ਫਿਲੌਰ ਪੁਲਿਸ ਵੱਲੋਂ 11 ਕਿੱਲੋ ਹੈਰੋਇਨ ਸਮੇਤ 2 ਸਮੱਗਲਰ ਕਾਬੂ, ਅੰਮ੍ਰਿਤਸਰ ਕਰਨੀ ਸੀ ਸਪਲਾਈ

By  Shanker Badra February 28th 2020 08:29 PM

ਫਿਲੌਰ ਪੁਲਿਸ ਵੱਲੋਂ 11 ਕਿੱਲੋ ਹੈਰੋਇਨ ਸਮੇਤ 2 ਸਮੱਗਲਰ ਕਾਬੂ, ਅੰਮ੍ਰਿਤਸਰ ਕਰਨੀ ਸੀ ਸਪਲਾਈ:ਜਲੰਧਰ : ਜਲੰਧਰ ਦਿਹਾਤੀ ਦੇ ਥਾਣਾ ਫਿਲੌਰ ਦੀ ਪੁਲਿਸ ਨੇ ਨਾਕੇ ਦੌਰਾਨ 2 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਪੁਲਿਸ ਨੇ 11 ਕਿੱਲੋ ਹੈਰੋਇਨ ਬਰਾਮਦ ਕਰ ਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਦੌਰਾਨ ਐੱਸਐੱਸਪੀ ਦਿਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਥਾਣਾ ਫਿਲੌਰ ਦੇ ਮੁਖੀ ਇੰਸਪੈਕਟਰ ਸੁੱਖਾ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਜੀਟੀ ਰੋਡ ਫਿਲੌਰ 'ਤੇ ਨਾਕਾਬੰਦੀ ਕੀਤੀ ਹੋਈ ਸੀ।

ਇਸ ਦੌਰਾਨ ਲੁਧਿਆਣਾ ਸਾਈਡ ਤੋਂ ਆ ਰਹੀ ਇਕ ਬੱਸ ਨੂੰ ਰੋਕਿਆ ਗਿਆ ਤਾਂ ਉਸ ਵਿੱਚੋਂ ਉਤਰੇ 2 ਨੌਜਵਾਨਾਂ ਨੇ ਮੋਢੇ ਉੱਪਰ ਬੈਗ ਟੰਗਿਆ ਹੋਇਆ ਸੀ। ਜਦੋਂ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਰੋਕ ਕੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 11 ਕਿੱਲੋ ਹੈਰੋਇਨ ਬਰਾਮਦ ਹੋਈ ਹੈ। ਜਿਸ ਦੀ ਅੰਤਰਰਾਸਟਰੀ ਬਜ਼ਾਰ 'ਚ ਕੀਮਤ 55 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਉਕਤ ਨੌਜਵਾਨਾਂ ਦੀ ਪਛਾਣ ਕੁਲਵਿੰਦਰ ਸਿੰਘ ਉਰਫ਼ ਕਿੰਦੀ ਪੁੱਤਰ ਸਰਵਨ ਸਿੰਘ ਵਾਸੀ ਰਾਈਆਂਵਾਲਾ ਥਾਣਾ ਮੱਖੂ ਜ਼ਿਲ੍ਹਾ ਫ਼ਿਰੋਜ਼ਪੁਰ ਤੇ ਰਮਨ ਕੁਮਾਰ ਉਰਫ਼ ਰਮਨ ਪੁੱਤਰ ਰਾਜ ਕੁਮਾਰ ਵਾਸੀ ਬਸਤੀ ਸ਼ੇਖਾਂ ਵਾਲੀ ਥਾਣਾ ਸਿਟੀ ਫਿਰੋਜ਼ਪੁਰ ਵਜੋਂ ਹੋਈ ਹੈ। ਇਸ ਉੱਪਰ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਸਮੱਗਲਰਾਂ ਦਾ ਅਦਾਲਤ ਵਿੱਚੋਂ ਪੁਲੀਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।

ਐੱਸਐੱਸਪੀ ਮਾਹਲ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਵਿਚ ਦੋਵਾਂ ਨੇ ਮੰਨਿਆ ਹੈ ਕਿ ਇਹ ਹੈਰੋਇਨ ਉਹ ਲੁਧਿਆਣਾ ਸਮਰਾਲਾ ਚੌਕ ਤੋਂ ਕਿਸੇ ਨਾ ਮਾਲੂਮ ਵਿਅਕਤੀ ਪਾਸੋਂ ਲੈ ਕੇ ਆਏ ਹਨ ਅਤੇ ਅੱਗੇ ਅੰਮ੍ਰਿਤਸਰ ਵਿੱਚ ਇਸ ਦੀ ਸਪਲਾਈ ਕਰਨੀ ਹੈ। ਉਨ੍ਹਾਂ ਮੰਨਿਆ ਕਿ ਉਹ ਹੁਣ ਤੱਕ ਚਾਰ ਵਾਰ ਹੈਰੋਇਨ ਲੁਧਿਆਣਾ ਬੱਸ ਅੱਡੇ'ਤੋਂ ਫ਼ੜ ਕੇ ਕਰਕੇ ਅੰਮ੍ਰਿਤਸਰ ਇਲਾਕੇ ਵਿੱਚ ਵੱਖ -ਵੱਖ ਸਮੱਗਲਰਾ ਨੂੰ ਦੇ ਚੁੱਕੇ ਹਨ।

-PTCNews

Related Post