕੀ ਖਾਲੀ ਹਨ। ਦੂਜੇ ਪਾਸੇ ਸਿਹਤ ਵਰਕਰ ਦਾ ਕੋਰਸ ਪਾਸ 4000 ਵਰਕਰ ਬੇਰੁਜ਼ਗਾਰ ਹਨ।ਕਰੋਨਾ ਦੌਰਾਨ ਸਭ ਤੋਂ ਸ਼ਲਾਘਾਯੋਗ ਕਾਰਜ ਵਰਕਰ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ 10 ਮਾਰਚ ਨੂੰ ਸਿਹਤ ਮੰਤਰੀ ਨਾਲ ਹੋਈ ਮੀਟਿੰਗ ਮੌਕੇ ਅਗਲੀ ਮੀਟਿੰਗ 24 ਮਾਰਚ ਦੀ ਰੱਖੀ ਗਈ ਸੀ। ਜਿਹੜੀ ਕਿ ਕੋਰੋਨਾ ਕਾਰਨ ਰੱਦ ਕਰ ਦਿੱਤੀ ਗਈ। ਵਾਰ -ਵਾਰ ਸੰਪਰਕ ਕਰਨ ਤੇ ਵੀ ਸਿਹਤ ਮੰਤਰੀ ਨੇ ਬੇਰੁਜ਼ਗਾਰਾਂ ਨਾਲ ਮੀਟਿੰਗ ਨਹੀਂ ਕੀਤੀ।

ਬੇਰੁਜ਼ਗਾਰ ਮੁੱਖ ਮੰਤਰੀ ਦੀ ਕੋਠੀ ਤੱਕ ਰੋਸ ਮਾਰਚ ਉੱਤੇ ਬਜਿੱਦ ਸਨ ਅਤੇ ਪੁਲਿਸ ਪ੍ਰਸ਼ਾਸਨ ਕਿਸੇ ਵੀ ਤਰੀਕੇ ਬੇਰੁਜ਼ਗਾਰਾਂ ਨੂੰ ਗਾਰਡਨ ਵਿੱਚੋ ਬਾਹਰ ਨਹੀਂ ਨਿਕਲਣ ਦੇ ਰਿਹਾ ਸੀ। ਆਖਿਰ ਪੁਲਿਸ ਪ੍ਰਸ਼ਾਸਨ ਤਰਫੋਂ ਡੀਐੱਸਪੀ ਯੋਗੇਸ਼ ਕੁਮਾਰ ਦੀ ਭੱਜਨੱਠ ਨਾਲ ਬੇਰੁਜ਼ਗਾਰਾਂ ਨੂੰ ਸਿਹਤ ਮੰਤਰੀ ਨਾਲ ਆਉਂਦੇ ਕੱਲ 11 ਜੂਨ ਨੂੰ ਸਵੇਰੇ 10 ਵਜੇ ਦੀ ਲਿਖਤੀ ਮੀਟਿੰਗ ਦੀ ਪਤ੍ਰਿਕਾ ਦਿੱਤੀ ਗਈ। ਇਸ ਮਗਰੋਂ ਬੇਰੁਜ਼ਗਾਰਾਂ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ ਅਤੇ ਨਾਲ ਹੀ ਧਮਕੀ ਦਿੱਤੀ ਕਿ ਜੇਕਰ ਮੀਟਿੰਗ ਵਿੱਚ ਕੋਈ ਯੋਗ ਹੱਲ ਨਾ ਕੱਢਿਆ ਤਾਂ  3 ਜੁਲਾਈ ਨੂੰ ਮੁੜ ਪਟਿਆਲੇ ਧਰਨਾ ਲਗਾਇਆ ਜਾਵੇਗਾ।

ਇਸ ਮੌਕੇ ਪਲਵਿੰਦਰ ਸਿੰਘ ਹੁਸ਼ਿਆਰਪੁਰ , ਤਰਲੋਚਨ ਸਿੰਘ ਨਾਗਰਾ, ਸੁਖਦੇਵ ਸਿੰਘ ਜਲਾਲਾਬਾਦ, ਅਮਰੀਕ ਸਿੰਘ ਬਠਿੰਡਾ,ਸਵਰਨ ਸਿੰਘ ਫਿਰੋਜ਼ਪੁਰ, ਸੁਰਿੰਦਰ ਪਾਲ ਸਿੰਘ ਸੋਨੀ ਪਾਇਲ, ਕੁਲਵਿੰਦਰ ਸਿੰਘ ਮੋਹਾਲੀ, ਲਖਵੀਰ ਸਿੰਘ ਬਰਨਾਲਾ, ਗੁਰਪਿਆਰ ਸਿੰਘ ਮਾਨਸਾ, ਹਰਵਿੰਦਰ ਸਿੰਘ ਥੂਹੀ ਪਟਿਆਲਾ, ਗੁਰਪ੍ਰੀਤ ਸਿੰਘ ਫਤਹਿਗੜ੍ਹ ਸਾਹਿਬ ਤੋ ਇਲਾਵਾ ਪੱਪੂ ਬਾਲਿਆਂਵਾਲੀ, ਜਸਪਾਲ ਸਿੰਘ ਘੁੰਮਣ, ਮੱਖਣ ਸਿੰਘ ਰੱਲਾ,ਜਸਵੀਰ ਸਿੰਘ ਅਤੇ ਬਲਵਿੰਦਰ ਸਿੰਘ ਤਪਾ, ਕੁਲਵਿੰਦਰ ਸਿੰਘ ਅਤੇ ਹਰਦੀਪ ਸਿੰਘ ਢੱਡੇ, ਗੁਰਸਿਮਰ ਸਿੰਘ ਗੋਰੀ ਭੁੱਚੋ, ਇਕਬਾਲ ਸਿੰਘ ,ਲਖਬੀਰ ਸਿੰਘ ਅਤੇ ਜਸਪਾਲ ਸਿੰਘ ਧੀਗੜ੍ਹ ਆਦਿ ਹਾਜ਼ਰ ਸਨ।

-PTCNews

Related Post