ਵਿਦੇਸ਼ਾਂ ਤੋਂ ਹਵਾਈ ਅੱਡੇ 'ਤੇ ਪਹੁੰਚਦੇ ਹੀ ਮੁਸਾਫਰਾਂ ਦੀ ਹੋਈ ਜਾਂਚ, ਵੱਖ-ਵੱਖ ਹੋਟਲਾਂ 'ਚ ਕੀਤੇ ਕੁਆਰੰਟੀਨ

By  Shanker Badra May 23rd 2020 04:48 PM

ਵਿਦੇਸ਼ਾਂ ਤੋਂ ਹਵਾਈ ਅੱਡੇ 'ਤੇ ਪਹੁੰਚਦੇ ਹੀ ਮੁਸਾਫਰਾਂ ਦੀ ਹੋਈ ਜਾਂਚ, ਵੱਖ-ਵੱਖ ਹੋਟਲਾਂ 'ਚ ਕੀਤੇ ਕੁਆਰੰਟੀਨ:ਚੰਡੀਗੜ੍ਹ : ਭਾਰਤੀ ਨਾਗਰਿਕਾਂ ਨੂੰ ਵਿਦੇਸ਼ਾਂ ਤੋਂ ਵਾਪਸ ਲਿਆਉਣ ਲਈ ਸ਼ੁਰੂ ਕੀਤੀਆਂ ਗਈਆਂ ਕੌਮਾਂਤਰੀ ਹਵਾਈ ਉਡਾਣਾਂ ਪੰਜਾਬ ਆਉਣੀਆਂ ਸ਼ੁਰੂ ਹੋ ਗਈਆਂ ਹਨ। ਜਿਸ ਤਹਿਤ ਬੀਤੀ ਦੇਰ ਰਾਤ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ 'ਤੇ ਆਸਟ੍ਰੇਲੀਆ ਤੋਂ ਪੁੱਜੀ ਫਲਾਈਟ 'ਚ ਜਲੰਧਰ ਜ਼ਿਲ੍ਹੇ ਨਾਲ ਸਬੰਧਤ 15 ਯਾਤਰੀ ਪੁੱਜੇ ਹਨ। ਇਸ ਦੌਰਾਨ ਹਵਾਈ ਅੱਡੇ 'ਤੇ ਪਹੁੰਚਦਿਆਂ ਹੀ ਇਨ੍ਹਾਂ ਯਾਤਰੀਆਂ ਦੀ ਜਾਂਚ ਕੀਤੀ ਗਈ ਹੈ।

ਇਨ੍ਹਾਂ ਯਾਤਰੀਆਂ ਨੂੰ ਹਵਾਈ ਅੱਡੇ ਤੋਂ ਬਾਹਰ ਮੈਡੀਕਲ ਟੀਮਾਂ ਵੱਲੋਂ ਜਾਂਚ ਉਪਰੰਤ ਆਪੋ-ਆਪਣੇ ਜ਼ਿਲ੍ਹਿਆਂ ਨੂੰ ਬੱਸਾਂ ਰਾਹੀਂ ਰਵਾਨਾ ਕਰ ਦਿੱਤਾ ਗਿਆ ਸੀ। ਇਨ੍ਹਾਂ ਸਾਰੇ ਯਤਾਰੀਆਂ ਨੂੰ ਪਨਬਸ ਰਾਹੀਂ ਇਥੇ ਕਪੂਰਥਲਾ ਰੋਡ 'ਤੇ ਮੈਰੀਟੋਰੀਅਸ ਸਕੂਲ 'ਚ ਬਣਾਏ ਗਏ ਕੁਆਰੰਟੀਨ ਸੈਂਟਰ ਵਿਖੇ ਅੱਧੀ ਰਾਤ ਤੋਂ ਬਾਅਦ ਪਹੁੰਚਾਇਆ ਗਿਆ। ਇਥੋਂ ਵਿਦੇਸ਼ੀ ਯਾਤਰੀਆਂ ਨੂੰ ਉਨ੍ਹਾਂ ਵੱਲੋਂ ਬੁੱਕ ਕਰਵਾਏ ਗਏ ਹੋਟਲਾਂ ਦੇ ਕਮਰਿਆਂ 'ਚ 14 ਦਿਨ ਲਈ ਕੁਆਰੰਟੀਨ ਕਰਨ ਲਈ ਭੇਜ ਦਿੱਤਾ ਗਿਆ।

ਇਸੇ ਤਰ੍ਹਾਂ ਸ਼ੁੱਕਰਵਾਰ ਨੂੰ ਮੋਹਾਲੀ ਹਵਾਈ ਅੱਡੇ 'ਤੇ ਵੀ 100 ਭਾਰਤੀਆਂ ਦੀ ਪਹਿਲੀ ਉਡਾਣ ਪੁੱਜੀ ਹੈ। ਇਸ ਦੌਰਾਨ ਮੁਸਾਫਰਾਂ ਦੇ ਹਵਾਈ ਅੱਡੇ 'ਤੇ ਪੈਰ ਰੱਖਦਿਆਂ ਹੀ ਸਭ ਤੋਂ ਪਹਿਲਾਂ ਉਨ੍ਹਾਂ ਦੀ ਜਾਂਚ ਕੀਤੀ ਗਈ। ਇਹ ਉਡਾਣ ਨਿਊਯਾਰਕ ਤੋਂ ਦਿੱਲੀ ਆਉਣ ਤੋਂ ਬਾਅਦ ਮੋਹਾਲੀ ਹਵਾਈ ਅੱਡੇ 'ਤੇ ਸ਼ੁੱਕਰਵਾਰ ਦੁਪਹਿਰ 1.30 ਵਜੇ ਪਹੁੰਚੀ। ਜਿਸ ਤੋਂ ਬਾਅਦ ਉਡਾਣ 'ਚ ਸਵਾਰ ਸਾਰੇ ਮੁਸਾਫਰਾਂ ਦੀ ਹਵਾਈ ਅੱਡੇ 'ਤੇ ਜਾਂਚ ਕੀਤੀ ਗਈ।

ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਸਾਰੇ 100 ਮੁਸਾਫਰਾਂ 'ਚੋਂ ਕਿਸੇ 'ਚ ਵੀ ਕੋਰੋਨਾ ਵਾਇਰਸ ਦਾ ਕੋਈ ਲੱਛਣ ਦਿਖਾਈ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਨਿਊਯਾਰਕ ਤੋਂ ਵਾਪਸ ਪਰਤੇ ਇਨ੍ਹਾਂ ਮੁਸਾਫਰਾਂ ਨੂੰ ਆਪੋ-ਆਪਣੇ ਜ਼ਿਲਿ੍ਆਂ 'ਚ ਭੇਜ ਦਿੱਤਾ ਗਿਆ ਹੈ, ਜਿੱਥੇ ਉਨ੍ਹਾਂ ਦਾ ਕੋਰੋਨਾ ਟੈਸਟ ਹੋਵੇਗਾ ਅਤੇ ਉਨ੍ਹਾਂ ਨੂੰ 14 ਦਿਨਾਂ ਲਈ ਇਕਾਂਤਵਾਸ ਕੀਤਾ ਜਾਵੇਗਾ।

ਦੱਸ ਦੇਈਏ ਕਿ ਵਿਦੇਸ਼ ਤੋਂ ਆਏ ਇਨ੍ਹਾਂ ਐਨ.ਆਰ.ਆਈਜ਼ ਨੂੰ ਇਕਾਂਤਵਾਸ ਕਰਨ ਲਈ ਸਬੰਧਿਤ ਜ਼ਿਲ੍ਹਿਆਂ ਦੇ ਹੋਟਲਾਂ 'ਚ ਉਚਿਤ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਸਾਰੇ ਯਾਤਰੀ ਅਗਲੇ 14 ਦਿਨਾਂ ਤਕ ਆਪਣੇ ਹੋਟਲਾਂ ਦੇ ਕਮਰਿਆਂ 'ਚ ਕੁਆਰੰਟੀਨ ਰਹਿਣਗੇ ਤੇ ਰਹਿਣ-ਸਹਿਣ, ਖਾਣ-ਪੀਣ ਤੇ ਡਾਕਟਰੀ ਖਰਚਾ ਉਨ੍ਹਾਂ ਨੂੰ ਆਪਣੇ ਪੱਲਿਓਂ ਕਰਨਾ ਪਵੇਗਾ। ਕਿਸੇ ਨੂੰ ਵੀ ਗੰਭੀਰ ਸਿਹਤ ਸਮੱਸਿਆ ਪੈਦਾ ਹੋਣ 'ਤੇ ਸਿਵਲ ਹਸਪਤਾਲ ਤਬਦੀਲ ਕਰ ਦਿੱਤਾ ਜਾਵੇਗਾ।

-PTCNews

Related Post